ਸੱਤਾ ਦੇ 2 ਕੇਂਦਰ ਬਣਦੇ ਹਨ ''ਆਫ਼ਤ'' ਦਾ ਕਾਰਨ : ਉਮਰ ਅਬਦੁੱਲਾ
Saturday, Dec 14, 2024 - 06:13 PM (IST)
ਨਵੀਂ ਦਿੱਲੀ- ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਕੇਂਦਰ ਸ਼ਾਸਿਤ ਪ੍ਰਦੇਸ਼ ਵਿਚ ਦੋਹਰੇ ਸ਼ਾਸਨ ਮਾਡਲ ਨੂੰ 'ਆਫਤ ਦਾ ਸੱਦਾ' ਕਰਾਰ ਦਿੱਤਾ ਹੈ। ਨਾਲ ਹੀ ਉਨ੍ਹਾਂ ਨੇ ਕੇਂਦਰ ਨੂੰ ਆਪਣਾ ਵਾਅਦਾ ਨਿਭਾਉਣ ਅਤੇ ਜੰਮੂ-ਕਸ਼ਮੀਰ ਦੇ ਰਾਜ ਦਾ ਦਰਜਾ ਜਲਦੀ ਤੋਂ ਜਲਦੀ ਬਹਾਲ ਕਰਨ ਦੀ ਵੀ ਅਪੀਲ ਕੀਤੀ। ਅਕਤੂਬਰ 'ਚ ਅਹੁਦਾ ਸੰਭਾਲਣ ਤੋਂ ਬਾਅਦ ਆਪਣੇ ਪਹਿਲੇ ਇੰਟਰਵਿਊ 'ਚ ਅਬਦੁੱਲਾ ਨੇ ਜੰਮੂ ਅਤੇ ਕਸ਼ਮੀਰ 'ਚ ਚੋਣ ਪ੍ਰਚਾਰ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੁਆਰਾ ਵਾਰ-ਵਾਰ ਕੀਤੇ ਵਾਅਦਿਆਂ ਦਾ ਹਵਾਲਾ ਦਿੰਦੇ ਹੋਏ, ਰਾਜ ਦਾ ਦਰਜਾ ਬਹਾਲ ਕਰਨ ਲਈ ਕੇਂਦਰ ਦੀ ਵਚਨਬੱਧਤਾ ਨੂੰ ਲੈ ਕੇ ਉਮੀਦ ਜਤਾਈ। ਮੁੱਖ ਮੰਤਰੀ ਦੀ ਇਹ ਸਪੱਸ਼ਟਤਾ ਜੰਮੂ-ਕਸ਼ਮੀਰ ਦੇ ਗੁੰਝਲਦਾਰ ਸਿਆਸੀ ਦ੍ਰਿਸ਼ ਨੂੰ ਰੇਖਾਂਕਿਤ ਕਰਦੀ ਹੈ। ਅਬਦੁੱਲਾ ਨੇ ਕਿਹਾ,"ਮੈਂ ਸਿਰਫ਼ ਇਹ ਕਹਿਣਾ ਚਾਹੁੰਦਾ ਹਾਂ ਕਿ ਕਿਸੇ ਵੀ ਜਗ੍ਹਾ ਸੱਤਾ ਦੇ 2 ਕੇਂਦਰ 'ਆਫ਼ਤ ਨੂੰ ਸੱਦਾ' ਦੇਣ ਦਾ ਕਾਰਨ ਬਣਦੇ ਹਨ। ... ਜੇਕਰ ਕਈ ਸੱਤਾ ਕੇਂਦਰ ਹਨ, ਤਾਂ ਕੋਈ ਵੀ ਸੰਗਠਨ ਠੀਕ ਤਰ੍ਹਾਂ ਕੰਮ ਨਹੀਂ ਕਰਦਾ.... ਇਹੀ ਕਾਰਨ ਹੈ ਕਿ ਸਾਡੀਆਂ ਖੇਡਾਂ ਦੀ ਟੀਮ 'ਚ ਇਕ ਕੈਪਟਨ ਹੁੰਦਾ ਹੈ। ਤੁਹਾਡੇ ਕੋਲ 2 ਕੈਪਟਨ ਨਹੀਂ ਹੁੰਦੇ।''
