ਹੁਣ ਬਰਫ਼ੀਲੇ ਇਲਾਕਿਆਂ ''ਚ ਸਾਲ ਭਰ ਰਹੇਗੀ ਰੌਣਕ! ਕੇਂਦਰ ਵੱਲੋਂ 10 ਹਜ਼ਾਰ ਕਰੋੜ ਤੋਂ ਵੱਧ ਦੇ ਪ੍ਰਾਜੈਕਟ ਮਨਜ਼ੂਰ
Wednesday, Jun 25, 2025 - 12:13 PM (IST)
 
            
            ਨੈਸ਼ਨਲ ਡੈਸਕ: ਜੰਮੂ-ਕਸ਼ਮੀਰ ਵਿਚ ਆਵਾਜਾਈ ਨੂੰ ਸੁਗਮ ਬਣਾਉਣ ਦੀ ਦਿਸ਼ਾ ਵਿੱਚ ਕੇਂਦਰ ਸਰਕਾਰ ਵੱਲੋਂ ਵੱਡਾ ਫੈਸਲਾ ਲਿਆ ਗਿਆ ਹੈ। ਕੇਂਦਰੀ ਰੋਡ ਟਰਾਂਸਪੋਰਟ ਅਤੇ ਹਾਈਵੇਜ਼ ਮੰਤਰਾਲੇ ਨੇ ₹10,637 ਕਰੋੜ ਦੀ ਲਾਗਤ ਵਾਲੇ 19 ਵੱਡੇ ਸੜਕ ਅਤੇ ਟਨਲ ਪ੍ਰੋਜੈਕਟਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਇਸ ਵਿਕਾਸ ਦੀ ਜਾਣਕਾਰੀ ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨੇ ਆਪਣੇ X (ਪਹਿਲਾਂ Twitter) ਪੋਸਟ ਰਾਹੀਂ ਦਿੱਤੀ। ਉਨ੍ਹਾਂ ਨੇ ਲਿਖਿਆ, "ਮੈਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਦਾ 19 ਵੱਡੇ ਪ੍ਰੋਜੈਕਟਾਂ ਲਈ ਧੰਨਵਾਦ ਕਰਦਾ ਹਾਂ। ਇਹ ਪ੍ਰੋਜੈਕਟ ਯੂਟੀ ਦੀ ਆਵਾਜਾਈ ਨੂੰ ਬੇਹਤਰੀਨ ਬਣਾਉਣਗੇ।"
ਕਿਹੜੇ ਪ੍ਰੋਜੈਕਟ ਸ਼ਾਮਲ ਹਨ?
ਇਨ੍ਹਾਂ ਪ੍ਰਾਜੈਕਟਾਂ ਵਿਚ ਪੀਰ ਕੀ ਗਲੀ ਟਨਲ, ਸਧਨਾ ਟਨਲ, NH-701A ਦਾ ਜਜ਼ਨਾਰ-ਸ਼ੋਪੀਆਂ ਸੈਕਸ਼ਨ, ਲਾਲ ਚੌਕ ਤੋਂ ਪਰਿੰਪੋਰਾ ਤੱਕ 4 ਲੇਨ ਫ਼ਲਾਈਓਵਰ ਪੁਲ, ਟਰੇਹਗਾਮ-ਚਮਕੋਟ ਸੈਕਸ਼ਨ (NH-701), ਨਰਬਲ-ਗੁਲਮਰਗ ਸੈਕਸ਼ਨ 'ਤੇ ਮਗਮ ਫ਼ਲਾਈਓਵਰ ਪੁਲ਼ ਅਤੇ ਕਾਜੀਗੁੰਦ ਬਾਈਪਾਸ ਵਰਗੇ ਕੰਮ ਸ਼ਾਮਲ ਹਨ।
ਇਹ ਖ਼ਬਰ ਵੀ ਪੜ੍ਹੋ - ਬਿਕਰਮ ਮਜੀਠੀਆ ਦੇ ਘਰ ਵਿਜੀਲੈਂਸ ਦੀ Raid! ਨਸ਼ਿਆਂ ਖ਼ਿਲਾਫ਼ ਮਾਨ ਸਰਕਾਰ ਦਾ ਸਭ ਤੋਂ ਵੱਡਾ ਐਕਸ਼ਨ
ਰੱਖਿਆ ਅਤੇ ਆਰਥਿਕ ਦ੍ਰਿਸ਼ਟੀਕੋਣ ਤੋਂ ਵੀ ਮਹੱਤਵਪੂਰਨ
ਉਪ ਰਾਜਪਾਲ ਮਨੋਜ ਸਿਨਹਾ ਨੇ ਕਿਹਾ ਕਿ ਇਨ੍ਹਾਂ ਪ੍ਰਾਜੈਕਟਾਂ ਨਾਲ ਸਿਰਫ ਆਮ ਆਵਾਜਾਈ ਹੀ ਨਹੀਂ, ਸਗੋਂ ਫੌਜੀ ਅਵਾਜਾਈ ਅਤੇ ਲੌਜਿਸਟਿਕ ਸਪੋਰਟ ਵਿਚ ਵੀ ਸੁਧਾਰ ਆਵੇਗਾ। ਇਨ੍ਹਾਂ ਨਾਲ ਖ਼ਾਸ ਤੌਰ 'ਤੇ ਉਹ ਇਲਾਕੇ ਜੁੜਨਗੇ ਜੋ ਸਰਦੀਆਂ 'ਚ ਬਰਫ਼ਬਾਰੀ ਕਾਰਨ ਕੱਟ ਜਾਂਦੇ ਹਨ। ਸਾਲ ਭਰ ਦੀ ਕਨੈਕਟੀਵਟੀ ਨਾਲ ਸੈਲਾਨੀ ਸਥਾਨਾਂ ਨੂੰ ਵੀ ਹੁਲਾਰਾ ਮਿਲੇਗਾ ਅਤੇ ਆਰਥਿਕ ਵਿਕਾਸ ਨੂੰ ਰਫ਼ਤਾਰ ਮਿਲੇਗੀ।
ਸੀ.ਐੱਮ. ਓਮਰ ਅਬਦੁੱਲਾ ਵੱਲੋਂ ਵੀ ਧੰਨਵਾਦ
ਮੁੱਖ ਮੰਤਰੀ ਓਮਰ ਅਬਦੁੱਲਾ ਨੇ ਵੀ ਪ੍ਰਧਾਨ ਮੰਤਰੀ ਅਤੇ ਮੰਤਰੀ ਗਡਕਰੀ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਜੰਮੂ-ਕਸ਼ਮੀਰ ਸਰਕਾਰ ਇਨ੍ਹਾਂ ਇਨਫਰਾਸਟਰਕਚਰ ਪ੍ਰਾਜੈਕਟਾਂ ਦੇ ਸਮੇਂ ਸਿਰ ਮੁਕੰਮਲ ਹੋਣ ਲਈ ਕੇਂਦਰੀ ਮੰਤਰਾਲੇ ਨਾਲ ਮਿਲ ਕੇ ਕੰਮ ਕਰੇਗੀ।
ਲੱਦਾਖ ਲਈ ਵੀ ਹੋ ਰਿਹਾ ਹੈ ਕੰਮ
ਇਸ ਦੇ ਨਾਲ-ਨਾਲ ਕੇਂਦਰ ਸਰਕਾਰ ਜੋਜ਼ੀਲਾ ਟਨਲ ਵਰਗੇ ਹੋਰ ਪ੍ਰਾਜੈਕਟਾਂ 'ਤੇ ਵੀ ਕੰਮ ਕਰ ਰਹੀ ਹੈ ਜੋ ਜੰਮੂ-ਕਸ਼ਮੀਰ ਤੋਂ ਲੱਦਾਖ ਤਕ ਸਾਲ ਭਰ ਦੀ ਸੜਕ ਸੰਪਰਕ ਬਣਾਈ ਰੱਖਣਗੇ। ਇਹ ਪ੍ਰਾਜੈਕਟ ਨਿੱਕੀ ਆਮ ਆਵਾਜਾਈ ਤੋਂ ਲੈ ਕੇ ਰਾਸ਼ਟਰ ਦੀ ਸੁਰੱਖਿਆ ਤਕ, ਹਰ ਪੱਖ ਤੋਂ ਜੰਮੂ-ਕਸ਼ਮੀਰ ਲਈ ਇਕ ਨਵਾਂ ਦੌਰ ਸ਼ੁਰੂ ਕਰਨਗੇ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
 

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                            