ਕਿਤਾਬ ਦੇ ਪ੍ਰਚਾਰ ਲਈ ''ਸਸਤੀ ਲੋਕਪ੍ਰਿਯਤਾ'' ਦਾ ਸਹਾਰਾ ਲੈ ਰਹੇ ਹਨ ਸਾਬਕਾ ਰਾਅ ਮੁਖੀ ਦੁਲਤ : ਫਾਰੂਕ ਅਬਦੁੱਲਾ

Thursday, Apr 17, 2025 - 05:25 PM (IST)

ਕਿਤਾਬ ਦੇ ਪ੍ਰਚਾਰ ਲਈ ''ਸਸਤੀ ਲੋਕਪ੍ਰਿਯਤਾ'' ਦਾ ਸਹਾਰਾ ਲੈ ਰਹੇ ਹਨ ਸਾਬਕਾ ਰਾਅ ਮੁਖੀ ਦੁਲਤ : ਫਾਰੂਕ ਅਬਦੁੱਲਾ

ਸ਼੍ਰੀਨਗਰ- ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ ਨੇ ਬੁੱਧਵਾਰ ਨੂੰ ਭਾਰਤੀ ਖੁਫੀਆ ਏਜੰਸੀ ਰਿਸਰਚ ਐਂਡ ਐਨਾਲਿਸਿਸ ਵਿੰਗ (ਰਾਅ) ਦੇ ਸਾਬਕਾ ਮੁਖੀ ਏ.ਐੱਸ. ਦੁਲਤ ਦੇ ਇਸ ਦਾਅਵੇ ਨੂੰ ਰੱਦ ਕਰ ਦਿੱਤਾ ਕਿ ਉਨ੍ਹਾਂ ਨੇ ਧਾਰਾ 370 ਨੂੰ ਹਟਾਉਣ ਦਾ 'ਨਿੱਜੀ ਤੌਰ 'ਤੇ ਸਮਰਥਨ' ਕੀਤਾ ਸੀ ਅਤੇ ਦੋਸ਼ ਲਗਾਇਆ ਕਿ ਉਹ ਆਪਣੀ ਆਉਣ ਵਾਲੀ ਕਿਤਾਬ ਦਾ ਪ੍ਰਚਾਰ ਕਰਨ ਲਈ ਇੰਨੀ 'ਸਸਤੀ ਪ੍ਰਸਿੱਧੀ' ਦਾ ਸਹਾਰਾ ਲੈ ਰਹੇ ਹਨ। ਅਬਦੁੱਲਾ ਨੇ ਕਿਹਾ ਕਿ 'ਦਿ ਚੀਫ਼ ਮਨਿਸਟਰ ਐਂਡ ਦ ਸਪਾਈ' ਕਿਤਾਬ ਲਿਖਣ ਪਿੱਛੇ ਦੁਲਤ ਦਾ ਮਨੋਰਥ ਸੱਤਾ ਤੱਕ ਪਹੁੰਚ ਪ੍ਰਾਪਤ ਕਰਨਾ ਜਾਂ ਬਹੁਤ ਸਾਰਾ ਪੈਸਾ ਕਮਾਉਣਾ ਹੋ ਸਕਦਾ ਹੈ। ਉਨ੍ਹਾਂ ਕਿਹਾ,''ਸੰਭਵ ਹੈ ਕਿ ਉਹ ਇਕ ਨਵਾਂ ਰਿਸ਼ਤਾ ਬਣਾਉਣਾ ਚਾਹੁੰਦਾ ਹੋਵੇ।'' ਦੁਲਤ ਦੀ ਕਿਤਾਬ 'ਦਿ ਚੀਫ਼ ਮਨਿਸਟਰ ਐਂਡ ਦ ਸਪਾਈ' 18 ਅਪ੍ਰੈਲ ਨੂੰ ਰਿਲੀਜ਼ ਹੋਣ ਵਾਲੀ ਹੈ। ਉਨ੍ਹਾਂ ਦੁਲਤ ਦੇ ਇਸ ਦਾਅਵੇ ਨੂੰ ਰੱਦ ਕਰ ਦਿੱਤਾ ਕਿ ਜੇਕਰ ਨੈਸ਼ਨਲ ਕਾਨਫਰੰਸ (ਐੱਨਸੀ) ਨੂੰ ਵਿਸ਼ਵਾਸ 'ਚ ਲਿਆ ਗਿਆ ਹੁੰਦਾ ਤਾਂ ਇਸ ਨਾਲ ਪੁਰਾਣੇ ਰਾਜ ਦੇ ਵਿਸ਼ੇਸ਼ ਦਰਜੇ ਨੂੰ ਖਤਮ ਕਰਨ ਲਈ ਮਤਾ ਪਾਸ ਕਰਨ 'ਚ ਮਦਦ ਮਿਲਦੀ। ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਅਬਦੁੱਲਾ (87) ਨੇ ਕਿਹਾ ਕਿ ਇਹ ਲੇਖਕ ਦੀ ਸਿਰਫ਼ 'ਕਲਪਨਾ' ਹੈ। ਅਬਦੁੱਲਾ ਨੇ ਕਿਹਾ ਕਿ ਜਦੋਂ 5 ਅਗਸਤ, 2019 ਨੂੰ ਧਾਰਾ 370 ਹਟਾਈ ਗਈ ਸੀ, ਤਾਂ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪੁੱਤਰ ਉਮਰ ਅਬਦੁੱਲਾ ਨੂੰ ਕਈ ਮਹੀਨਿਆਂ ਤੱਕ ਘਰ 'ਚ ਨਜ਼ਰਬੰਦ ਰੱਖਿਆ ਗਿਆ ਸੀ।

2018 'ਚ ਕੋਈ ਵੀ ਵਿਧਾਨ ਸਭਾ ਨਹੀਂ ਸੀ

ਉਨ੍ਹਾਂ ਨੇ ਕਿਹਾ,''ਸਾਨੂੰ ਇਸ ਲਈ ਹਿਰਾਸਤ 'ਚ ਲਿਆ ਗਿਆ ਕਿਉਂਕਿ ਵਿਸ਼ੇਸ਼ ਦਰਜੇ ਨੂੰ ਖਤਮ ਕਰਨ ਵਿਰੁੱਧ ਸਾਡਾ ਸਟੈਂਡ ਸਭ ਨੂੰ ਪਤਾ ਸੀ।" ਅਬਦੁੱਲਾ ਨੇ ਕਿਹਾ ਕਿ ਉਨ੍ਹਾਂ ਨੇ ਜੰਮੂ-ਕਸ਼ਮੀਰ ਦੀਆਂ ਸਾਰੀਆਂ ਪ੍ਰਮੁੱਖ ਰਾਜਨੀਤਿਕ ਤਾਕਤਾਂ ਨੂੰ ਇਕੱਠੇ ਕਰਨ ਦੀ ਪਹਿਲ ਕੀਤੀ ਹੈ ਅਤੇ ਰਾਜ ਦੇ ਵਿਸ਼ੇਸ਼ ਦਰਜੇ ਦੀ ਰੱਖਿਆ ਲਈ ਸਿਆਸੀ ਪਾਰਟੀਆਂ ਦੇ ਗਠਜੋੜ 'ਪੀਪਲਜ਼ ਅਲਾਇੰਸ ਫਾਰ ਗੁਪਕਾਰ ਡਿਕਲੇਅਰੇਸ਼ਨ' (ਪੀਏਜੀਡੀ) ਜਾਂ 'ਗੁਪਕਰ ਗਠਜੋੜ' ਦਾ ਗਠਨ ਕੀਤਾ ਸੀ। ਅਬਦੁੱਲਾ ਨੇ ਦੁਲਤ ਦੇ ਇਸ ਦਾਅਵੇ 'ਤੇ ਵੀ ਤੰਜ਼ ਕੱਸਿਆ ਕਿ ਨੈਸ਼ਨਲ ਕਾਨਫਰੰਸ ਧਾਰਾ 370 ਨੂੰ ਹਟਾਉਣ ਲਈ ਜੰਮੂ ਕਸ਼ਮੀਰ ਵਿਧਾਨ ਸਭਾ 'ਚ ਇਕ ਮਤਾ ਪਾਸ ਕਰਵਾ ਲੈਂਦੀ। ਨੈਸ਼ਨਲ ਕਾਨਫਰੰਸ ਮੁਖੀ ਨੇ ਕਿਹਾ,"ਕਿਤਾਬ 'ਚ ਇਹ ਦਾਅਵਾ ਕਿ ਨੈਸ਼ਨਲ ਕਾਨਫਰੰਸ ਵਿਸ਼ੇਸ਼ ਦਰਜੇ ਨੂੰ ਖਤਮ ਕਰਨ ਲਈ ਇਕ ਮਤਾ ਪਾਸ ਕਰਨ ਦੀ ਯੋਜਨਾ ਬਣਾ ਰਹੀ ਸੀ, ਇਹ ਲੇਖਕ ਦੀ ਸਿਰਫ਼ ਕਲਪਨਾ ਹੈ ਜੋ ਮੇਰਾ ਦੋਸਤ ਹੋਣ ਦਾ ਦਾਅਵਾ ਕਰਦਾ ਹੈ।" ਦੁਲਤ ਦੇ ਤਰਕ 'ਚ ਕਮੀਆਂ ਵੱਲ ਇਸ਼ਾਰਾ ਕਰਦੇ ਹੋਏ, ਉਨ੍ਹਾਂ ਕਿਹਾ,"ਅਖੌਤੀ ਯਾਦਾਂ ਲਿਖਦੇ ਸਮੇਂ, ਲੇਖਕ ਨੂੰ ਆਮ ਗਿਆਨ ਦਾ ਮਾਪਦੰਡ ਅਪਣਾਉਣਾ ਚਾਹੀਦਾ ਸੀ। ਉਨ੍ਹਾਂ ਨੂੰ ਯਾਦ ਰੱਖਣਾ ਚਾਹੀਦਾ ਸੀ ਕਿ 2018 'ਚ ਕੋਈ ਵੀ ਵਿਧਾਨ ਸਭਾ ਨਹੀਂ ਸੀ ਜਿਸ ਨੂੰ ਭੰਗ ਕੀਤਾ ਜਾ ਸਕਦਾ ਸੀ।" ਅਬਦੁੱਲਾ ਨੇ ਕਿਹਾ ਕਿ ਜੇਕਰ ਵਿਧਾਨ ਸਭਾ ਦਾ ਸੈਸ਼ਨ ਚੱਲ ਰਿਹਾ ਹੁੰਦਾ, ਤਾਂ ਵੀ ਉਹ ਕਦੇ ਵੀ ਅਜਿਹਾ ਮਤਾ ਪਾਸ ਕਰਨ ਬਾਰੇ ਨਹੀਂ ਸੋਚਦੇ। ਸਾਬਕਾ ਮੁੱਖ ਮੰਤਰੀ ਨੇ ਕਿਹਾ,"ਮੈਨੂੰ 1996 ਦੀਆਂ ਚੋਣਾਂ 'ਚ ਦੋ-ਤਿਹਾਈ ਬਹੁਮਤ ਮਿਲਿਆ ਸੀ। ਮੈਂ ਵਿਧਾਨ ਸਭਾ 'ਚ ਵਧੇਰੇ ਖੁਦਮੁਖਤਿਆਰੀ ਦੀ ਮੰਗ ਕਰਦੇ ਹੋਏ ਇਕ ਮਤਾ ਪਾਸ ਕੀਤਾ ਸੀ। ਦੁਲਤ ਵੱਲੋਂ ਆਪਣੀ ਕਿਤਾਬ 'ਚ ਕੀਤੇ ਗਏ ਦਾਅਵੇ ਮੇਰੇ ਕੰਮ ਦੇ ਉਲਟ ਹਨ, ਜੋ ਹਮੇਸ਼ਾ ਜੰਮੂ-ਕਸ਼ਮੀਰ ਦੇ ਲੋਕਾਂ ਨੂੰ ਮਜ਼ਬੂਤ ​​ਕਰਨ ਲਈ ਕੀਤਾ ਜਾਂਦਾ ਰਿਹਾ ਹੈ।''

