ਜ਼ਹਿਰੀਲੀ ਹੋ ਗਈ ਜਲੇਬੀ, 50 ਲੋਕਾਂ ਦੀ ਵਿਗੜੀ ਸਿਹਤ
Thursday, Nov 07, 2024 - 11:54 AM (IST)
ਆਰਾ- ਜਲੇਬੀ ਖਾਣ ਨਾਲ ਵੱਡੀ ਗਿਣਤੀ 'ਚ ਲੋਕ ਬੀਮਾਰ ਪੈ ਗਏ। ਮਠਿਆਈ ਦੀ ਇਕ ਦੁਕਾਨ 'ਚ ਬਣੀ ਜਲੇਬੀ ਖਾਣ ਮਗਰੋਂ ਲੱਗਭਗ 50 ਤੋਂ ਵੱਧ ਲੋਕਾਂ ਦੀ ਸਿਹਤ ਵਿਗੜ ਗਈ। ਮਿਲੀ ਜਾਣਕਾਰੀ ਮੁਤਾਬਕ ਮਾਮਲਾ ਬਿਹਾਰ ਦੇ ਆਰਾ ਸਿਟੀ ਥਾਣਾ ਖੇਤਰ ਦੇ ਬਾਬੂ ਬਾਜ਼ਾਰ ਦਾ ਹੈ, ਜਿੱਥੇ ਵੱਖ-ਵੱਖ ਥਾਵਾਂ ਤੋਂ ਲੋਕਾਂ ਨੇ ਜਲੇਬੀ ਖਰੀਦ ਕੇ ਖਾਧੀ। ਜਲੇਬੀ ਖਾਣ ਦੇ 10 ਮਿੰਟਾਂ ਬਾਅਦ ਹੀ ਲੋਕਾਂ ਨੂੰ ਪੇਟ ਦਰਦ, ਉਲਟੀਆਂ ਅਤੇ ਦਸਤ ਦੀ ਸ਼ਿਕਾਇਤ ਸ਼ੁਰੂ ਹੋਣ ਲੱਗੀ। ਹਰ ਕੋਈ ਇਲਾਜ ਲਈ ਇਕ-ਇਕ ਕਰਕੇ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ 'ਚ ਦਾਖਲ ਹੋਣ ਲੱਗਾ।
ਇਹ ਵੀ ਪੜ੍ਹੋ- ਯਾਤਰੀਆਂ ਲਈ ਖੁਸ਼ਖ਼ਬਰੀ, ਛੱਠ ਪੂਜਾ ਮੌਕੇ ਰੇਲਵੇ ਨੇ ਚਲਾਈ ਸਪੈਸ਼ਲ ਰੇਲਗੱਡੀ
ਜਲੇਬੀ ਖਾਣ ਵਾਲੇ ਲੋਕਾਂ ਦੀ ਸਿਹਤ ਵਿਗੜਨ ਲੱਗੀ ਅਤੇ ਉਹ ਇਲਾਜ ਲਈ ਸਦਰ ਹਸਪਤਾਲ ਪਹੁੰਚਣ ਲੱਗੇ। ਸਦਰ ਹਸਪਤਾਲ 'ਚ ਬੈੱਡਾਂ ਦੀ ਘਾਟ ਕਾਰਨ ਕਈ ਲੋਕਾਂ ਨੂੰ ਪ੍ਰਾਈਵੇਟ ਕਲੀਨਿਕਾਂ 'ਚ ਦਾਖ਼ਲ ਕਰਵਾਇਆ ਗਿਆ। ਆਰਾ ਸਦਰ ਹਸਪਤਾਲ ਦੇ ਮੌਜੂਦਾ ਡਾਕਟਰ ਅਖਿਲੇਸ਼ ਕੁਮਾਰ ਨੇ ਦੱਸਿਆ ਕਿ ਜਲੇਬੀ ਵਿਚ ਜ਼ਹਿਰ ਹੋਣ ਕਾਰਨ ਲੋਕਾਂ ਦੀ ਸਿਹਤ ਵਿਗੜੀ। ਸਾਰਿਆਂ ਦਾ ਇਲਾਜ ਕੀਤਾ ਜਾ ਰਿਹਾ ਹੈ। ਫਿਲਹਾਲ ਸਾਰੇ ਖਤਰੇ ਤੋਂ ਬਾਹਰ ਹਨ।
ਇਹ ਵੀ ਪੜ੍ਹੋ- ਜੇਕਰ ਤੁਹਾਡਾ ਵੀ ਫੋਨ ਚੋਰੀ ਜਾਂ ਗੁੰਮ ਹੋ ਗਿਆ ਤਾਂ ਘਬਰਾਓ ਨਹੀਂ, ਆਸਾਨੀ ਨਾਲ ਕਰੋ UPI ID ਬੰਦ
ਸੂਚਨਾ ਮਿਲਣ ਤੋਂ ਬਾਅਦ ਪ੍ਰਸ਼ਾਸਨਿਕ ਅਧਿਕਾਰੀ ਵੀ ਹਸਪਤਾਲ ਪੁੱਜੇ ਅਤੇ ਸਥਿਤੀ ਦਾ ਜਾਇਜ਼ਾ ਲਿਆ। ਐਸ. ਡੀ. ਓ ਨੇ ਜਲੇਬੀ ਦੀ ਦੁਕਾਨ ਸੀਲ ਕੀਤੀ। ਇਸ ਤੋਂ ਇਲਾਵਾ ਦੁਕਾਨ ਤੋਂ ਜਲੇਬੀ ਬਣਾਉਣ ਦਾ ਸਾਮਾਨ ਵੀ ਜ਼ਬਤ ਕਰ ਲਿਆ ਗਿਆ ਹੈ। ਜਾਂਚ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।