ਜਗਦੀਸ਼ ਝੀਂਡਾ ਨੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਵਜੋਂ ਦਿੱਤਾ ਅਸਤੀਫ਼ਾ

Sunday, Dec 18, 2022 - 08:20 AM (IST)

ਜਗਦੀਸ਼ ਝੀਂਡਾ ਨੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਵਜੋਂ ਦਿੱਤਾ ਅਸਤੀਫ਼ਾ

ਯਮੁਨਾਨਗਰ (ਸਤੀਸ਼/ਬਿਊਰੋ)- ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਗਦੀਸ਼ ਸਿੰਘ ਝੀਂਡਾ ਵਾਸੀ ਝੀਂਡਾ, ਜ਼ਿਲ੍ਹਾ ਕਰਨਾਲ ਨੇ ਮਹਾਮਹਿਮ ਰਾਜਪਾਲ ਤੇ ਡੀ. ਸੀ. ਕੁਰੂਕਸ਼ੇਤਰ ਨੂੰ ਅਸਤੀਫ਼ਾ ਭੇਜ ਦਿੱਤਾ ਹੈ। ਇਸ ਦਾ ਖੁਲਾਸਾ ਉਨ੍ਹਾਂ ਸੈਕਟਰ-17, ਜਿਮਖਾਨਾ ਕਲੱਬ ਜਗਾਧਰੀ ’ਚ ਪ੍ਰੈੱਸ ਕਾਨਫਰੰਸ ਦੌਰਾਨ ਕੀਤਾ। ਇੱਥੇ ਸਿੱਖ ਸੰਗਤ ਵੀ ਮੌਜੂਦ ਸੀ। ਝੀਂਡਾ ਨੇ ਕਿਹਾ ਕਿ ਐਤਵਾਰ (18 ਦਸੰਬਰ) ਨੂੰ ਕੁਰੂਕਸ਼ੇਤਰ ’ਚ ਸੂਬੇ ਭਰ ਦੀ ਸਿੱਖ ਸੰਗਤ ਦੀ ਬੈਠਕ ਬੁਲਾਈ ਗਈ ਹੈ। ਇਸ ਬੈਠਕ ’ਚ ਅਗਲੀ ਰਣਨੀਤੀ ਬਣਾਈ ਜਾਵੇਗੀ। ਸਾਲ 2014 ’ਚ ਝੀਂਡਾ ਨੇ ਹਰਿਆਣਾ ਦੀ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਉਣ ਸਬੰਧੀ ਹਰਿਆਣਾ ਐਡਹਾਕ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਗਠਨ ਕੀਤਾ ਸੀ। ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਉਣ ਲਈ ਉਨ੍ਹਾਂ ਲੰਮਾ ਸੰਘਰਸ਼ ਵੀ ਕੀਤਾ ਸੀ। ਇਸ ਦੌਰਾਨ ਲਾਠੀਆਂ ਖਾਧੀਆਂ ਅਤੇ ਜੇਲ ’ਚ ਵੀ ਗਏ ਪਰ ਜਦੋਂ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਗਠਨ ਕੀਤਾ ਗਿਆ ਤਾਂ ਇਸ ਦੇ ਲਈ ਚੁਣੇ ਗਏ 38 ਮੈਂਬਰਾਂ ਵਿਚ ਸੰਘਰਸ਼ ਕਰਨ ਵਾਲੀ ਕਮੇਟੀ ਦੇ ਸਿਰਫ 4 ਮੈਂਬਰਾਂ ਨੂੰ ਹੀ ਸ਼ਾਮਲ ਕੀਤਾ ਗਿਆ।

ਇਹ ਵੀ ਪੜ੍ਹੋ : ਯੋਗੀ ਆਦਿੱਤਯਨਾਥ ਨੂੰ ਮਿਲੇ ਸੁਖਬੀਰ ਬਾਦਲ, ਸਿੱਖ ਕੌਮ ਦੇ ਸਾਰੇ ਲਟਕਦੇ ਮਸਲੇ ਹੱਲ ਕਰਨ ਦਾ ਦਿੱਤਾ ਭਰੋਸਾ