ਮੈਨੂੰ ਚੋਣ ਲੜਨ ਦੀ ਸਲਾਹ ਅਮਰੀਕੀ ਰਾਜਦੂਤ ਫਰੈਂਕ ਵਿਸਨਰ ਨੇ ਦਿੱਤੀ

ਇਹ ਪੁੱਛੇ ਜਾਣ 'ਤੇ ਕਿ ਕੀ ਉਨ੍ਹਾਂ ਨੂੰ ਕਿਤਾਬ ਦੀ ਸਮੀਖਿਆ ਕਰਨ ਦਾ ਮੌਕਾ ਮਿਲਿਆ, ਨੈਕਾਂ ਪ੍ਰਧਾਨ ਨੇ ਕਿਹਾ,"ਇਸ 'ਚ ਇੰਨੀਆਂ ਗਲਤੀਆਂ ਹਨ ਕਿ ਕੁਝ ਸਮੇਂ ਬਾਅਦ ਮੈਨੂੰ ਲੱਗਾ ਕਿ ਮੈਂ ਇਕ ਕਾਲਪਨਿਕ ਕਹਾਣੀ ਪੜ੍ਹ ਰਿਹਾ ਹਾਂ ਅਤੇ ਮੈਂ ਇਸ ਨੂੰ ਛੱਡ ਦਿੱਤਾ।" ਅਬਦੁੱਲਾ ਨੇ ਦੁਲਤ ਦੁਆਰਾ ਉਨ੍ਹਾਂ ਦੇ ਰਿਸ਼ਤੇ ਦੇ ਚਿੱਤਰਣ ਨੂੰ ਰੱਦ ਕਰ ਦਿੱਤਾ, ਖਾਸ ਕਰਕੇ ਇਸ ਦਾਅਵੇ ਨੂੰ ਕਿ ਉਹ ਅਕਸਰ ਲੇਖਕ ਦੀ ਸਲਾਹ 'ਤੇ ਧਿਆਨ ਦਿੰਦੇ ਸਨ। ਐੱਨਸੀ ਮੁਖੀ ਨੇ ਕਿਹਾ,''ਲੇਖਕ ਦਾਅਵਾ ਕਰਦਾ ਹੈ ਕਿ ਅਬਦੁੱਲਾ ਹਮੇਸ਼ਾ ਉਸ ਦੀ ਸਲਾਹ ਮੰਨਦੇ ਸਨ, ਜੋ ਕਿ ਮੈਨੂੰ ਦੱਸਣ ਦੀ ਇਕ ਹੋਰ ਉਦਾਹਰਣ ਹੈ। ਮੈਂ ਆਪਣੇ ਫੈਸਲੇ ਖੁਦ ਲੈਂਦਾ ਹਾਂ। ਮੈਂ ਕਿਸੇ ਦੀ ਕਠਪੁਤਲੀ ਨਹੀਂ ਹਾਂ।'' ਦੁਲਤ ਨੇ ਦਾਅਵਾ ਕੀਤਾ ਹੈ ਕਿ ਨੈਸ਼ਨਲ ਕਾਨਫਰੰਸ ਭਾਰਤੀ ਜਨਤਾ ਪਾਰਟੀ (ਭਾਜਪਾ) ਨਾਲ ਨੇੜਲੇ ਸਬੰਧ ਚਾਹੁੰਦੀ ਸੀ, ਜਿਸ ਦਾਅਵੇ ਨੂੰ ਅਬਦੁੱਲਾ ਨੇ ਜ਼ੋਰਦਾਰ ਢੰਗ ਨਾਲ ਨਕਾਰ ਦਿੱਤਾ। ਉਨ੍ਹਾਂ ਕਿਹਾ,"ਦੁਲਤ ਦਾ ਇਹ ਦਾਅਵਾ ਕਿ ਨੈਸ਼ਨਲ ਕਾਨਫਰੰਸ ਭਾਜਪਾ ਦੇ ਨੇੜੇ ਜਾਣਾ ਚਾਹੁੰਦੀ ਹੈ, ਬਿਲਕੁੱਲ ਝੂਠ ਹੈ ਕਿਉਂਕਿ ਮੈਂ ਅਜਿਹੀ ਪਾਰਟੀ ਨਾਲ ਸਮਝੌਤਾ ਨਹੀਂ ਕਰਾਂਗਾ ਜੋ ਮੇਰੀ ਪਾਰਟੀ ਨੂੰ ਤਬਾਹ ਕਰਨ 'ਤੇ ਤੁਲੀ ਹੋਈ ਹੈ।" ਐੱਨਸੀ ਮੁਖੀ ਨੇ ਦੁਲਤ ਦੇ ਇਸ ਦਾਅਵੇ ਨੂੰ ਵੀ ਰੱਦ ਕਰ ਦਿੱਤਾ ਕਿ ਉਨ੍ਹਾਂ ਨੇ ਸਾਬਕਾ ਰਾਅ ਮੁਖੀ ਦੇ ਜ਼ੋਰ 'ਤੇ 1996 ਦੀਆਂ ਚੋਣਾਂ ਲੜਨ ਦਾ ਫੈਸਲਾ ਕੀਤਾ ਸੀ। ਅਬਦੁੱਲਾ ਨੇ ਇਸ ਫੈਸਲੇ ਦਾ ਸਿਹਰਾ ਭਾਰਤ 'ਚ ਸਾਬਕਾ ਅਮਰੀਕੀ ਰਾਜਦੂਤ ਫਰੈਂਕ ਵਿਸਨਰ ਨੂੰ ਦਿੱਤਾ। ਅਬਦੁੱਲਾ ਨੇ ਕਿਹਾ,"ਉਹ ਫਰੈਂਕ ਵਿਸਨਰ ਸਨ। ਰੱਬ ਦਾ ਸ਼ੁਕਰ ਹੈ ਕਿ ਉਹ ਅੱਜ ਜਿਊਂਦਾ ਹੈ, ਜਿਨ੍ਹਾਂ ਨੇ ਮੈਨੂੰ ਚੋਣ ਲੜਨ ਦੀ ਸਲਾਹ ਦਿੱਤੀ ਸੀ।''

ਘਰ ਦੀ ਕੰਧ 'ਤੇ ਚੜ੍ਹ ਕੇ ਪ੍ਰੈੱਸ ਨੂੰ ਦੱਸਿਆ ਕਿ ਮੈਂ ਨਜ਼ਰਬੰਦ ਹਾਂ

ਸਾਲ 2019 'ਚ ਧਾਰਾ 370 ਨੂੰ ਰੱਦ ਕਰਨ ਤੋਂ ਪਹਿਲਾਂ, ਅਬਦੁੱਲਾ, ਉਨ੍ਹਾਂ ਦੇ ਪੁੱਤਰ ਉਮਰ ਅਤੇ ਸਾਬਕਾ ਲੋਕ ਸਭਾ ਮੈਂਬਰ ਹਸਨੈਨ ਮਸੂਦੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਸੀ, ਜਿੱਥੇ ਨੈਸ਼ਨਲ ਕਾਨਫਰੰਸ ਦੇ ਮੁਖੀ ਨੇ ਕਸ਼ਮੀਰ 'ਚ ਫੌਜ ਦੀ ਵਧਦੀ ਮੌਜੂਦਗੀ ਬਾਰੇ ਸਪੱਸ਼ਟੀਕਰਨ ਮੰਗਿਆ ਸੀ। ਉਨ੍ਹਾਂ ਦਾਅਵਾ ਕੀਤਾ ਕਿ ਮੋਦੀ ਨੇ ਕੋਈ ਜਵਾਬ ਨਹੀਂ ਦਿੱਤਾ। ਅਬਦੁੱਲਾ ਨੇ ਕਿਹਾ,"ਮੈਂ ਪ੍ਰਧਾਨ ਮੰਤਰੀ ਤੋਂ ਕਸ਼ਮੀਰ ਘਾਟੀ 'ਚ ਫੌਜਾਂ ਦੀ ਵੱਡੇ ਪੱਧਰ 'ਤੇ ਆਵਾਜਾਈ ਬਾਰੇ ਪੁੱਛਿਆ ਸੀ ਪਰ ਉਨ੍ਹਾਂ ਨੇ ਕੁਝ ਨਹੀਂ ਕਿਹਾ। ਜੇਕਰ ਮੈਨੂੰ ਇਸ ਬਾਰੇ ਸੂਚਿਤ ਕੀਤਾ ਜਾਂਦਾ ਤਾਂ ਮੈਂ ਮੀਟਿੰਗ ਤੋਂ ਤੁਰੰਤ ਬਾਅਦ ਆਪਣੀ ਚਿੰਤਾ ਜ਼ਾਹਰ ਕਰਦਾ।" ਸੀਨੀਅਰ ਨੇਤਾ ਨੇ ਕਿਹਾ ਕਿ ਵਿਸ਼ੇਸ਼ ਦਰਜਾ ਰੱਦ ਕੀਤੇ ਜਾਣ ਤੋਂ ਬਾਅਦ ਅਚਾਨਕ ਲਗਾਈਆਂ ਗਈਆਂ ਪਾਬੰਦੀਆਂ ਕਾਰਨ ਉਹ ਸੰਸਦ 'ਚ ਸ਼ਾਮਲ ਨਹੀਂ ਹੋ ਸਕੇ। ਅਬਦੁੱਲਾ ਨੇ ਕਿਹਾ,"ਮੈਨੂੰ ਆਪਣੇ (ਘਰ) ਦੀ ਕੰਧ 'ਤੇ ਚੜ੍ਹ ਕੇ ਪ੍ਰੈਸ ਨੂੰ ਦੱਸਣਾ ਪਿਆ ਕਿ ਮੈਨੂੰ ਹਿਰਾਸਤ 'ਚ ਲੈ ਲਿਆ ਗਿਆ ਹੈ। ਮੇਰੇ ਪੁੱਤਰ ਨੂੰ ਹਰੀ ਨਿਵਾਸ 'ਚ ਬਹੁਤ ਦੂਰ ਨਜ਼ਰਬੰਦ ਕੀਤਾ ਗਿਆ ਸੀ।" ਅਬਦੁੱਲਾ ਨੇ ਦੁਲਤ ਦੇ ਦਾਅਵਿਆਂ 'ਤੇ ਨਿਰਾਸ਼ਾ ਜਤਾਈ। ਉਨ੍ਹਾਂ ਕਿਹਾ,''ਸਭ ਤੋਂ ਮਾੜੀ ਗੱਲ ਇਹ ਹੈ ਕਿ ਉਹ ਮੇਰਾ ਦੋਸਤ ਹੋਣ ਦਾ ਦਾਅਵਾ ਕਰਦਾ ਹੈ ਅਤੇ ਜਿਵੇਂ ਕਿ ਕਿਹਾ ਜਾਂਦਾ ਹੈ, 'ਸਰੀਰ ਦੇ ਜ਼ਖ਼ਮ ਠੀਕ ਹੋ ਜਾਂਦੇ ਹਨ ਪਰ ਦਿਲ ਦੇ ਜ਼ਖ਼ਮ ਜ਼ਿੰਦਗੀ ਭਰ ਰਹਿੰਦੇ ਹਨ। ਮੈਨੂੰ ਲੱਗਦਾ ਹੈ ਕਿ ਉਨ੍ਹਾਂ ਨੇ ਸਸਤੀ ਪ੍ਰਸਿੱਧੀ ਹਾਸਲ ਕਰਨ ਲਈ ਅਜਿਹੇ ਹੱਥਕੰਡੇ ਅਪਣਾਏ ਹਨ।''

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News