ਉਨ੍ਹਾਂ ਕਿਹਾ,''ਇਸੇ ਤਰ੍ਹਾਂ, ਭਾਰਤ ਸਰਕਾਰ 'ਚ 2 ਪ੍ਰਧਾਨ ਮੰਤਰੀ ਜਾਂ ਸੱਤਾ ਦੇ 2 ਕੇਂਦਰ ਨਹੀਂ ਹਨ ਅਤੇ ਭਾਰਤ ਦੇ ਜ਼ਿਆਦਾਤਰ ਹਿੱਸਿਆਂ 'ਚ ਇਕ ਚੁਣਿਆ ਗਿਆ ਮੁੱਖ ਮੰਤਰੀ ਹੁੰਦਾ ਹੈ, ਜਿਸ ਨੂੰ ਫ਼ੈਸਲੇ ਲੈਣ ਲਈ ਆਪਣੇ ਕੈਬਨਿਟ ਨਾਲ ਅਧਿਕਾਰ ਪ੍ਰਾਪਤ ਹੁੰਦਾ ਹੈ।'' ਉਨ੍ਹਾਂ ਨੇ ਦਿੱਲੀ ਦਾ ਉਦਾਹਰਣ ਦਿੱਤਾ, ਜਿੱਥੇ ਸਰਕਾਰ ਉੱਪ ਰਾਜਪਾਲ ਨਾਲ ਸੱਤਾ ਸਾਂਝੀ ਕਰਦੀ ਹੈ, ਜੋ ਕਿ ਚੰਗਾ ਅਨੁਭਵ ਨਹੀਂ ਰਿਹਾ ਹੈ। ਉਨ੍ਹਾਂ ਕਿਹਾ,''ਸੱਤਾ ਦੇ 2 ਕੇਂਦਰ ਕਦੇ ਸਫ਼ਲ ਨਹੀਂ ਹੋ ਸਕਦੇ।'' ਅਬਦੁੱਲਾ ਨੇ ਕਿਹਾ ਕਿ ਦਿੱਲੀ ਆਖ਼ਰਕਾਰ ਇਕ ਛੋਟਾ ਸ਼ਹਿਰੀ ਰਾਜ ਹੈ, ਜਦੋਂ ਕਿ ਜੰਮੂ ਕਸ਼ਮੀਰ ਇਕ ਵੱਡਾ ਅਤੇ ਰਣਨੀਤਕ ਖੇਤਰ ਹੈ ਜੋ ਚੀਨ ਅਤੇ ਪਾਕਿਸਤਾਨ ਦੀ ਸਰਹੱਦ ਨਾਲ ਲੱਗਾ ਹੋਇਆ ਹੈ, ਜਿਸ ਨਾਲ ਏਕੀਕ੍ਰਿਤ ਕਮਾਨ ਦੀ ਲੋੜ ਹੋਰ ਵੱਧ ਜਾਂਦੀ ਹੈ। ਉਨ੍ਹਾਂ ਕਿਹਾ,''ਪਿਛਲੇ 2 ਮਹੀਨਿਆਂ 'ਚ ਜਦੋਂ ਤੋਂ ਮੈਂ ਮੁੱਖ ਮੰਤਰੀ ਬਣਿਆ ਹਾਂ, ਮੈਨੂੰ ਅਜੇ ਤੱਕ ਇਕ ਵੀ ਅਜਿਹਾ ਉਦਾਹਰਣ ਨਹੀਂ ਮਿਲਿਆ, ਜਿੱਥੇ ਜੰਮੂ ਕਸ਼ਮੀਰ ਨੂੰ ਕੇਂਦਰ ਸ਼੍ਰਸਿਤ ਪ੍ਰਦੇਸ਼ ਹੋਣ ਤੋਂ ਕੋਈ ਫਾਇਦਾ ਹੋਇਆ ਹੋਵੇ। ਇਕ ਵੀ ਨਹੀਂ। ਕੇਂਦਰ ਸ਼ਾਸਿਤ ਪ੍ਰਦੇਸ਼ ਹੋਣ ਕਾਰਨ ਜੰਮੂ ਕਸ਼ਮੀਰ 'ਚ ਸ਼ਾਸਨ ਜਾਂ ਵਿਕਾਸ ਦੇ (ਫਾਇਦੇ ਦਾ) ਇਕ ਵੀ ਉਦਾਹਰਣ ਦੇਖਣ ਨੂੰ ਨਹੀਂ ਮਿਲਿਆ ਹੈ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8