ਜਾਧਵ ਮਾਮਲਾ: ICJ 'ਚ ਭਾਰਤ ਦੀ ਵੱਡੀ ਜਿੱਤ, ਫਾਂਸੀ 'ਤੇ ਰੋਕ ਜਾਰੀ
Wednesday, Jul 17, 2019 - 06:44 PM (IST)

ਹੇਗ— ਜਾਧਵ ਮਾਮਲੇ 'ਚ ਅੰਤਰਰਾਸ਼ਟਰੀ ਅਦਾਲਤ 'ਚ ਭਾਰਤ ਦੀ ਵੱਡੀ ਜਿੱਤ ਹੋਈ ਹੈ ਤੇ ਪਾਕਿਸਤਾਨ ਨੂੰ ਤਗੜਾ ਝਟਕਾ ਲੱਗਿਆ ਹੈ। ਆਈ.ਸੀ.ਜੇ. ਨੇ ਜਾਧਵ ਦੀ ਫਾਂਸੀ 'ਤੇ ਰੋਕ ਜਾਰੀ ਰੱਖਦਿਆਂ ਉਨ੍ਹਾਂ ਨੂੰ ਦੂਤਾਵਾਸ ਦੀ ਮਦਦ ਪਹੁਚਾਉਣ ਦਾ ਫੈਸਲਾ ਸੁਣਾਇਆ ਹੈ। ਇਹ ਫੈਸਲਾ 16 ਮੈਂਬਰੀ ਬੈਂਚ ਦਾ ਸੀ, ਜਿਸ 'ਚੋਂ 15 ਜੱਜਾਂ ਨੇ ਭਾਰਤ ਵੱਲ ਦੀ ਗੱਲ ਕੀਤੀ ਤੇ ਸਿਰਫ ਇਕ ਜੱਜ ਨੇ ਹੀ ਪਾਕਿਸਤਾਨ ਦਾ ਸਾਥ ਦਿੱਤਾ। ਇਸ ਦੇ ਨਾਲ ਹੀ ਬੈਂਚ ਨੇ ਪਾਕਿਸਤਾਨ ਨੂੰ ਆਪਣੇ ਫੈਸਲੇ 'ਤੇ ਮੁੜ ਵਿਚਾਰ ਕਰਨ ਲਈ ਕਿਹਾ ਹੈ।
ਜ਼ਿਕਰਯੋਗ ਹੈ ਕਿ ਪਾਕਿਸਤਾਨੀ ਫੌਜੀ ਅਦਾਲਤ ਨੇ ਅਪ੍ਰੈਲ 2017 'ਚ ਬੰਦ ਕਮਰੇ 'ਚ ਸੁਣਵਾਈ ਤੋਂ ਬਾਅਦ ਜਾਸੂਸੀ ਤੇ ਅੱਤਵਾਦ ਦੇ ਦੋਸ਼ਾਂ 'ਚ ਭਾਰਤੀ ਨੇਵੀ ਤੋਂ ਸੇਵਾਮੁਕਤ ਅਧਿਕਾਰੀ ਜਾਧਵ ਨੂੰ ਮੌਤ ਦੀ ਸਜ਼ਾ ਸੁਣਾਈ ਸੀ। ਉਨ੍ਹਾਂ ਦੀ ਮੌਤ 'ਤੇ ਭਾਰਤ ਨੇ ਸਖਤ ਪ੍ਰਤੀਕਿਰਿਆ ਜ਼ਾਹਿਰ ਕੀਤੀ ਸੀ। ਪਾਕਿਸਤਾਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਮੁਹੰਮਦ ਫੈਸਲ ਨੇ ਪਿਛਲੇ ਹਫਤੇ ਕਿਹਾ ਸੀ ਕਿ ਉਨ੍ਹਾਂ ਦਾ ਦੇਸ਼ ਜਾਧਵ ਮਾਮਲੇ 'ਚ ਆਈ.ਸੀ.ਜੇ. ਦੇ ਫੈਸਲੇ ਦਾ ਪਹਿਲਾਂ ਅੰਦਾਜ਼ਾ ਨਹੀਂ ਲਗਾ ਸਕਦਾ। ਹਾਲਾਂਕਿ ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਨੇ ਆਈ.ਸੀ.ਜੇ. 'ਚ ਇਸ ਮਾਮਲੇ 'ਚ ਆਪਣਾ ਪੱਖ ਜ਼ੋਰਦਾਰ ਤਰੀਕੇ ਨਾਲ ਰੱਖਿਆ ਹੈ।
ਭਾਰਤ ਨੇ ਪਾਕਿਸਤਾਨ ਖਿਲਾਫ ਵਿਆਨਾ ਸੰਧੀ ਦੇ ਕਾਨੂੰਨਾਂ ਦਾ ਖੁੱਲੇਆਮ ਉਲੰਘਣ ਕਰਨ ਲਈ 8 ਮਈ 2017 ਨੂੰ ਆਈ.ਸੀ.ਜੇ. ਦਾ ਦਰਵਾਜ਼ਾ ਖੜਕਾਇਆ ਸੀ। ਆਈ.ਸੀ.ਜੇ. ਦੀ 10 ਮੈਂਬਰੀ ਬੈਂਚ ਨੇ 18 ਮਈ 2017 ਨੂੰ ਪਾਕਿਸਤਾਨ ਨੂੰ ਜਾਧਵ ਦੀ ਮੌਤ ਦੀ ਸਜ਼ਾ 'ਤੇ ਅਮਲ ਤੋਂ ਰੋਕ ਦਿੱਤਾ ਸੀ। ਆਈ.ਸੀ.ਜੇ. 'ਚ ਸੁਣਵਾਈ ਦੌਰਾਨ ਭਾਰਤ ਤੇ ਪਾਕਿਸਤਾਨ ਦੋਵਾਂ ਨੇ ਆਪਣਾ-ਆਪਣਾ ਪੱਖ ਰੱਖਿਆ ਸੀ ਤੇ ਜਵਾਬ ਦਿੱਤੇ ਸਨ।