ਜੰਮੂ-ਕਸ਼ਮੀਰ ''ਚ 6ਵੇਂ ਗੇੜ ਦੀਆਂ ਪੰਚਾਇਤੀ ਚੋਣਾਂ ਲਈ ਵੋਟਿੰਗ ਜਾਰੀ
Saturday, Dec 01, 2018 - 12:15 PM (IST)

ਜੰਮੂ— ਜੰਮੂ-ਕਸ਼ਮੀਰ ਵਿਚ ਸ਼ਨੀਵਾਰ ਨੂੰ ਸਖਤ ਸੁਰੱਖਿਆ ਹੇਠ ਪੰਚਾਇਤੀ ਚੋਣਾਂ ਦੇ 6ਵੇਂ ਗੇੜ ਲਈ ਵੋਟਿੰਗ ਜਾਰੀ ਹੈ। ਸੂਬੇ ਦੇ 3174 ਵੋਟਿੰਗ ਕੇਂਦਰਾਂ 'ਤੇ 10,54,977 ਵੋਟਰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਗੇ। ਕਸ਼ਮੀਰ ਘਾਟੀ ਵਿਚ ਠੰਡ ਜ਼ਿਆਦਾ ਹੋਣ ਕਾਰਨ ਸਵੇਰੇ 8 ਵਜੇ ਵੋਟਿੰਗ ਸੁਸਤ ਰਫਤਾਰ ਨਾਲ ਸ਼ੁਰੂ ਹੋਈ। ਉਮੀਦ ਕੀਤੀ ਜਾ ਰਹੀ ਹੈ ਕਿ ਵੋਟਿੰਗ ਦੀ ਰਫਤਾਰ 'ਚ ਤੇਜ਼ੀ ਦੇਖਣ ਨੂੰ ਮਿਲੇਗੀ।
ਸੂਬੇ ਦੇ ਚੋਣ ਅਧਿਕਾਰੀ ਸ਼ਾਲਿਨ ਕਾਬਰਾ ਨੇ ਦੱਸਿਆ ਕਿ ਸੂਬੇ ਵਿਚ 3174 ਵੋਟਿੰਗ ਕੇਂਦਰਾਂ 'ਤੇ ਅੱਜ ਪੰਚਾਇਤੀ ਚੋਣਾਂ ਦੇ 6ਵੇਂ ਗੇੜ ਲਈ ਵੋਟਾਂ ਪੈ ਰਹੀਆਂ ਹਨ, ਜਿਸ 'ਚੋਂ 410 ਵੋਟਿੰਗ ਕੇਂਦਰ ਕਸ਼ਮੀਰ ਖੇਤਰ ਵਿਚ ਹਨ ਅਤੇ 2764 ਵੋਟਿੰਗ ਕੇਂਦਰ ਜੰਮੂ ਖੇਤਰ ਵਿਚ ਹਨ। ਉਨ੍ਹਾਂ ਨੇ ਦੱਸਿਆ ਕਿ ਵੋਟਿੰਗ ਦਾ ਸਮਾਂ ਸਵੇਰੇ 8 ਵਜੇ ਤੋਂ ਦੁਪਹਿਰ 2 ਵਜੇ ਤਕ ਹੈ। ਉਨ੍ਹਾਂ ਇਹ ਵੀ ਦੱਸਿਆ ਕਿ 771 ਵੋਟਿੰਗ ਕੇਂਦਰਾਂ ਨੂੰ ਅਤਿ-ਸੰਵੇਦਨਸ਼ੀਲ ਐਲਾਨ ਕੀਤਾ ਗਿਆ ਹੈ। 6ਵੇਂ ਗੇੜ ਵਿਚ 7156 ਉਮੀਦਵਾਰ ਸਰਪੰਚ ਅਹੁਦੇ ਲਈ ਅਤੇ 2277 ਪੰਚ ਅਹੁਦੇ ਲਈ ਆਪਣੀ ਕਿਸਮਤ ਅਜਮਾ ਰਹੇ ਹਨ। 6ਵੇਂ ਗੇੜ ਵਿਚ 111 ਸਰਪੰਚ ਅਤੇ 1048 ਪੰਚ ਬਿਨਾਂ ਵਿਰੋਧ ਦੇ ਚੁਣੇ ਗਏ ਹਨ।