ਕੁਪਵਾੜਾ ’ਚ ਨਸ਼ੀਲੇ ਪਦਾਰਥ ਸਮੱਗਲਿੰਗ ਦੇ ਮਾਡਿਊਲ ਦਾ ਭਾਂਡਾ ਭੱਜਾ; 5 ਪੁਲਸ ਕਰਮਚਾਰੀਆਂ ਸਮੇਤ 17 ਗ੍ਰਿਫ਼ਤਾਰ

Saturday, Dec 24, 2022 - 10:46 AM (IST)

ਕੁਪਵਾੜਾ ’ਚ ਨਸ਼ੀਲੇ ਪਦਾਰਥ ਸਮੱਗਲਿੰਗ ਦੇ ਮਾਡਿਊਲ ਦਾ ਭਾਂਡਾ ਭੱਜਾ; 5 ਪੁਲਸ ਕਰਮਚਾਰੀਆਂ ਸਮੇਤ 17 ਗ੍ਰਿਫ਼ਤਾਰ

ਸ਼੍ਰੀਨਗਰ (ਭਾਸ਼ਾ/ਅਰੀਜ)- ਜੰਮੂ-ਕਸ਼ਮੀਰ ਦੇ ਕੁਪਵਾੜਾ ਜ਼ਿਲੇ ਵਿਚ ਪਾਕਿਸਤਾਨ ਤੋਂ ਨਸ਼ੀਲੇ ਪਦਾਰਥ ਸਮੱਗਲਿੰਗ ਦੇ ਇਕ ਵੱਡੇ ਮਾਡਿਊਲ ਦਾ ਭਾਂਡਾ ਭੱਜਾ। ਇਸ ਸੰਬੰਧੀ 5 ਪੁਲਸ ਕਰਮਚਾਰੀਆਂ ਸਮੇਤ 17 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਸ ਦੇ ਇਕ ਬੁਲਾਰੇ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਨਸ਼ੀਲੇ ਪਦਾਰਥ ਸਮੱਗਲਿੰਗ ਅਤੇ ਵਿਕਰੀ ਖ਼ਿਲਾਫ਼ ਆਪਣੀ ਇਕ ਸਫਲ ਕਾਰਵਾਈ ਵਿਚ ਪੁਲਸ ਨੇ 5 ਪੁਲਸ ਕਰਮਚਾਰੀਆਂ, ਸਿਆਸੀ ਵਰਕਰ, ਠੇਕੇਦਾਰ ਅਤੇ ਦੁਕਾਨਦਾਰ ਸਮੇਤ 17 ਲੋਕਾਂ ਨੂੰ ਕੁਪਵਾੜਾ ਅਤੇ ਬਾਰਾਮੂਲਾ ਜ਼ਿਲ੍ਹਿਆਂ ਦੇ ਵੱਖ-ਵੱਖ ਇਲਾਕਿਆਂ ਤੋਂ ਗ੍ਰਿਫ਼ਤਾਰ ਕੀਤਾ ਹੈ। ਬੁਲਾਰੇ ਨੇ ਕਿਹਾ ਕਿ ਗ੍ਰਿਫ਼ਤਾਰ ਲੋਕਾਂ ਵਿਚ 5 ਪੁਲਸ ਕਰਮਚਾਰੀ ਹਨ, ਜਿਨ੍ਹਾਂ ਦੀ ਪਛਾਣ ਵਿਸ਼ੇਸ਼ ਪੁਲਸ ਅਧਿਕਾਰੀਆਂ ਹਾਰੂਨ ਰਸ਼ੀਦ ਭੱਟ, ਇਰਸ਼ਾਦ ਅਹਿਮਦ ਖਾਨ, ਸੱਜਾਦ ਅਹਿਮਦ ਭੱਟ, ਜਾਹਿਦ ਮਕਬੂਲ ਡਾਰ ਅਤੇ ਕਾਂਸਟੇਬਲ ਅਬਦੁੱਲ ਮਜੀਦ ਭੱਟ ਵਜੋਂ ਹੋਈ ਹੈ। ਉਥੇ ਹੀ ਸਿਆਸੀ ਵਰਕਰ ਇਸ਼ਫਾਕ ਹਬੀਬ ਖਾਨ ਵੀ ਗ੍ਰਿਫ਼ਤਾਰ ਲੋਕਾਂ ਵਿਚ ਸ਼ਾਮਲ ਹੈ।

