ਪਹਿਲੀ ਵਾਰ ਜੰਮੂ-ਕਸ਼ਮੀਰ ’ਚ 4 ਮਹਿਲਾ ਵਿਧਾਇਕਾਂ ਹੋਣਗੀਆਂ
Friday, Nov 14, 2025 - 10:42 PM (IST)
ਨਵੀਂ ਦਿੱਲੀ (ਭਾਸ਼ਾ) - ਭਾਜਪਾ ਦੀ ਦੇਵਿਆਨੀ ਰਾਣਾ ਨੇ ਸ਼ੁੱਕਰਵਾਰ ਨੂੰ ਨਗਰੋਟਾ ਵਿਧਾਨ ਸਭਾ ਹਲਕੇ ’ਚ ਉੱਪ-ਚੋਣ ਜਿੱਤ ਕੇ ਨਵਾਂ ਕੀਰਤੀਮਾਨ ਸਥਾਪਤ ਕਰ ਦਿੱਤਾ। ਇਸ ਦੇ ਨਾਲ ਹੀ ਜੰਮੂ-ਕਸ਼ਮੀਰ ’ਚ ਪਹਿਲੀ ਵਾਰ 4 ਚੁਣੀਆਂ ਹੋਈਆਂ ਮਹਿਲਾ ਵਿਧਾਇਕਾਂ ਹੋਣਗੀਆਂ। ਮੌਜੂਦਾ ਸਮੇਂ ਵਿਧਾਨ ਸਭਾ ਦੀਆਂ ਹੋਰ ਚੁਣੀਆਂ ਹੋਈਆਂ ਮਹਿਲਾ ਮੈਂਬਰਾਂ ’ਚ ਨੈਸ਼ਨਲ ਕਾਨਫਰੰਸ (ਨੈਕਾਂ) ਦੇ ਨੇਤਾ ਸਕੀਨਾ ਮਸੂਦ ਇਟੂ, ਸ਼ਮੀਮਾ ਫਿਰਦੌਸ ਅਤੇ ਭਾਜਪਾ ਦੇ ਸਗਨ ਪਰਿਹਾਰ ਸ਼ਾਮਲ ਹਨ।
ਜੰਮੂ-ਕਸ਼ਮੀਰ ਵਿਧਾਨ ਸਭਾ ਨੇ 2008, 2014 ਅਤੇ 2024 ’ਚ 3 ਮਹਿਲਾ ਵਿਧਾਇਕਾਂ ਨੂੰ ਚੁਣਿਆ ਸੀ, ਜੋ ਹੁਣ ਤੱਕ ਦੀ ਸਭ ਤੋਂ ਜ਼ਿਆਦਾ ਮਹਿਲਾ ਅਗਵਾਈ ਹੈ। ਸਾਲ 2008 ਅਤੇ 2014 ਦੀਆਂ ਚੋਣਾਂ ’ਚ ਵਿਧਾਨ ਸਭਾ ’ਚ ਚੁਣੀਆਂ ਹੋਈਆਂ ਔਰਤਾਂ ਦੀ ਹਿੱਸੇਦਾਰੀ 3.4 ਫ਼ੀਸਦੀ ਸੀ, ਜਦੋਂ ਸਦਨ ਦੀ ਸਮਰੱਥਾ 87 ਸੀ। ਨਗਰੋਟਾ ਤੋਂ ਹਾਲਾਂਕਿ ਦੇਵਿਆਨੀ ਦੀ ਫੈਸਲਾਕੁੰਨ ਜਿੱਤ ਨਾਲ ਵਿਧਾਨ ਸਭਾ ’ਚ ਔਰਤਾਂ ਦੀ ਹਿੱਸੇਦਾਰੀ ਵਧ ਕੇ 4.44 ਫ਼ੀਸਦੀ ਹੋ ਗਈ ਹੈ।
