ਕਸ਼ਮੀਰ ਦੇ ਗੁਲਮਰਗ ''ਚ ਤਾਜ਼ਾ ਬਰਫ਼ਬਾਰੀ, ਮੈਦਾਨੀ ਇਲਾਕਿਆਂ ''ਚ ਪਿਆ ਮੀਂਹ
Tuesday, Mar 12, 2024 - 04:18 PM (IST)
ਸ਼੍ਰੀਨਗਰ- ਕਸ਼ਮੀਰ ਘਾਟੀ ਦੇ ਕੁਝ ਹਿੱਸਿਆਂ 'ਚ ਪਿਛਲੇ 24 ਘੰਟਿਆਂ ਦੌਰਾਨ ਮੀਂਹ ਪਿਆ ਅਤੇ ਵਿਸ਼ਵ ਪ੍ਰਸਿੱਧ ਸਕੀ ਰਿਜ਼ਾਰਟ ਗੁਲਮਰਗ 'ਚ ਤਾਜ਼ਾ ਬਰਫ਼ਬਾਰੀ ਹੋਈ, ਜਦਕਿ ਮੈਦਾਨੀ ਇਲਾਕਿਆਂ ਵਿਚ ਮੀਂਹ ਪਿਆ। ਮੌਸਮ ਵਿਭਾਗ ਮੁਤਾਬਕ ਗੁਲਮਰਗ ਵਿਚ ਅੱਜ ਸਵੇਰੇ 8.30 ਵਜੇ ਤੱਕ 2.0 ਸੈਂਟੀਮੀਟਰ ਬਰਫ਼ਬਾਰੀ ਹੋਈ ਅਤੇ 2.2 ਮਿਲੀਮੀਟਰ ਮੀਂਹ ਪਿਆ। ਜਿਸ ਨਾਲ ਕਈ ਥਾਵਾਂ 'ਤੇ ਪਾਰਾ ਹੇਠਾਂ ਆ ਗਿਆ। ਹਿਮਾਚਲ ਪ੍ਰਦੇਸ਼ ਚ ਅੱਜ ਮੌਸਮ ਖ਼ੁਸ਼ਕ ਰਹਿਣ ਦੇ ਆਸਾਰ ਹਨ, ਜਦਕਿ 13 ਮਾਰਚ ਨੂੰ ਤੇਜ਼ ਹਵਾਵਾਂ, ਗਰਜ ਅਤੇ ਬਿਜਲੀ ਚਮਕਣ ਨਾਲ ਹੀ ਕਈ ਥਾਵਾਂ 'ਤੇ ਹਲਕੇ ਤੋਂ ਮੱਧ ਮੀਂਹ ਅਤੇ ਬਰਫ਼ਬਾਰੀ ਪੈਣ ਦਾ ਅਨੁਮਾਨ ਹੈ।
ਉੱਥੇ ਹੀ 14 ਮਾਰਚ ਨੂੰ ਬੱਦਲ ਛਾਏ ਰਹਿਣਗੇ ਅਤੇ ਕੁਝ ਥਾਵਾਂ 'ਤੇ ਹਲਕਾ ਮੀਂਹ ਅਤੇ ਬਰਫ਼ਬਾਰੀ ਦੇ ਆਸਾਰ ਹਨ। ਮੌਸਮ ਵਿਭਾਗ ਨੇ ਕਸ਼ਮੀਰ ਘਾਟੀ ਵਿਚ 15 ਤੋਂ 20 ਮਾਰਚ ਤੱਕ ਮੌਸਮ ਖ਼ੁਸ਼ਕ ਬਣੇ ਰਹਿਣ ਦਾ ਅਨੁਮਾਨ ਜਤਾਇਆ ਹੈ। ਰਾਜਧਾਨੀ ਸ਼੍ਰੀਨਗਰ ਵਿਚ ਸੋਮਵਾਰ ਦੇਰ ਰਾਤ ਘੱਟ ਤੋਂ ਘੱਟ ਤਾਪਮਾਨ 6.3 ਡਿਗਰੀ ਸੈਲਸੀਅਸ ਦੇ ਮੁਕਾਬਲੇ 5.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ, ਜੋ ਆਮ ਨਾਲੋਂ 2.2 ਡਿਗਰੀ ਸੈਲਸੀਅਸ ਵੱਧ ਰਿਹਾ।
ਮੌਸਮ ਵਿਗਿਆਨੀ ਨੇ ਪੂਰਵ-ਅਨੁਮਾਨ ਦੇ ਮੱਦੇਨਜ਼ਰ ਇਕ ਐਡਵਾਈਜ਼ਰੀ ਜਾਰੀ ਕੀਤੀ ਹੈ, ਜਿਸ ਵਿਚ ਪਹਾੜੀ ਖੇਤਰਾਂ 'ਚ ਲੋਕਾਂ ਨੂੰ ਬਰਫ਼ਬਾਰੀ ਦੇ ਖ਼ਤਰੇ ਵਾਲੇ ਅਤੇ ਢਲਾਣ ਵਾਲੇ ਖੇਤਰਾਂ ਵਿਚ ਨਾ ਜਾਣ ਦੀ ਸਲਾਹ ਦਿੱਤੀ ਗਈ ਹੈ। ਉਨ੍ਹਾਂ ਨੂੰ ਬਰਫ਼ਬਾਰੀ ਦੀਆਂ ਚੇਤਾਵਨੀਆਂ ਅਤੇ ਸਲਾਹਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਗਈ ਹੈ।