ਬੁਲਾਰੇ ਨੇ ਕਿਹਾ ਕਿ ਇਕ ਗੁਪਤ ਸੂਚਨਾ ਦੇ ਆਧਾਰ ’ਤੇ ਕੁੱਕੁਟ ਦੁਕਾਨ ਮਾਲਿਕ ਅਤੇ ਦਰਜੀਪੁਰਾ, ਕੁਪਵਾੜਾ ਦੇ ਵਾਸੀ ਮੁਹੰਮਦ ਵਸੀਮ ਨਜਰ ਨੂੰ ਗ੍ਰਿਫਤਾਰ ਕਰ ਕੇ ਉਸ ਦੇ ਨਿਵਾਸ ਤੋਂ ਨਸ਼ੀਲਾ ਪਦਾਰਥ ਜ਼ਬਤ ਕੀਤਾ ਗਿਆ। ਬੁਲਾਰੇ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਤੋਂ ਬਾਅਦ ਨਜਰ ਨੇ ਨਸ਼ੀਲੇ ਪਦਾਰਥ ਸਮੱਗਲਰਾਂ ਦੇ ਇਕ ਵੱਡੇ ਸਮੂਹ ਦਾ ਹਿੱਸਾ ਹੋਣ ਦੀ ਗੱਲ ਕਬੂਲੀ ਅਤੇ ਇਸ ਨਾਜਾਇਜ਼ ਕਾਰੋਬਾਰ ਵਿਚ ਸ਼ਾਮਲ ਜ਼ਿਲ੍ਹੇ ਦੇ ਨਾਲ-ਨਾਲ ਬਾਰਾਮੂਲਾ ਦੇ ਉੜੀ ਤੋਂ ਆਪਣੇ ਕੁਝ ਸਹਿਯੋਗੀਆਂ ਦੇ ਨਾਵਾਂ ਦਾ ਖੁਲਾਸਾ ਕੀਤਾ। ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਸਮੁੱਚੇ ਜ਼ਿਲੇ ਵਿਚ ਵੱਖ-ਵੱਖ ਜਗ੍ਹਾ ’ਤੇ ਛਾਪੇ ਮਾਰ ਕੇ 16 ਹੋਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ। ਬੁਲਾਰੇ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਹੋਰ ਲੋਕਾਂ ਵਿਚ ਰਿਗੀਪੋਰਾ ਵਾਸੀ ਤਾਹਿਰ ਅਹਿਮਦ ਮਲਿਕ, ਮੇਵਾ ਦੁਕਾਨਦਾਰ ਖੁਰਸ਼ੀਦ ਅਹਿਮਦ ਖਾਨ ਅਤੇ ਉਸ ਦਾ ਬੇਟਾ ਇਮਤਿਆਜ ਖਾਨ, ਪਾਕਿਸਤਾਨ ਸਥਿਤ ਅੱਤਵਾਦੀ ਹੈਂਡਲਰ ਤਮਹੀਦ ਅਹਿਮਦ ਖਾਨ, ਬਾਰਾਮੂਲਾ ਦੇ ਉੜੀ ਵਾਸੀ ਰੋਮਨ ਮੁਸ਼ਤਾਕ ਭੱਟ ਅਤੇ ਕੁਪਵਾੜਾ ਦੇ ਬਤਰਗਾਮ ਦਾ ਵਾਸੀ ਆਸਿਫ ਰਾਸ਼ਿਦ ਹਾਜਮ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਬੋਹੀਪੋਰਾ ਕੁਪਵਾੜਾ ਵਾਸੀ ਆਬਿਦ ਅਲੀ ਭੱਟ, ਠੇਕੇਦਾਰ ਤਨਵੀਰ ਅਹਿਮਦ ਵਾਨੀ, ਉੜੀ ਬਾਰਾਮੂਲਾ ਦੇ ਨਦੀਮ ਜਾਵੇਦ ਅਤੇ ਬਾਰਾਮੂਲਾ ਦੇ ਬੋਨਿਆਰ ਵਾਸੀ ਤਾਹਿਰ ਅਹਿਮਦ ਖਾਨ ਨੂੰ ਵੀ ਕੁਪਵਾੜਾ ਪੁਲਸ ਦੀਆਂ ਵੱਖ-ਵੱਖ ਟੀਮਾਂ ਨੇ ਗ੍ਰਿਫ਼ਤਾਰ ਕੀਤਾ।


author

DIsha

Content Editor

Related News