ਜੰਮੂ-ਕਸ਼ਮੀਰ ਦੇ ਸਾਬਕਾ ਉੱਪ ਰਾਜਪਾਲ ਗਿਰੀਸ਼ ਚੰਦਰ ਮੁਰਮੂ ਨੇ ''ਕੈਗ'' ਅਹੁਦੇ ਦੀ ਸਹੁੰ ਚੁੱਕੀ

8/8/2020 11:42:03 AM

ਨਵੀਂ ਦਿੱਲੀ- ਗਿਰੀਸ਼ ਚੰਦਰ ਮੁਰਮੂ ਨੇ ਸ਼ਨੀਵਾਰ ਨੂੰ ਕੰਟਰੋਲਰ ਅਤੇ ਆਡੀਟਰ ਜਨਰਲ (ਕੈਗ) ਅਹੁਦੇ ਦੀ ਸਹੁੰ ਚੁੱਕੀ। ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਸ਼੍ਰੀ ਮੁਰਮੂ ਨੂੰ ਅਹੁਦੇ ਦੀ ਸਹੁੰ ਚੁਕਾਈ। ਰਾਸ਼ਟਰਪਤੀ ਭਵਨ 'ਚ ਆਯੋਜਿਤ ਸਮਾਰੋਹ 'ਚ ਉੱਪ ਰਾਸ਼ਟਰਪਤੀ ਐੱਮ. ਵੈਂਕਈਆ ਨਾਇਡੂ, ਲੋਕ ਸਭਾ ਸਪੀਕਰ ਓਮ ਬਿਰਲਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਦਿੱਗਜ ਹਾਜ਼ਰ ਸਨ। ਸ਼੍ਰੀ ਮੁਰਮੂ ਦੇਸ਼ ਦੇ 14ਵੇਂ ਕੈਗ ਮੁਖੀ ਹਨ। ਉਨ੍ਹਾਂ ਨੇ ਰਾਜੀਵ ਮਹਿਰਿਸ਼ੀ ਦੇ ਸਥਾਨ 'ਤੇ ਇਹ ਜ਼ਿੰਮੇਵਾਰੀ ਸੰਭਾਲੀ ਹੈ। ਸ਼੍ਰੀ ਮੁਰਮੂ ਨੇ ਈਸ਼ਵਰ ਦੇ ਨਾਂ 'ਤੇ ਹਿੰਦੀ 'ਚ ਅਹੁਦੇ ਦੀ ਸਹੁੰ ਚੁੱਕੀ।

ਓਡੀਸ਼ਾ ਦੇ ਮਊਰਭੰਜ 'ਚ 21 ਨਵੰਬਰ 1959 ਨੂੰ ਜਨਮੇ ਸ਼੍ਰੀ ਮੁਰਮੂ 1985 ਬੈਚ ਦੇ ਗੁਜਰਾਤ ਤੋਂ ਭਾਰਤੀ ਪ੍ਰਸ਼ਾਸਨਿਕ ਸੇਵਾ ਦੇ ਅਧਿਕਾਰੀ ਹਨ। ਨਰਿੰਦਰ ਮੋਦੀ ਸਰਕਾਰ ਨੇ ਪਿਛਲੇ ਸਾਲ ਉਨ੍ਹਾਂ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ-ਕਸ਼ਮੀਰ ਦਾ ਪਹਿਲਾ ਉੱਪ ਰਾਜਪਾਲ ਨਿਯੁਕਤ ਕੀਤਾ ਸੀ। ਉਹ ਇਸ ਅਹੁਦੇ 'ਤੇ ਪਿਛਲੇ ਸਾਲ 31 ਅਕਤੂਬਰ ਨੂੰ ਨਿਯੁਕਤ ਹੋਏ ਅਤੇ ਇਸ ਸਾਲ 5 ਅਗਸਤ ਤੱਕ ਰਹੇ। ਉਨ੍ਹਾਂ ਨੇ ਅਚਾਨਕ ਬੁੱਧਵਾਰ ਨੂੰ ਜੰਮੂ-ਕਸ਼ਮੀਰ ਦੇ ਉੱਪ ਰਾਜਪਾਲ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਪ੍ਰਧਾਨ ਮੰਤਰੀ ਦੇ ਭਰੋਸੇਮੰਦ ਨੌਕਰਸ਼ਾਹ ਸ਼੍ਰੀ ਮੁਰਮੂ, ਸ਼੍ਰੀ ਮੋਦੀ ਦੇ ਗੁਜਰਾਤ ਦੇ ਮੁੱਖ ਮੰਤਰੀ ਰਹਿਣ ਦੌਰਾਨ ਉਨ੍ਹਾਂ ਦੇ ਪ੍ਰਧਾਨ ਸਕੱਤਰ ਦੀ ਜ਼ਿੰਮੇਵਾਰੀ ਵੀ ਨਿਭਾ ਚੁਕੇ ਹਨ। ਕੈਗ ਦੀ ਨਿਯੁਕਤੀ 6 ਸਾਲ ਲਈ ਜਾਂ ਫਿਰ 65 ਸਾਲ ਦੀ ਉਮਰ ਪੂਰੀ ਹੋਣ ਤੱਕ, ਇਸ 'ਚੋਂ ਜੋ ਵੀ ਪਹਿਲਾਂ ਹੋਵੇ, ਤੱਕ ਹੁੰਦੀ ਹੈ।


DIsha

Content Editor DIsha