ਫਾਰੂਖ ਅਬਦੁੱਲਾ ਤੋਂ 43 ਕਰੋੜ ਦੇ ਘਪਲੇ ''ਚ ਈ.ਡੀ. ਨੇ ਕੀਤੀ ਪੁੱਛ-ਗਿੱਛ
Monday, Oct 19, 2020 - 02:20 PM (IST)
ਸ਼੍ਰੀਨਗਰ- ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਜੰਮੂ-ਕਸ਼ਮੀਰ ਕ੍ਰਿਕੇਟ ਸੰਘ (ਜੇ.ਕੇ.ਸੀ.ਏ.) ਦੇ ਫੰਡ 'ਚ ਕਥਿਤ ਗਬਨ ਨਾਲ ਸੰਬੰਧਤ ਧਨ ਸੋਧ ਦੇ ਇਕ ਮਾਮਲੇ 'ਚ ਸੋਮਵਾਰ ਨੂੰ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫਾਰੂਖ ਅਬਦੁੱਲਾ ਤੋਂ ਪੁੱਛ-ਗਿੱਛ ਕੀਤੀ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਕਿਹਾ ਕਿ ਪਹਿਲੇ ਦੀ ਤਰ੍ਹਾਂ ਧਨ ਸੋਧ ਰੋਕਥਾਮ ਐਕਟ (ਪੀ.ਐੱਮ.ਐੱਲ.ਏ.) ਦੇ ਅਧੀਨ ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਅਬਦੁੱਲਾ ਦਾ ਬਿਆਨ ਦਰਜ ਕੀਤਾ ਜਾਵੇਗਾ। ਈ.ਡੀ. ਨੇ ਸੀ.ਬੀ.ਆਈ. ਦੀ ਸ਼ਿਕਾਇਤ ਦੇ ਆਧਾਰ 'ਤੇ ਇਹ ਮਾਮਲਾ ਦਰਜ ਕੀਤਾ ਹੈ। ਸੀ.ਬੀ.ਆਈ. ਨੇ ਜੇ.ਕੇ.ਸੀ.ਏ. ਦੇ ਜਨਰਲ ਸਕੱਤਰ ਮੁਹੰਮਦ ਸਲੀਮ ਖਾਨ ਅਤੇ ਸਾਬਕਾ ਫੰਡ ਪ੍ਰਧਾਨ ਅਹਿਸਾਨ ਅਹਿਮਦ ਮਿਰਜਾ ਸਮੇਤ ਕਈ ਅਹੁਦਾ ਅਧਿਕਾਰੀਆਂ ਵਿਰੁੱਧ ਮਾਮਲਾ ਦਰਜ ਕੀਤਾ ਸੀ।
ਸੀ.ਬੀ.ਆਈ. ਨੇ 2002 ਤੋਂ 2011 ਦਰਮਿਆਨ ਭਾਰਤੀ ਕ੍ਰਿਕੇਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਵਲੋਂ ਖੇਡ ਨੂੰ ਉਤਸ਼ਾਹ ਦੇਣ ਲਈ ਜੇ.ਕੇ.ਸੀ.ਏ. ਨੂੰ ਦਿੱਤੇ ਗਏ ਮੁਆਵਜ਼ੇ 'ਚੋਂ 43.69 ਕਰੋੜ ਰੁਪਏ ਦੇ ਗਬਨ ਦੇ ਮਾਮਲੇ 'ਚ ਅਬਦੁੱਲਾ, ਖਾਨ, ਮਿਰਜਾ ਤੋਂ ਇਲਾਵਾ ਮੀਰ ਮੰਜੂਰ ਗਜਨਫਰ ਅਲੀ, ਬਸ਼ੀਰ ਅਹਿਮਦ ਮਿਸਗਾਰ ਅਤੇ ਗੁਲਜਾਰ ਅਹਿਮਦ ਬੇਗ (ਜੇ.ਕੇ.ਸੀ.ਏ. ਦੇ ਸਾਬਕਾ ਅਕਾਊਂਟੈਂਟ) ਵਿਰੁੱਧ ਦੋਸ਼ ਪੱਤਰ ਦਾਖਲ ਕੀਤਾ ਸੀ। ਈ.ਡੀ. ਨੇ ਕਿਹਾ ਕਿ ਉਸ ਦੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਜੇ.ਕੇ.ਸੀ.ਏ. ਨੂੰ ਵਿੱਤ ਸਾਲਾਂ 2005-2006 ਅਤੇ 2011-2012 (ਦਸੰਬਰ 2011 ਤੱਕ) ਦੌਰਾਨ ਤਿੰਨ ਵੱਖ-ਵੱਖ ਬੈਂਕ ਖਾਤਿਆਂ ਰਾਹੀਂ ਬੀ.ਸੀ.ਸੀ.ਆਈ. ਤੋਂ 94.06 ਕਰੋੜ ਰੁਪਏ ਮਿਲੇ। ਫਾਰੂਖ ਦੇ ਬੇਟੇ ਉਮਰ ਅਬਦੁੱਲਾ ਨੇ ਟਵੀਟ ਕੀਤਾ ਕਿ ਨੈਸ਼ਨਲ ਕਾਨਫਰੰਸ ਜਲਦ ਹੀ ਈ.ਡੀ. ਦੇ ਸੰਮਨਾਂ ਦਾ ਜਵਾਬ ਦੇਵੇਗੀ। ਉਨ੍ਹਾਂ ਨੇ ਟਵੀਟ ਕੀਤਾ,''ਇਹ ਕੁਝ ਹੋਰ ਨਹੀਂ ਸਗੋਂ 'ਗੁਪਕਰ ਐਲਾਨ' ਦੇ ਅਧੀਨ 'ਪੀਪਲਜ਼ ਅਲਾਇੰਸ' ਦੇ ਗਠਨ ਤੋਂ ਬਾਅਦ ਕੀਤੀ ਜਾ ਰਹੀ ਬਦਲੇ ਦੀ ਰਾਜਨੀਤੀ ਹੈ।''