ਅਰਨੀਆ ਸੈਕਟਰ ਦੇ ਤਰੇਵਾ ਪਿੰਡ ’ਚ ਵੰਡੀ ਗਈ ਪੀੜਤਾਂ ਨੂੰ ਰਾਹਤ ਸਮੱਗਰੀ

Monday, Oct 09, 2023 - 12:40 PM (IST)

ਅਰਨੀਆ ਸੈਕਟਰ ਦੇ ਤਰੇਵਾ ਪਿੰਡ ’ਚ ਵੰਡੀ ਗਈ ਪੀੜਤਾਂ ਨੂੰ ਰਾਹਤ ਸਮੱਗਰੀ

ਜਲੰਧਰ/ਜੰਮੂ-ਕਸ਼ਮੀਰ (ਵਰਿੰਦਰ ਸ਼ਰਮਾ)- ਦਾਲ ਬਾਜ਼ਾਰ ਮਰਚੈਂਟਸ ਐਸੋਸੀਏਸ਼ਨ ਦੇ ਪ੍ਰਧਾਨ ਸੁਰੇਸ਼ ਧੀਰ ਰਾਜਾ ਲੰਮੇ ਸਮੇਂ ਤੋਂ ਸ਼ਹੀਦ ਪਰਿਵਾਰ ਫੰਡ ਦੀ ਸੇਵਾ ਕਰਦੇ ਆ ਰਹੇ ਹਨ। ਸਰਹੱਦੀ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਉਹ ਆਪਣੇ ਦੋਸਤਾਂ ਦੇ ਸਹਿਯੋਗ ਨਾਲ ਪਹਿਲਾਂ ਵੀ ਰਾਹਤ ਸਮੱਗਰੀ ਦੇ ਟਰੱਕ ਭਿਜਵਾ ਚੁੱਕੇ ਹਨ। ਬੀਤੇ ਦਿਨੀਂ ਉਨ੍ਹਾਂ ਨੇ ਇਕ ਹੋਰ ਟਰੱਕ ਉਦਯੋਗਪਤੀ ਕੁਲਦੀਪ ਓਸਵਾਲ ਦੇ ਸਹਿਯੋਗ ਨਾਲ ਦਾਲ ਮਰਚੈਂਟਸ ਐਸੋਸੀਏਸ਼ਨ, ਦਾਲ ਬਾਜ਼ਾਰ ਲੁਧਿਆਣਾ ਵੱਲੋਂ ਭਿਜਵਾਇਆ ਸੀ, ਜਿਸ ’ਚ 200 ਰਜਾਈਆਂ ਸਨ। ਇਹ ਰਜਾਈਆਂ ਬੀਤੇ ਦਿਨ ਭਾਰਤ-ਪਾਕਿ ਸਰਹੱਦ ’ਤੇ ਸਥਿਤ ਅਰਨੀਆ ਸੈਕਟਰ ਦੇ ਪਿੰਡ ਤਰੇਵਾ ’ਚ ਲੋੜਵੰਦ ਲੋਕਾਂ ਨੂੰ ਭੇਟ ਕੀਤੀਆਂ ਗਈਆਂ।

709ਵੇਂ ਟਰੱਕ ਦੀ ਵੰਡ ਮੌਕੇ ਪਿੰਡ ਦੀ ਸਰਪੰਚ ਬਲਬੀਰ ਕੌਰ ਨੇ ਕਿਹਾ ਕਿ ਪਾਕਿਸਤਾਨ ਨੇ ਸਰਹੱਦ ’ਤੇ ਰਹਿੰਦੇ ਲੋਕਾਂ ਦਾ ਜਿਊਣਾ ਦੁੱਭਰ ਕੀਤਾ ਹੋਇਆ ਹੈ। ਅਜਿਹੇ ’ਚ ਉਨ੍ਹਾਂ ਦੀ ਸਹਾਇਤਾ ਕਰ ਕੇ ‘ਪੰਜਾਬ ਕੇਸਰੀ ਗਰੁੱਪ’ ਸ਼ਲਾਘਾਯੋਗ ਕੰਮ ਕਰ ਰਿਹਾ ਹੈ। ਜਲੰਧਰ ਦੇ ਸਮਾਜ ਸੇਵੀ ਇਕਬਾਲ ਸਿੰਘ ਅਰਨੇਜਾ ਅਤੇ ਭਾਜਪਾ ਨੇਤਾ ਡਿੰਪਲ ਸੂਰੀ ਨੇ ਦੱਸਿਆ ਕਿ ਸ਼੍ਰੀ ਵਿਜੇ ਚੋਪੜਾ ਦੀ ਪ੍ਰੇਰਨਾ ਸਦਕਾ ਰਾਹਤ ਪਹੁੰਚਾਉਣ ਦਾ ਇਹ ਸਿਲਸਿਲਾ ਪਹਿਲਾਂ ਨਾਲੋਂ ਵੀ ਤੇਜ਼ੀ ਨਾਲ ਚੱਲ ਰਿਹਾ ਹੈ। ਅਸੀਂ ਧੰਨਵਾਦੀ ਹਾਂ ਉਨ੍ਹਾਂ ਦਾਨੀ ਸੱਜਣਾਂ ਦੇ, ਜੋ ਲਗਾਤਾਰ ਸਾਮਾਨ ਭਿਜਵਾ ਰਹੇ ਹਨ।

ਭਾਜਪਾ ਨੇਤਾ ਰਾਕੇਸ਼ ਪੰਤ, ਸਰਬਦੀਪ ਕੌਰ ਅਰਨੇਜਾ ਅਤੇ ਸਰਵਜੀਤ ਸਿੰਘ ਜੌਹਲ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ। ਲੋੜਵੰਦ ਲੋਕਾਂ ਨੂੰ ਰਾਹਤ ਸਮੱਗਰੀ ਭੇਟ ਕਰਦੇ ਹੋਏ ਸਰਵਜੀਤ ਸਿੰਘ ਜੌਹਲ, ਇਕਬਾਲ ਸਿੰਘ ਅਰਨੇਜਾ, ਸ਼੍ਰੀਮਤੀ ਸਰਬਦੀਪ ਕੌਰ ਅਰਨੇਜਾ, ਬਲਬੀਰ ਕੌਰ, ਸਾਬਕਾ ਸਰਪੰਚ ਆਤਮਾ ਸਿੰਘ, ਪੰਚ ਰੌਸ਼ਨ ਲਾਲ, ਪੰਚ ਸੋਮ ਰਾਜ, ਡਿੰਪਲ ਸੂਰੀ, ਰਾਹਤ ਵੰਡ ਟੀਮ ਦੇ ਇੰਚਾਰਜ ਵਰਿੰਦਰ ਸ਼ਰਮਾ ਅਤੇ ਹੋਰ ਹਾਜ਼ਰ ਸਨ।


author

shivani attri

Content Editor

Related News