ਜ਼ਮੀਨ ਖਿਸਕਣ ਕਾਰਨ ਲਗਾਤਾਰ ਦੂਜੇ ਦਿਨ ਬੰਦ ਰਿਹਾ ਜੰਮੂ ਕਸ਼ਮੀਰ ਰਾਜਮਾਰਗ
Tuesday, Jan 31, 2023 - 02:02 PM (IST)
ਜੰਮੂ (ਭਾਸ਼ਾ)- ਰਾਮਬਨ ਜ਼ਿਲ੍ਹੇ 'ਚ ਜ਼ਮੀਨ ਖਿਸਕਣ ਕਾਰਨ ਦੂਜੇ ਦਿਨ ਮੰਗਲਵਾਰ ਨੂੰ ਵੀ ਜੰਮੂ ਕਸ਼ਮੀਰ ਰਾਸ਼ਟਰੀ ਰਾਜਮਾਰਗ ਆਵਾਜਾਈ ਲਈ ਬੰਦ ਰਿਹਾ। ਅਧਿਕਾਰੀਆਂ ਨੇ ਦੱਸਿਆ ਕਿ ਚੰਦਰਕੋਟ ਅਤੇ ਬਨਿਹਾਲ ਵਿਚਾਲੇ ਮਿੱਟੀ ਧਸਣ ਅਤੇ ਪੱਥਰ ਡਿੱਗਣ ਦੀਆਂ ਘਟਨਾਵਾਂ ਕਾਰਨ ਕਸ਼ਮੀਰ ਨੂੰ ਦੇਸ਼ ਦੇ ਬਾਕੀ ਹਿੱਸਿਆਂ ਨਾਲ ਜੋੜੇ ਵਾਲੇ 270 ਕਿਲੋਮੀਟਰ ਲੰਬੇ ਰਾਜਮਾਰਗ 'ਤੇ ਸੋਮਵਾਰ ਨੂੰ ਆਵਾਜਾਈ ਰੁਕੀ ਰਹੀ।
ਅਧਿਕਾਰੀਆਂ ਨੇ ਦਿਸ਼ਾ ਨਿਰਦੇਸ਼ ਜਾਰੀ ਕਰ ਕੇ ਲੋਕਾਂ ਨੂੰ ਰਾਜਮਾਰਗ 'ਤੇ ਯਾਤਰਾ ਨਹੀਂ ਕਰਨ ਲਈ ਕਿਹਾ ਹੈ। ਅਧਿਕਾਰੀਆਂ ਅਨੁਸਾਰ ਰਾਜਮਾਰਗ ਰੁਕਣ ਕਾਰਨ ਉਸ 'ਤੇ ਕਈ ਜਗ੍ਹਾ 600 ਤੋਂ ਜ਼ਿਆਦਾ ਵਾਹਨ ਫਸ ਗਏ। ਸੜਕ ਤੋਂ ਮਲਬਾ ਹਟਾਉਣ ਦੀ ਕਾਰਵਾਈ ਜਾਰੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਕਸ਼ਮੀਰ ਦੇ ਸ਼ੋਪੀਆ ਜ਼ਿਲ੍ਹੇ ਨੂੰ ਜੰਮੂ ਦੇ ਪੁੰਛ ਜ਼ਿਲ੍ਹੇ ਨਾਲ ਜੋੜਨ ਵਾਲੀ ਮੁਗਲ ਰੋਡ ਵੀ ਭਾਰੀ ਬਰਫ਼ਬਾਰੀ ਕਾਰਨ ਰੁਕੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਸੜਕ ਤੋਂ ਬਰਫ਼ ਹਟਾਉਣ ਅਤੇ ਆਵਾਜਾਈ ਬਹਾਲ ਕਰਨ ਦੀ ਕੋਸ਼ਿਸ਼ ਜਾਰੀ ਹੈ।