ਗੈਸ ਟੈਂਕਰ ਹਾਦਸਾ; ਦੋ ਹੋਰ ਜ਼ਖ਼ਮੀਆਂ ਦੀ ਮੌਤ, ਮ੍ਰਿਤਕਾਂ ਦੀ ਗਿਣਤੀ ਵਧੀ
Wednesday, Dec 25, 2024 - 01:23 PM (IST)
ਜੈਪੁਰ- ਰਾਜਸਥਾਨ ਦੇ ਜੈਪੁਰ ਵਿਚ ਵਾਪਰੇ ਗੈਸ ਟੈਂਕਰ ਹਾਦਸੇ ਵਿਚ ਗੰਭੀਰ ਰੂਪ ਨਾਲ ਝੁਲਸੇ ਦੋ ਹੋਰ ਲੋਕਾਂ ਨੇ ਦਮ ਤੋੜ ਦਿੱਤਾ। ਇਸ ਦੇ ਨਾਲ ਹੀ ਮਰਨ ਵਾਲਿਆਂ ਦੀ ਗਿਣਤੀ ਵਧ ਕੇ 17 ਹੋ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਝੁਲਸੇ 16 ਹੋਰ ਲੋਕਾਂ ਦਾ ਇੱਥੋਂ ਦੇ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਸਰਕਾਰੀ ਐੱਸ. ਐੱਮ. ਐੱਸ. ਹਸਪਤਾਲ ਦੇ ਸੁਪਰਡੈਂਟ ਡਾ. ਸੁਸ਼ੀਲ ਭਾਟੀ ਨੇ ਦੱਸਿਆ ਕਿ ਬੁੱਧਵਾਰ ਨੂੰ ਤੜਕੇ ਇਕ ਪੁਰਸ਼ ਅਤੇ ਇਕ ਔਰਤ ਦੀ ਮੌਤ ਹੋ ਗਈ।
ਡਾਕਟਰ ਭਾਟੀ ਮੁਤਾਬਕ ਦੋ ਹੋਰ ਮੌਤਾਂ ਨਾਲ ਹੁਣ ਤੱਕ ਕੁੱਲ 17 ਲੋਕਾਂ ਦੀ ਮੌਤ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਹਸਪਤਾਲ ਵਿਚ ਦਾਖ਼ਲ ਤਿੰਨ ਲੋਕਾਂ ਦੀ ਹਾਲਤ ਅਜੇ ਵੀ ਗੰਭੀਰ ਬਣੀ ਹੋਈ ਹੈ। ਜ਼ਿਕਰਯੋਗ ਹੈ ਕਿ ਜੈਪੁਰ ਦੇ ਭਾਂਕਰੋਟਾ ਇਲਾਕੇ ਵਿਚ ਸ਼ੁੱਕਰਵਾਰ ਤੜਕੇ ਜੈਪੁਰ-ਅਜਮੇਰ ਹਾਈਵੇਅ 'ਤੇ ਇਕ ਟਰੱਕ ਨੇ CNG ਗੈਲ ਨਾਲ ਭਰੇ ਟੈਂਕਰ ਨੂੰ ਟੱਕਰ ਮਾਰ ਦਿੱਤੀ। ਇਸ ਨਾਲ ਭਿਆਨਕ ਅੱਗ ਲੱਗ ਗਈ ਅਤੇ 35 ਤੋਂ ਵੱਧ ਵਾਹਨ ਇਸ ਦੀ ਲਪੇਟ ਵਿਚ ਆ ਗਏ। ਘਟਨਾ ਵਾਲੇ ਦਿਨ 11 ਲੋਕਾਂ ਦੀ ਮੌਤ ਹੋਈ ਸੀ ਅਤੇ ਹੁਣ ਮ੍ਰਿਤਕਾਂ ਦੀ ਗਿਣਤੀ ਵੱਧ ਕੇ 17 ਹੋ ਗਈ ਹੈ।