ਜੈਸ਼ ਕਰ ਰਿਹੈ ਵੱਡੇ ਦਹਿਸ਼ਤਗਰਦ ਹਮਲੇ ਦੀ ਤਿਆਰੀ
Monday, Nov 11, 2019 - 01:44 AM (IST)

ਨਵੀਂ ਦਿੱਲੀ— ਰਾਮ ਜਨਮ ਭੂਮੀ ਅਤੇ ਬਾਬਰੀ ਮਸਜਿਦ ਝਗੜੇ ਬਾਰੇ ਸੁਪਰੀਮ ਕੋਰਟ ਦੇ ਫੈਸਲੇ ਦੇ ਮੱਦੇਨਜ਼ਰ ਕਈ ਸੁਰੱਖਿਆ ਏਜੰਸੀਆਂ ਨੇ ਸਰਕਾਰ ਨੂੰ ਵੱਡੇ ਦਹਿਸ਼ਤਗਰਦ ਹਮਲੇ ਦੇ ਖਤਰੇ ਬਾਰੇ ਖਬਰਦਾਰ ਕੀਤਾ। ਪਿਛਲੇ 10 ਦਿਨਾਂ ਤੋਂ ਉਤਰ ਪ੍ਰਦੇਸ਼ ਦੀ ਸਰਕਾਰ ਨੂੰ ਪਾਕਿਸਤਾਨ ਵਿਚਲੀ ਜੈਸ਼-ਏ-ਮੁਹੰਮਦ ਦਹਿਸ਼ਤਗਰਦ ਜਥੇਬੰਦੀ ਦੇ ਕਈ ਦਹਿਸ਼ਤਪਸੰਦਾਂ ਦੀ ਰਾਜ ਵਿਚ ਮੌਜੂਦਗੀ ਬਾਰੇ ਖੁਫੀਆ ਏਜੰਸੀਆਂ ਚੌਕਸ ਕਰਦੀਆਂ ਆ ਰਹੀਆਂ ਹਨ।
ਕਈ ਖੁਫੀਆ ਏਜੰਸੀਆਂ, ਜਿਨ੍ਹਾਂ ਵਿਚ ਫੌਜ ਦੀ ਇੰਟੈਲੀਜੈਂਸ ਸੇਵਾ, ਖੋਜ ਤੇ ਵਿਸ਼ਲੇਸ਼ਣ ਵਿੰਗ (ਰਾਅ) ਅਤੇ ਇੰਟੈਲੀਜੈਂਸ ਬਿਊਰੋ (ਆਈ. ਬੀ.) ਸ਼ਾਮਲ ਹਨ, ਨੇ ਇਕ ਵਾਰ ਫਿਰ ਸਰਕਾਰ ਨੂੰ ਸੂਚਿਤ ਕੀਤਾ ਹੈ ਕਿ ਦਹਿਸ਼ਤਗਰਦ ਕਿਸੇ ਵੀ ਵੱਡੀ ਵਾਰਦਾਤ ਨੂੰ ਅੰਜਾਮ ਦੇ ਸਕਦੇ ਹਨ। ਇਕ ਸੀਨੀਅਰ ਅਧਿਕਾਰੀ ਨੇ ਨਾਂ ਗੁਪਤ ਰੱਖਣ ਦੀ ਸ਼ਰਤ 'ਤੇ ਦੱਸਿਆ ਕਿ ਇਹ ਦਹਿਸ਼ਤਗਰਦ ਖਤਰੇ ਦੀ ਗੰਭੀਰਤਾ ਨੂੰ ਦਰਸਾਉਂਦੀਆਂ ਸੂਚਨਾਵਾਂ ਹਨ। ਸਾਰੀਆਂ ਏਜੰਸੀਆਂ ਆਪਣੀ-ਆਪਣੀ ਪੱਧਰ 'ਤੇ ਦਹਿਸ਼ਤਗਰਦ ਹਮਲੇ ਦੇ ਖਤਰੇ ਬਾਰੇ ਇਕੋ ਸਿੱਟੇ 'ਤੇ ਪੁੱਜੀਆਂ ਹਨ।
ਅਧਿਕਾਰੀ ਨੇ ਕਿਹਾ ਕਿ ਦਹਿਸ਼ਤਗਰਦ ਹਮਲਿਆਂ ਦੀਆਂ ਸੰਭਾਵਨਾਵਾਂ ਨਾਲ ਜੁੜੀਆਂ ਖਬਰਾਂ ਲਗਾਤਾਰ ਵਧ ਰਹੀਆਂ ਹਨ। ਉਨ੍ਹਾਂ ਕਿਹਾ ਕਿ ਦਹਿਸ਼ਤਗਰਦਾਂ ਵਲੋਂ ਜ਼ਿਆਦਾਤਰ ਗੱਲਾਂਬਾਤਾਂ ਡਾਰਕ ਵੈੱਬ ਰਾਹੀਂ ਕੀਤੀਆਂ ਗਈਆਂ ਹਨ। ਜਿਹੜੀਆਂ ਇਨਕ੍ਰਿਪਟਿਡ ਕੋਡ ਵਿਚ ਸਨ। ਸੁਰੱਖਿਆ ਏਜੰਸੀਆਂ ਨੂੰ ਇਸ ਦੇ ਕੋਡ ਤੋੜਨ ਲਈ ਕਾਫੀ ਮੁਸ਼ੱਕਤ ਕਰਨੀ ਪਈ।