ਉਨ੍ਹਾਂ ਵੱਲੋਂ ਦੋਸ਼ ਸੀ ਕਿ ਸਿੱਖ ਸੰਗਤ ’ਚ ਵੀ ਕੁਝ ਮੈਂਬਰ ਅਜਿਹੇ ਹਨ, ਜੋ ਮੌਕਾਪ੍ਰਸਤ ਹਨ। ਕਦੇ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਕਦੇ ਭੁਪਿੰਦਰ ਸਿੰਘ ਹੁੱਡਾ ਵੱਲੋਂ ਗਠਿਤ ਕਮੇਟੀ ਅਤੇ ਹੁਣ ਹਰਿਆਣਾ ਸਰਕਾਰ ਵੱਲੋਂ ਗਠਿਤ ਕਮੇਟੀ ’ਚ ਸ਼ਾਮਲ ਹੋਏ ਹਨ। ਇਕ ਸਵਾਲ ਦੇ ਜਵਾਬ ’ਚ ਉਨ੍ਹਾਂ ਕਿਹਾ ਕਿ ਪਹਿਲਾਂ ਤੱਤਕਾਲੀਨ ਮੁੱਖ ਮੰਤਰੀ ਹੁੱਡਾ ਨੇ ਸਿੱਖ ਸੰਗਤ ਦੀ ਵਰਤੋਂ ਕੀਤੀ ਅਤੇ ਹੁਣ ਮੌਜੂਦਾ ਹਰਿਆਣਾ ਸਰਕਾਰ ਇਸ ਦਾ ਫਾਇਦਾ ਲੈਣ ਦਾ ਯਤਨ ਕਰ ਰਹੀ ਹੈ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੂੰ ਜਨਤਾ ਈਮਾਨਦਾਰ ਹੋਣ ਕਾਰਨ ਪਸੰਦ ਕਰਦੀ ਹੈ ਪਰ ਜੋ ਇਹ 36 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ, ਉਹ ਉਨ੍ਹਾਂ ਨੂੰ ਸਵੀਕਾਰ ਨਹੀਂ। ਸੂਬੇ ਦੀ ਸਿੱਖ ਸੰਗਤ ’ਚ ਵੀ ਇਸ ਕਮੇਟੀ ਦੇ ਖਿਲਾਫ ਰੋਸ ਹੈ। ਸਿੱਖ ਸੰਗਤ ਦੀ ਭਾਵਨਾ ਦਾ ਸਨਮਾਨ ਕਰਦੇ ਹੋਏ ਹੀ ਉਨ੍ਹਾਂ ਮੈਂਬਰ ਅਹੁਦੇ ਤੋਂ ਅਸਤੀਫਾ ਦਿੱਤਾ ਹੈ ਅਤੇ ਹੁਣ ਉਹ ਸੰਗਤ ਦੇ ਨਾਲ ਹੀ ਕੰਮ ਕਰਨਗੇ। ਇਹ ਪੁੱਛੇ ਜਾਣ ’ਤੇ ਕਿ ਕੀ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਵੀ ਜਾ ਸਕਦੇ ਹਨ, ਦਾ ਜਵਾਬ ਦਿੰਦਿਆਂ ਝੀਂਡਾ ਨੇ ਕਿਹਾ ਕਿ ਜੇ ਕਮੇਟੀ ਸਿੱਖ ਸੰਗਤ ਨੂੰ ਮਾਣ-ਸਨਮਾਨ ਦਿੰਦੀ ਹੈ ਤਾਂ ਉਨ੍ਹਾਂ ਨੂੰ ਉਸ ਦੇ ਨਾਲ ਜੁੜਨ ਤੋਂ ਕੋਈ ਪਰਹੇਜ਼ ਨਹੀਂ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News