ਜੰਮੂ-ਕਸ਼ਮੀਰ : ਬਾਰਾਮੂਲਾ 'ਚ ਮੁਕਾਬਲੇ ਦੌਰਾਨ 2 ਅੱਤਵਾਦੀ ਢੇਰ, ਮੇਜਰ ਜ਼ਖਮੀ

09/04/2020 2:39:49 PM

ਬਾਰਾਮੂਲਾ- ਜੰਮੂ-ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ 'ਚ ਸ਼ੁੱਕਰਵਾਰ ਸਵੇਰੇ ਘੇਰਾਬੰਦੀ ਅਤੇ ਤਲਾਸ਼ ਮੁਹਿੰਮ ਦੌਰਾਨ ਅੱਤਵਾਦੀਆਂ ਅਤੇ ਸੁਰੱਖਿਆ ਦਸਤਿਆਂ ਦਰਮਿਆ ਹੋਏ ਮੁਕਾਬਲੇ 'ਚ 2 ਅੱਤਵਾਦੀ ਮਾਰੇ ਗਏ ਹਨ। ਹਾਲਾਂਕਿ ਗੋਲੀਬਾਰੀ 'ਚ ਫੌਜ ਦੇ ਇਕ ਮੇਜਰ ਜ਼ਖਮੀ ਹੋ ਗਏ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਅੱਤਵਾਦੀਆਂ ਦੀ ਮੌਜੂਦਗੀ ਦੀ ਖੁਫੀਆ ਸੂਚਨਾ ਮਿਲਣ 'ਤੇ ਰਾਸ਼ਟਰੀ ਰਾਈਫਲਜ਼, ਜੰਮੂ-ਕਸ਼ਮੀਰ ਦੇ ਵਿਸ਼ੇਸ਼ ਮੁਹਿੰਮ ਸਮੂਹ ਅਤੇ ਕੇਂਦਰੀ ਰਿਜ਼ਰਵ ਪੁਲਸ ਫੋਰਸ ਦੇ ਜਵਾਨਾਂ ਨੇ ਅੱਜ ਯਾਨੀ ਸ਼ੁੱਕਰਵਾਰ ਤੜਕੇ ਬਾਰਾਮੂਲਾ ਦੇ ਯੇਦੀਪੋਰਾ, ਪੱਟਨ 'ਚ ਇਕ ਸਾਂਝੀ ਮੁਹਿੰਮ ਸ਼ੁਰੂ ਕੀਤੀ। ਸਾਰੇ ਨਿਕਾਸ ਮਾਰਗਾਂ ਨੂੰ ਸੀਲ ਕਰਨ ਤੋਂ ਬਾਅਦ ਸੁਰੱਖਿਆ ਦਸਤਿਆਂ ਨੇ ਘਰ-ਘਰ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ। 

ਉਨ੍ਹਾਂ ਨੇ ਦੱਸਿਆ ਕਿ ਜਦੋਂ ਸੁਰੱਖਿਆ ਦਸਤੇ ਸ਼ੱਕੀ ਸਥਾਨ ਵੱਲ ਵੱਧ ਰਹੇ ਸਨ ਤਾਂ ਉੱਥੇ ਲੁਕੇ ਹੋਏ ਅੱਤਵਾਦੀਆਂ ਨੇ ਅੰਨ੍ਹੇਵਾਹ ਗੋਲੀਬਾਰੀ ਸ਼ੁਰੂ ਕਰ ਦਿੱਤੀ। ਸੁਰੱਖਿਆ ਦਸਤਿਆਂ ਨੇ ਵੀ ਜਵਾਬੀ ਕਾਰਵਾਈ ਕੀਤੀ, ਜਿਸ ਤੋਂ ਬਾਅਦ ਮੁਕਾਬਲਾ ਸ਼ੁਰੂ ਹੋ ਗਿਆ। ਅੱਤਵਾਦੀਆਂ ਦੀ ਸ਼ੁਰੂਆਤੀ ਗੋਲੀਬਾਰੀ 'ਚ ਫੌਜ ਦੇ ਇਕ ਮੇਜਰ ਜ਼ਖਮੀ ਹੋ ਗਏ। ਉਨ੍ਹਾਂ ਦੀ ਪਛਾਣ 29 ਰਾਸ਼ਟਰੀ ਰਾਈਫਲਜ਼ ਦੇ ਮੇਜਰ ਰੋਹਿਤ ਮੇਹਰਾ ਦੇ ਰੂਪ 'ਚ ਕੀਤੀ ਗਈ ਹੈ। ਉਨ੍ਹਾਂ ਨੂੰ ਫੌਜ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਅੰਤਿਮ ਰਿਪੋਰਟ ਮਿਲਣ ਤੱਕ ਮੁਹਿੰਮ ਜਾਰੀ ਸੀ।

ਇਕ ਸਥਾਨਕ ਵਾਸੀ ਨੇ ਦੱਸਿਆ ਕਿ ਸੁਰੱਖਿਆ ਦਸਤਿਆਂ ਨੇ ਮੁਕਾਬਲੇ ਵਾਲੀ ਜਗ੍ਹਾ ਕੋਲ ਰਹਿਣ ਵਾਲੇ ਲੋਕਾਂ ਨੂੰ ਸੁਰੱਖਿਅਤ ਥਾਂਵਾਂ 'ਤੇ ਚੱਲੇ ਜਾਣ ਲਈ ਕਿਹਾ। ਲੋਕਾਂ ਦੇ ਇਲਾਕਾ ਖਾਲੀ ਕਰਦੇ ਹੋਏ ਸੁਰੱਖਿਆ ਦਸਤਿਆਂ ਨੇ ਮਕਾਨਾਂ ਦੇ ਅੰਦਰੋਂ ਮੋਰਚਾ ਸੰਭਾਲ ਲਿਆ। ਗੋਲੀਬਾਰੀ 'ਚ 2 ਅੱਤਵਾਦੀ ਮਾਰੇ ਗਏ ਹਨ, ਹਾਲਾਂਕਿ ਉਨ੍ਹਾਂ ਦੀਆਂ ਲਾਸ਼ਾਂ ਹਾਲੇ ਤੱਕ ਬਰਾਮਦ ਨਹੀਂ ਕੀਤੀ ਜਾ ਸਕੀ ਹੈ। ਨਜ਼ਦੀਕੀ ਇਲਾਕਿਆਂ 'ਚ ਕਾਨੂੰਨ-ਵਿਵਸਥਾ ਬਣਾਏ ਰੱਖਣ ਲਈ ਵਾਧੂ ਸੁਰੱਖਿਆ ਦਸਤਿਆਂ ਅਤੇ ਪੁਲਸ ਮੁਲਾਜ਼ਮਾਂ ਨੂੰ ਤਾਇਨਾਤ ਕੀਤਾ ਗਿਆ ਹੈ।


DIsha

Content Editor

Related News