''84 ਦੰਗਾ ਮਾਮਲਾ: ਟਾਈਟਲਰ ਨੂੰ HC ਤੋਂ ਝਟਕਾ, ਟ੍ਰਾਇਲ ਕੋਰਟ ਦੀ ਕਾਰਵਾਈ ''ਤੇ ਰੋਕ ਲਗਾਉਣ ਤੋਂ ਕੀਤਾ ਇਨਕਾਰ
Monday, Nov 11, 2024 - 11:30 PM (IST)
ਨਵੀਂ ਦਿੱਲੀ, (ਭਾਸ਼ਾ)- ਦਿੱਲੀ ਹਾਈ ਕੋਰਟ ਨੇ ਸੋਮਵਾਰ ਸਪੱਸ਼ਟ ਕੀਤਾ ਕਿ 1984 ਦੇ ਸਿੱਖ ਵਿਰੋਧੀ ਦੰਗਿਆਂ ਨਾਲ ਸਬੰਧਤ ਇਕ ਮਾਮਲੇ ’ਚ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਖਿਲਾਫ ਕਤਲ ਦੇ ਮੁਕੱਦਮੇ ਦੀ ਸੁਣਵਾਈ ਜਾਰੀ ਰਹੇਗੀ।
ਜਸਟਿਸ ਮਨੋਜ ਕੁਮਾਰ ਓਹਰੀ ਨੇ ਇਹ ਫੈਸਲਾ ਟਾਈਟਲਰ ਦੀ ਉਸ ਪਟੀਸ਼ਨ 'ਤੇ ਸੁਣਵਾਈ ਦੌਰਾਨ ਦਿੱਤਾ ਜਿਸ ’ਚ ਉਸ ਨੇ ਦਿੱਲੀ ਦੀ ਅਦਾਲਤ ’ਚ ਆਪਣੇ ਵਿਰੁੱਧ ਚੱਲ ਰਹੇ ਮੁਕੱਦਮੇ 'ਤੇ ਰੋਕ ਲਾਉਣ ਦੀ ਬੇਨਤੀ ਕੀਤੀ ਸੀ। ਅਦਾਲਤ ਮਾਮਲੇ ਦੀ ਅਗਲੀ ਸੁਣਵਾਈ 29 ਨਵੰਬਰ ਨੂੰ ਕਰੇਗੀ।
ਜਸਟਿਸ ਓਹਰੀ ਨੇ ਕਿਹਾ ਕਿ ਇਹ ਸਪੱਸ਼ਟ ਕੀਤਾ ਜਾਂਦਾ ਹੈ ਕਿ ਮੁਕੱਦਮਾ ਜਾਰੀ ਰਹੇਗਾ। ਇਹ ਮੌਜੂਦਾ ਕਾਰਵਾਈ ਦੇ ਨਤੀਜਿਆਂ ਅਧੀਨ ਹੋਵੇਗਾ। ਟਾਈਟਲਰ ਦੇ ਵਕੀਲ ਨੇ ਦਲੀਲ ਦਿੱਤੀ ਕਿ ਇਸਤਗਾਸਾ ਪੱਖ ਦੇ ਗਵਾਹ ਦੇ ਬਿਆਨ ਦਰਜ ਕਰਨ ਲਈ ਕੇਸ ਨੂੰ ਮੰਗਲਵਾਰ ਹੇਠਲੀ ਅਦਾਲਤ ’ਚ ਸੂਚੀਬੱਧ ਕੀਤਾ ਗਿਆ ਹੈ । ਸਬੰਧਤ ਅਦਾਲਤ ਨੂੰ ਟਾਈਟਲਰ ਵਿਰੁੱਧ ਕਤਲ ਤੇ ਹੋਰ ਦੋਸ਼ਾਂ ਸਬੰਧੀ ਹਾਈ ਕੋਰਟ ਦੇ ਹੁਕਮਾਂ ਤੱਕ ਮੁਕੱਦਮੇ ਦੀ ਸੁਣਵਾਈ ਨੂੰ ਰੋਕਣ ਦੇ ਨਿਰਦੇਸ਼ ਦਿੱਤੇ ਜਾਣ। ਅਪਰਾਧਾਂ ਲਈ ਦੋਸ਼ ਤੈਅ ਕਰਨ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ’ਤੇ ਫੈਸਲਾ ਆਉਣ ਤੱਕ ਕੇਸ ਦੀ ਸੁਣਵਾਈ ਨਹੀਂ ਕੀਤੀ ਜਾਣੀ ਚਾਹੀਦੀ।