ਨਾਗਰਿਕਾਂ ਦੀ ਮੌਤ ਦੇ ਵਿਰੋਧ ’ਚ ਕਸ਼ਮੀਰ ਬੰਦ, ਜਨਜੀਵਨ ਪ੍ਰਭਾਵਿਤ

05/17/2019 7:57:52 PM

ਸ਼੍ਰੀਨਗਰ (ਮਜੀਦ)– ਕਸ਼ਮੀਰ ਵਿਚ ਅੱਤਵਾਦ ਵਿਰੋਧੀ ਮੁਹਿੰਮ ਵਿਚ ਨਾਗਰਿਕਾਂ ਦੇ ਮਾਰੇ ਜਾਣ ਦੇ ਵਿਰੋਧ ਵਿਚ ਵੱਖਵਾਦੀਆਂ ਨੇ ਸ਼ੁੱਕਰਵਾਰ ਨੂੰ ਬੰਦ ਦਾ ਸੱਦਾ ਦਿੱਤਾ, ਜਿਸ ਦੇ ਕਾਰਨ ਆਮ ਜਨਜੀਵਨ ਅਸਤ-ਵਿਅਸਤ ਰਿਹਾ। ਵੱਖਵਾਦੀਆਂ ਦੇ ਇਸ ਬੰਦ ਨੂੰ ਪੂਰਾ ਸਮਰਥਨ ਮਿਲਿਆ। ਵਾਦੀ ਵਿਚ ਸੂਬੇ ਦੀਆਂ ਹੋਰਨਾਂ ਥਾਵਾਂ ’ਤੇ ਦੁਕਾਨਾਂ, ਜਨਤਕ ਟਰਾਂਸਪੋਰਟ, ਵਪਾਰਕ ਅਦਾਰੇ ਅਤੇ ਵਿੱਦਿਅਕ ਸੰਸਥਾਨ ਬੰਦ ਰਹੇ। ਵਾਦੀ ਵਿਚ ਵੀਰਵਾਰ ਨੂੰ 2 ਮੁਕਾਬਲਿਆਂ ਵਿਚ ਕੁਲ 6 ਅੱਤਵਾਦੀ ਢੇਰ ਹੋ ਗਏ, ਜਦਕਿ ਇਕ ਨਾਗਰਿਕ ਮਾਰਿਆ ਗਿਆ ਸੀ ਅਤੇ 2 ਜਵਾਨ ਵੀ ਸ਼ਹੀਦ ਹੋ ਗਏ ਸਨ।

ਸਈਅਦ ਅਲੀ ਸ਼ਾਹ ਗਿਲਾਨੀ, ਮੀਰਵਾਇਜ਼ ਉਮਰ ਫਾਰੂਕ ਅਤੇ ਯਾਸੀਨ ਮਲਿਕ ਦੀ ਅਗਵਾਈ ਵਾਲੇ ਜੇ. ਆਰ. ਐੱਲ. ਨੇ ਸੁਰੱਖਿਆ ਏਜੰਸੀਆਂ ਦੇ ਹੱਥੋਂ ਨਿਰਦੋਸ਼ ਕਸ਼ਮੀਰ ਲੋਕਾਂ ਦੇ ਮਾਰੇ ਜਾਣ ਦਾ ਦੋਸ਼ ਲਾਉਂਦੇ ਹੋਏ ਬੰਦ ਦਾ ਸੱਦਾ ਦਿੱਤਾ। ਕਿਸੇ ਮੰਦਭਾਗੀ ਘਟਨਾ ਤੋਂ ਬਚਣ ਲਈ ਪ੍ਰਸ਼ਾਸਨ ਨੇ ਅਹਿਤਿਆਤ ਦੇ ਤੌਰ ’ਤੇ ਸਕੂਲ ਅਤੇ ਕਾਲਜ ਬੰਦ ਕਰਨ ਦੇ ਹੁਕਮ ਦਿੱਤੇ ਹਨ। ਅੱਜ ਹੋਣ ਵਾਲੀ ਪੋਸਟਗ੍ਰੈਜੂਏਸ਼ਨ ਦਾਖਲਾ ਪ੍ਰੀਖਿਆ ਵੀ ਕਸ਼ਮੀਰ ਯੂਨੀਵਰਸਿਟੀ ਵਲੋਂ ਰੱਦ ਕਰ ਦਿੱਤੀ ਗਈ। ਸ਼੍ਰੀਨਗਰ ਅਤੇ ਹੋਰਨਾਂ ਜ਼ਿਲਿਆ ਦੇ ਨਾਜ਼ੁਕ ਇਲਾਕਿਆਂ ਵਿਚ ਪੁਲਸ ਅਤੇ ਕੇਂਦਰੀ ਰਿਜ਼ਰਵ ਪੁਲਸ ਬਲ (ਸੀ. ਆਰ. ਪੀ. ਐੱਫ.) ਦੇ ਜਵਾਨਾਂ ਦੀ ਭਾਰੀ ਤਾਇਨਾਤੀ ਕੀਤੀ ਗਈ ਹੈ।

3 ਸਾਲ ਦੀ ਬੱਚੀ ਨਾਲ ਜਬਰ-ਜ਼ਨਾਹ ਦੇ ਵਿਰੋਧ ’ਚ ਕਲਾਸਾਂ ਮੁਲਤਵੀ
ਬਾਂਦੀਪੋਰਾ ਦੇ ਸੁੰਬਲ ਇਲਾਕੇ ਵਿਚ ਬੀਤੀ 8 ਮਈ ਨੂੰ 3 ਸਾਲ ਦੀ ਬੱਚੀ ਨਾਲ ਜਬਰ-ਜ਼ਨਾਹ ਦੇ ਵਿਰੋਧ ਵਿਚ ਵਿਦਿਆਰਥੀਆਂ ਦੇ ਅੰਦੋਲਨ ਨੂੰ ਵੇਖਦੇ ਹੋਏ ਵਾਦੀ ਵਿਚ ਜ਼ਿਆਦਾਤਰ ਵਿੱਦਿਅਕ ਸੰਸਥਾਵਾਂ ਵਿਚ ਅਹਿਤਿਆਤ ਦੇ ਤੌਰ ’ਤੇ ਕਲਾਸਾਂ ਮੁਲਤਵੀ ਕੀਤੀਆਂ ਗਈਆਂ ਪਰ ਵੱਖਵਾਦੀਆਂ ਦੇ ਸੰਗਠਨ ਵਲੋਂ ਦਿੱਤੇ ਗਏ ਹੜਤਾਲ ਦੇ ਸੱਦੇ ਦੇ ਮੱਦੇਨਜ਼ਰ ਸੁਰੱਖਿਆ ਕਾਰਨਾਂ ਕਰ ਕੇ ਅੱਜ ਨਿਰਧਾਰਿਤ ਸਾਰੀਆਂ ਪ੍ਰੀਖਿਆਵਾਂ ਅਤੇ ਕਲਾਸਾਂ ਮੁਲਤਵੀ ਕਰ ਦਿੱਤੀਆਂ ਗਈਆਂ। ਦੱਖਣੀ ਕਸ਼ਮੀਰ ਦੇ ਅਵੰਤੀਪੁਰਾ ਸਥਿਤ ਆਈ. ਯੂ. ਐੱਸ. ਟੀ. ਵਿਚ ਅਹਿਤਿਆਤ ਦੇ ਤੌਰ ’ਤੇ 4 ਦਿਨਾਂ ਤੋਂ ਸਾਰੀਆਂ ਕਲਾਸਾਂ ਮੁਲਤਵੀ ਹਨ।


Inder Prajapati

Content Editor

Related News