ਬਾਰਾਮੁਲਾ ਹਮਲੇ ''ਚ ਲਸ਼ਕਰ-ਏ-ਤੋਇਬਾ ਦਾ ਹੱਥ : ਵਿਜੇ ਕੁਮਾਰ
Monday, Aug 17, 2020 - 04:01 PM (IST)
ਸ਼੍ਰੀਨਗਰ- ਜੰਮੂ-ਕਸ਼ਮੀਰ 'ਚ ਕਸ਼ਮੀਰ ਖੇਤਰ ਦੇ ਪੁਲਸ ਡਾਇਰੈਕਟਰ ਜਨਰਲ ਕੇ. ਵਿਜੇ ਕੁਮਾਰ ਨੇ ਸੋਮਵਾਰ ਨੂੰ ਕਿਹਾ ਕਿ ਬਾਰਾਮੂਲਾ 'ਚ ਸੁਰੱਖਿਆ ਦਸਤਿਆਂ 'ਤੇ ਹੋਏ ਹਮਲੇ ਦੇ ਪਿੱਛੇ ਲਸ਼ਕਰ-ਏ-ਤੋਇਬਾ ਦਾ ਹੱਥ ਹੈ। ਅੱਤਵਾਦੀਆਂ ਨੇ ਸੋਮਵਾਰ ਸਵੇਰੇ ਸੁਰੱਖਿਆ ਦਸਤਿਆਂ 'ਤੇ ਹਮਲਾ ਕੀਤਾ ਸੀ, ਜਿਨ੍ਹਾਂ 'ਚ ਕੇਂਦਰੀ ਰਿਜ਼ਰਵ ਪੁਲਸ ਫੋਰਸ ਦੇ 2 ਜਵਾਨ ਅਤੇ ਸੂਬਾ ਪੁਲਸ ਦੇ ਵਿਸੇਸ਼ ਮੁਹਿੰਮ ਦਲ ਦਾ ਇਕ ਸਿਪਾਹੀ ਸ਼ਹੀਦ ਹੋ ਗਿਆ। ਸ਼੍ਰੀ ਕੁਮਾਰ ਨੇ ਦੱਸਿਆ ਕਿ ਹਾਲ ਦੇ ਦਿਨਾਂ 'ਚ ਅੱਤਵਾਦੀਆਂ ਨੇ ਆਪਣੀ ਰਣਨੀਤੀ ਬਦਲ ਲਈ ਹੈ ਅਤੇ ਸੁਰੱਖਿਆ ਦਸਤਿਆਂ 'ਤੇ 2-3 ਹਮਲੇ ਕੀਤੇ ਹਨ। ਉਨ੍ਹਾਂ ਕਿਹਾ ਕਿ ਅੱਤਵਾਦੀਆਂ ਨੂੰ ਬਹੁਤ ਜਲਦ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਤਿੰਨ ਅੱਤਵਾਦੀ ਸੰਘਣੇ ਜੰਗਲਾਂ ਤੋਂ ਆਏ ਅਤੇ ਬਾਰਾਮੂਲਾ ਜ਼ਿਲ੍ਹੇ 'ਚ ਪਾਟਨ ਦੇ ਕਰੀਰੀ 'ਚ ਸੁਰੱਖਿਆ ਦਸਤਿਆਂ ਦੀ ਸਾਂਝੀ ਚੌਕੀ 'ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਹਾਦਸੇ ਵਾਲੀ ਜਗ੍ਹਾ 'ਤੇ ਸੁਰੱਖਿਆ ਦਸਤਿਆਂ ਨੂੰ ਭੇਜ ਦਿੱਤਾ ਗਿਆ ਹੈ ਅਤੇ ਪੂਰੇ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਨਾਕਾ ਚੌਕੀ 'ਤੇ ਘੱਟ ਗਿਣਤੀ 'ਚ ਸੁਰੱਖਿਆ ਕਰਮੀ ਤਾਇਨਾਤ ਕੀਤੇ ਗਏ ਹਨ, ਇਸ ਕਾਰਨ ਅੱਤਵਾਦੀ ਨਾਕਾ ਚੌਕੀਆਂ ਨੂੰ ਨਿਸ਼ਾਨਾ ਬਣਾ ਰਹੇ ਹਨ। ਉਨ੍ਹਾਂ ਕਿਹਾ ਕਿ ਘਾਟੀ 'ਚ ਇਸ ਤਰ੍ਹਾਂ ਦਾ ਇਹ ਦੂਜਾ ਮਾਮਲਾ ਹੈ। ਇਸ ਤੋਂ ਪਹਿਲਾਂ ਅੱਤਵਾਦੀਆਂ ਨੇ ਪੁਲਸ ਦਲ 'ਤੇ ਹਮਲਾ ਕੀਤਾ ਸੀ, ਜਿਸ 'ਚ 2 ਪੁਲਸ ਮੁਲਾਜ਼ਮ ਸ਼ਹੀਦ ਹੋ ਗਏ ਸਨ ਅਤੇ ਇਕ ਪੁਲਸ ਮੁਲਾਜ਼ਮ ਜ਼ਖਮੀ ਹੋਇਆ ਸੀ। ਉਨ੍ਹਾਂ ਕਿਹਾ ਕਿ ਸੁਰੱਖਿਆ ਦਸਤਿਆਂ ਨੇ ਅੱਤਵਾਦੀਆਂ ਦੀ ਮੌਜੂਦਗੀ ਦੀ ਸੂਚਨਾ ਤੋਂ ਬਾਅਦ ਘੇਰਾਬੰਦੀ ਅਤੇ ਤਲਾਸ਼ ਮੁਹਿੰਮ ਸ਼ੁਰੂ ਕੀਤੀ। ਇਸ ਦੌਰਾਨ ਅੱਤਵਾਦੀਆਂ ਨੇ ਕਈ ਵਾਰ ਗੋਲੀਬਾਰੀ ਕੀਤੀ ਪਰ ਇਸ ਤੋਂ ਬਾਅਦ ਉਹ ਦੌੜਨ 'ਚ ਕਾਮਯਾਬ ਹੋ ਗਏ।