ਸਾਈਬਰ ਪੁਲਸ 1 ਹਜ਼ਾਰ ਤੋਂ ਵੱਧ ਹੈਂਡਲਰਜ਼ ਦੀ ਕਰ ਰਹੀ ਜਾਂਚ-ਪੜਤਾਲ, 10 ਸ਼ੱਕੀ ਯੂਜ਼ਰਾਂ ਤੋਂ ਵੀ ਪੁੱਛਗਿੱਛ

02/21/2020 10:34:12 PM

ਸ਼੍ਰੀਨਗਰ - ਜੰਮੂ-ਕਸ਼ਮੀਰ ਦੀ ਪੁਲਸ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮਾਂ ’ਤੇ ਮੌਜੂਦ 1 ਹਜ਼ਾਰ ਤੋਂ ਵੱਧ ਹੈਂਡਲਰਾਂ ਦੀ ਜਾਂਚ-ਪੜਤਾਲ ਕਰ ਰਹੀ ਹੈ। ਉਸ ਨੇ ਸੋਸ਼ਲ ਮੀਡੀਆ ਦੀ ਦੁਰਵਰਤੋਂ ਕੀਤੇ ਜਾਣ ਦੇ ਸਬੰਧ ’ਚ ਤਕਰੀਬਨ 10 ਸ਼ੱਕੀ ਯੂਜ਼ਰਾਂ ਤੋਂ ਵੀ ਪੁੱਛਗਿੱਛ ਕੀਤੀ ਹੈ।

ਇਸ ਹਫਤੇ ਦੇ ਮੁੱਢ ’ਚ ਕੁਝ ਲੋਕਾਂ ਦੇ ਖਿਲਾਫ ਸੋਸ਼ਲ ਮੀਡੀਆ ਦੀ ਦੁਰਵਰਤੋਂ ਕਰਨ, ਗਲਤ ਜਾਣਕਾਰੀਆਂ ਦੇਣ ਅਤੇ ਅਫਵਾਹਾਂ ਫੈਲਾਉਣ ਲਈ ਗੈਰ-ਕਾਨੂੰਨੀ ਸਰਗਰਮੀਆਂ ਨੂੰ ਰੋਕਣ ਬਾਰੇ ਆਰਡੀਨੈਂਸ ਦੇ ਤਹਿਤ ਸਮੂਹਿਕ ਐੱਫ.ਆਈ.ਆਰ. ਦਰਜ ਕੀਤੀ ਗਈ ਸੀ। ਇਸ ਐੱਫ.ਆਈ.ਆਰ. ਦੇ ਸਬੰਧ ’ਚ ਜੰਮੂ ਕਸ਼ਮੀਰ ਪੁਲਸ ਸੋਸ਼ਲ ਮੀਡੀਆ ਯੂਜ਼ਰਾਂ ਦੇ ਖਿਲਾਫ ਇਹ ਕਾਰਵਾਈ ਕਰ ਰਹੀ ਹੈ।

