ਜੈਰਾਮ ਠਾਕੁਰ ਬੋਲੇ- ਬਿਹਤਰ ਤਾਲਮੇਲ ਨਾਲ ਭਾਜਪਾ ਸੱਤਾ ''ਚ ਕਰੇਗੀ ਵਾਪਸੀ
Wednesday, Nov 18, 2020 - 05:07 PM (IST)
ਸ਼ਿਮਲਾ— ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਕਿਹਾ ਹੈ ਕਿ ਸੂਬਾ ਸਰਕਾਰ ਅਤੇ ਪਾਰਟੀ ਸੰਗਠਨ ਦਰਮਿਆਨ ਬਿਹਤਰ ਤਾਲਮੇਲ ਹੋਣ ਨਾਲ ਨਿਸ਼ਚਿਤ ਰੂਪ ਨਾਲ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ 'ਚ ਭਾਜਪਾ ਸੱਤਾ 'ਚ ਵਾਪਸੀ ਕਰੇਗੀ। ਮੁੱਖ ਮੰਤਰੀ ਕੱਲ੍ਹ ਸ਼ਾਮ ਪ੍ਰਦੇਸ਼ ਭਾਜਪਾ ਮੁਖੀ ਅਵਿਨਾਸ਼ ਰਾਏ ਖੰਨਾ ਅਤੇ ਸਹਿ ਮੁਖੀ ਸੰਜੇ ਟੰਡਨ ਅਤੇ ਹੋਰ ਅਹੁਦਾ ਅਧਿਕਾਰੀਆਂ ਨਾਲ ਵਰਚੂਅਲ ਬੈਠਕ ਨੂੰ ਸੰਬੋਧਿਤ ਕਰ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਸਰਕਾਰ ਅਤੇ ਪਾਰਟੀ ਦਾ ਮੁੱਖ ਟੀਚਾ ਸੂਬੇ 'ਚ ਭਾਜਪਾ ਸਰਕਾਰ ਦਾ ਮਿਸ਼ਨ ਰਿਪੀਟ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਦੇਸ਼ ਸਰਕਾਰ ਦੀ ਈ-ਵਿਸਤਾਰਕ ਯੋਜਨਾ ਸੂਬੇ 'ਚ ਪਾਰਟੀ ਦੇ ਆਧਾਰ ਨੂੰ ਮਜ਼ਬੂਤ ਬਣਾਉਣ 'ਚ ਮਹੱਤਵਪੂਰਨ ਭੂਮਿਕਾ ਨਿਭਾਏਗੀ।
ਮੌਜੂਦਾ ਸਰਕਾਰ ਆਪਣੇ ਕਾਰਜਕਾਲ ਵਿਚ ਤਿੰਨ ਸਾਲ ਪੂਰਾ ਕਰਨ ਜਾ ਰਹੀ ਹੈ। ਇਹ ਕਾਰਜਕਾਲ ਉਪਲੱਬਧੀਆਂ ਭਰਿਆ ਰਿਹਾ ਹੈ। ਇਸ ਮੌਕੇ ਸ਼ਿਮਲਾ 'ਚ ਸਾਦੇ ਸਮਾਰੋਹ ਦਾ ਆਯੋਜਨ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਵਿਰੋਧੀ ਧਿਰ ਕੋਲ ਸਰਕਾਰ ਖ਼ਿਲਾਫ਼ ਕੋਈ ਮੁੱਦਾ ਨਹੀਂ ਹੈ। ਭਾਜਪਾ ਨੇ ਨਾ ਸਿਰਫ ਚਾਰੋਂ ਸੰਸਦੀ ਸੀਟਾਂ 'ਤੇ ਜਿੱਤ ਦਰਜ ਕੀਤੀ, ਸਗੋਂ ਕਿ ਪ੍ਰਦੇਸ਼ ਦੀਆਂ ਸਾਰੀਆਂ 68 ਵਿਧਾਨ ਸਭਾ ਖੇਤਰਾਂ ਵਿਚ ਲੀਡ ਹਾਸਲ ਕਰ ਕੇ ਰਿਕਾਰਡ ਵੀ ਬਣਾਇਆ ਹੈ। ਇਸ ਤੋਂ ਇਲਾਵਾ ਭਾਜਪਾ ਨੇ ਦੋਹਾਂ ਜ਼ਿਮਨੀ ਚੋਣਾਂ ਵਿਚ ਵੀ ਜਿੱਤ ਪ੍ਰਾਪਤ ਕੀਤੀ। ਇਹ ਸਭ ਪਾਰਟੀ ਅਤੇ ਸਰਕਾਰ ਦਰਮਿਆਨ ਬਿਹਤਰ ਤਾਲਮੇਲ ਨਾਲ ਸੰਭਵ ਹੋ ਸਕਿਆ ਹੈ।