ਸ਼੍ਰੀਨਗਰ ’ਚ ਦਹਿਸ਼ਤਗਰਦੀ ਵਿਰੋਧੀ ਦਸਤੇ ਅਤੇ ਸਾਈਬਰ ਪੁਲਸ ਦੇ ਮੁਖੀ ਤਾਹਿਰ ਅਸ਼ਰਫ ਨੇ ਦੱਸਿਆ ਕਿ ਵੀ.ਪੀ.ਐੱਨ. (ਵਰਚੂਅਲ ਪ੍ਰਾਈਵੇਟ ਨੈੱਟਵਰਕ) ਦੀ ਗਲਤ ਵਰਤੋਂ ਕਰਨਾ ਵੀ ਗੈਰ-ਕਾਨੂੰਨੀ ਸਰਗਰਮੀਆਂ ਦੇ ਘੇਰੇ ’ਚ ਆਉਂਦਾ ਹੈ, ਕਿਉਂਕਿ ਸਰਕਾਰ ਨੇ ਕਸ਼ਮੀਰ ’ਚ ਸੋਸ਼ਲ ਮੀਡੀਆ ਦੀ ਵਰਤੋਂ ’ਤੇ ਅਸਥਾਈ ਤੌਰ ’ਤੇ ਪਾਬੰਦੀ ਲਾਈ ਹੋਈ ਹੈ। ਉਨ੍ਹਾਂ ਕਿਹਾ ਕਿ ਅਸੀਂ ਘਾਟੀ ’ਚ ਸੰਚਾਰ ਬਹਾਲ ਕਰਨ ਦੇ ਦੌਰ ’ਚ ਹਾਂ ਅਤੇ ਸਰਕਾਰ ਸਹਿਜੇ-ਸਹਿਜੇ ਪਾਬੰਦੀਆਂ ’ਚ ਢਿੱਲ ਦੇ ਰਹੀ ਹੈ।

4 ਜੀ ਨੈੱਟਵਰਕ ਸੇਵਾ ’ਤੇ ਅਜੇ ਵੀ ਪਾਬੰਦੀ
ਕਸ਼ਮੀਰ ’ਚ 2 ਜੀ ਇੰਟਰਨੈੱਟ ਸੇਵਾ ਬਹਾਲ ਹੋਣ ਤੋਂ ਬਾਅਦ ਜੰਮੂ-ਕਸ਼ਮੀਰ ਪ੍ਰਸ਼ਾਸਨ ਨੇ 14 ਫਰਵਰੀ ਨੂੰ ਹੁਕਮ ਜਾਰੀ ਕਰ ਕੇ ਘਾਟੀ ’ਚ ਸੋਸ਼ਲ ਮੀਡੀਆ ਦੀ ਵਰਤੋਂ ’ਤੇ ਪਾਬੰਦੀ ਲਾ ਦਿੱਤੀ ਸੀ। ਉਦੋਂ ਤੋਂ ਕਈ ਹੁਕਮਾਂ ’ਚ ਉਸ ਨੇ ਸਿਰਫ 1485 ਵੈੱਬਸਾਈਟਾਂ ਨੂੰ ਮਨਜ਼ੂਰੀ ਦਿੱਤੀ ਹੈ, ਜਿਨ੍ਹਾਂ ਦਾ ਘਾਟੀ ’ਚ ਇਸਤੇਮਾਲ ਕੀਤਾ ਜਾ ਸਕਦਾ ਹੈ। ਪਿਛਲੇ ਸਾਲ 5 ਅਗਸਤ ਨੂੰ ਜੰਮੂ-ਕਸ਼ਮੀਰ ਦੇ ਵਿਸ਼ੇਸ਼ ਦਰਜੇ ਨੂੰ ਖਤਮ ਕੀਤੇ ਜਾਣ ਤੋਂ ਬਾਅਦ ਉਸ ਨੂੰ ਦੋ ਕੇਂਦਰ ਸ਼ਾਸਿਤ ਰਾਜਾਂ ’ਚ ਤਬਦੀਲ ਕਰ ਦਿੱਤਾ ਗਿਆ ਸੀ।

ਅਜਿਹਾ ਕੀਤੇ ਜਾਣ ਤੋਂ ਬਾਅਦ ਜੰਮੂ-ਕਸ਼ਮੀਰ ਪ੍ਰਸ਼ਾਸਨ ਨੇ ਘਾਟੀ ’ਚ ਬਰਾਡਬੈਂਡ ਇੰਟਰਨੈੱਟ ਸੇਵਾ ਅਤੇ ਫਿਕਸਡ ਲਾਈਨ ਨੈੱਟਵਰਕਸ ਸਮੇਤ ਹਰ ਤਰ੍ਹਾਂ ਦੀਆਂ ਸੰਚਾਰ ਸੇਵਾਵਾਂ ਨੂੰ ਬੰਦ ਕਰ ਦਿੱਤਾ ਸੀ। ਅਕਤੂਬਰ ਪਿੱਛੋਂ ਕਸ਼ਮੀਰ ’ਚ ਸੰਚਾਰ ਸੇਵਾਵਾਂ ਨੂੰ ਪੜਾਅਵਾਰ ਢੰਗ ਨਾਲ ਬਹਾਲ ਕੀਤਾ ਗਿਆ ਹੈ। ਕਸ਼ਮੀਰ ’ਚ 4 ਜੀ ਇੰਟਰਨੈੱਟ ਸੇਵਾ ਅਤੇ ਬਰਾਡਬੈਂਡ ਸੇਵਾਵਾਂ ’ਤੇ ਪਾਬੰਦੀ ਅਜੇ ਵੀ ਜਾਰੀ ਹੈ।

ਗਿਲਾਨੀ ਦੀ ਮੌਤ ਬਾਰੇ ਅਫਵਾਹ ’ਤੇ ਵੀ ਕਾਰਵਾਈ
ਜੰਮੂ-ਕਸ਼ਮੀਰ ਪੁਲਸ ਨੇ ਦਸੰਬਰ 2019 ਤੋਂ ਬਾਅਦ ਕਈ ਮੌਕਿਆਂ ’ਤੇ ਸੋਸ਼ਲ ਮੀਡੀਆ ਤੇ ਬੀਮਾਰ ਹੁਰੀਅਤ ਆਗੂ ਸਈਅਦ ਅਲੀ ਗਿਲਾਨੀ (91) ਦੀ ਮੌਤ ਬਾਰੇ ਅਫਵਾਹ ਫੈਲਣ ਤੋਂ ਬਾਅਦ ਸੋਸ਼ਲ ਮੀਡੀਆ ਯੂਜ਼ਰਾਂ ਦੇ ਖਿਲਾਫ ਆਪਣੀ ਕਾਰਵਾਈ ਨੂੰ ਹੋਰ ਤੇਜ਼ ਕਰ ਦਿੱਤਾ ਹੈ।

ਜੰਮੂ-ਕਸ਼ਮੀਰ ਪੁਲਸ ਪਿਛਲੇ 3 ਹਫਤਿਆਂ ਦੌਰਾਨ ਸੋਸ਼ਲ ਮੀਡੀਆ ’ਤੇ ਪ੍ਰਸਾਰਤ ਹੋਏ 2 ਵੀਡੀਓ ਸੁਨੇਹਿਆਂ ਨੂੰ ਅਪਲੋਡ ਕਰਨ ਵਾਲੇ ਅਸਲ ਵਿਅਕਤੀਆਂ ਦਾ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਜਿਸ ’ਚ ਗਿਲਾਨੀ ਖੁਦ ਨੂੰ ਦਫਨਾਉਣ ਬਾਰੇ ਅੰਤਿਮ ਇੱਛਾ ਦਾ ਇਜ਼ਹਾਰ ਕਰ ਰਹੇ ਸਨ ਅਤੇ ਆਪਣੀ ਰਾਜਸੀ ਤੇ ਧਾਰਮਿਕ ਵਿਚਾਰਧਾਰਾ ਦੱਸ ਰਹੇ ਸਨ। ਅਸ਼ਰਫ ਨੇ ਦੱਸਿਆ ਕਿ ਅਸੀਂ ਇਹ ਵੀਡੀਓਜ਼ ਦੇ ਸਬੰਧ ’ਚ ਗਿਲਾਨੀ ਦੀ ਰਿਹਾਇਸ਼ਗਾਹ ’ਤੇ ਦੋ ਲੋਕਾਂ ਤੋਂ ਪੁੱਛਗਿੱਛ ਕੀਤੀ ਹੈ।


Inder Prajapati

Content Editor

Related News