ਜੰਮੂ-ਕਸ਼ਮੀਰ ਚੋਣਾਂ: ਉਮਰ ਅਬਦੁੱਲਾ ਨੇ ਗੰਦੇਰਬਲ ਸੀਟ ਤੋਂ ਨਾਮਜ਼ਦਗੀ ਪੱਤਰ ਕੀਤਾ ਦਾਖ਼ਲ
Wednesday, Sep 04, 2024 - 03:24 PM (IST)
ਸ਼੍ਰੀਨਗਰ- ਸਾਬਕਾ ਮੁੱਖ ਮੰਤਰੀ ਅਤੇ ਨੈਸ਼ਨਲ ਕਾਨਫਰੰਸ ਦੇ ਉੱਪ ਪ੍ਰਧਾਨ ਉਮਰ ਅਬਦੁੱਲਾ ਨੇ ਬੁੱਧਵਾਰ ਨੂੰ ਗੰਦੇਰਬਲ ਵਿਧਾਨ ਸਭਾ ਸੀਟ ਤੋਂ ਆਪਣਾ ਨਾਮਜ਼ਦਗੀ ਪੱਤਰ ਦਾਖ਼ਲ ਕੀਤਾ, ਉੱਥੇ ਹੀ ਗੰਦੇਰਬਲ ਵਿਧਾਨ ਸਭਾ ਖੇਤਰ 'ਚ ਕਾਂਗਰਸ ਦੇ ਇਕ ਬਾਗੀ ਸਮੇਤ 6 ਹੋਰ ਉਮੀਦਵਾਰ ਵੀ ਮੈਦਾਨ ਵਿਚ ਉਤਰੇ। ਉਮਰ ਅਬਦੁੱਲਾ ਨਾਮਜ਼ਦਗੀ ਦਾਖ਼ਲ ਕਰਨ ਲਈ ਉੱਤਰੀ ਕਸ਼ਮੀਰ ਦੇ ਗੰਦੇਰਬਲ ਵਿਧਾਨ ਸਭਾ ਖੇਤਰ ਪਹੁੰਚੇ। ਕਈ ਸੀਨੀਅਰ ਨੈਸ਼ਨਲ ਕਾਨਫਰੰਸ ਨੇਤਾ ਅਤੇ ਪਾਰਟੀ ਵਰਕਰ ਸ਼੍ਰੀਨਗਰ ਤੋਂ ਗੰਦੇਰਬਲ ਤੱਕ ਉਨ੍ਹਾਂ ਨਾਲ ਸਨ। ਉਮਰ ਅਬਦੁੱਲਾ ਨੇ 2009 ਤੋਂ 2014 ਤੱਕ ਇਸ ਸੀਟ ਦੀ ਨੁਮਾਇੰਦਗੀ ਕੀਤੀ। ਉਨ੍ਹਾਂ ਨੇ 2014 ਦੀਆਂ ਵਿਧਾਨ ਸਭਾ ਚੋਣਾਂ ਮੱਧ ਕਸ਼ਮੀਰ ਦੇ ਬਡਗਾਮ ਜ਼ਿਲ੍ਹੇ ਦੀ ਬੀਰਵਾਹ ਵਿਧਾਨ ਸਭਾ ਸੀਟ ਤੋਂ ਲੜੀ ਸੀ ਅਤੇ ਜਿੱਤ ਹਾਸਲ ਕੀਤੀ ਸੀ।
ਬੁੱਧਵਾਰ ਨੂੰ ਨਾਮਜ਼ਦਗੀ ਦਾਖ਼ਲ ਕਰਨ ਵਾਲੇ ਉਮਰ ਦੇ ਪ੍ਰਮੁੱਖ ਵਿਰੋਧੀਆਂ ਵਿਚ ਜੰਮੂ-ਕਸ਼ਮੀਰ ਯੂਨਾਈਟੇਡ ਮੂਵਮੈਂਟ ਦੇ ਇਸ਼ਫਾਕ ਜੱਬਾਰ ਅਤੇ ਕਾਂਗਰਸ ਦੇ ਬਾਗੀ ਸਾਹਿਲ ਫਾਰੂਕ ਸ਼ਾਮਲ ਹਨ, ਜਿਨ੍ਹਾਂ ਨੇ ਸਾਬਕਾ ਮੁੱਖ ਮੰਤਰੀ ਖਿਲਾਫ਼ ਕਾਂਗਰਸ ਨੂੰ ਚੁਣੌਤੀ ਦਿੱਤੀ ਸੀ। ਡੈਮੋਕ੍ਰੇਟਿਕ ਪ੍ਰੋਗ੍ਰੇਸਿਵ ਆਜ਼ਾਦ ਪਾਰਟੀ ਦੇ ਉਮੀਦਵਾਰ ਕੈਸਰ ਅਹਿਮਦ ਨੇ ਵੀ ਨਾਮਜ਼ਦਗੀ ਪੱਤਰ ਦਾਖ਼ਲ ਕੀਤਾ ਹੈ। ਰਿਪੋਰਟਾਂ ਮੁਤਾਬਕ ਗੰਦੇਰਬਲ ਵਿਚ ਉਮਰ ਅਬਦੁੱਲਾ ਖਿਲਾਫ਼ ਕਰੀਬ 30 ਉਮੀਦਵਾਰ ਨਾਮਜ਼ਦਗੀ ਦਾਖ਼ਲ ਕਰ ਸਕਦੇ ਹਨ।
ਦੱਸ ਦੇਈਏ ਕਿ ਉਮਰ ਅਬਦੁੱਲਾ ਨੇ ਉੱਤਰੀ ਕਸ਼ਮੀਰ ਦੀ ਬਾਰਾਮੂਲਾ ਸੀਟ ਤੋਂ ਲੋਕ ਸਭਾ ਚੋਣ ਲੜੀ ਸੀ ਪਰ ਸ਼ੇਖ ਅਬਦੁੱਲ ਰਸ਼ੀਦ ਉਰਫ਼ ਇੰਜੀਨੀਅਰ ਰਸ਼ੀਦ ਤੋਂ ਹਾਰ ਗਏ ਸਨ। ਰਸ਼ੀਦ ਅੱਤਵਾਦ ਨੂੰ ਵਿੱਤੀ ਪੋਸ਼ਣ ਦੇ ਦੋਸ਼ ਵਿਚ ਤਿਹਾੜ ਜੇਲ੍ਹ ਵਿਚ ਬੰਦ ਹਨ। ਜੰਮੂ-ਕਸ਼ਮੀਰ ਦੀ 90 ਮੈਂਬਰੀ ਵਿਧਾਨ ਸਭਾ ਲੀਈ ਵੋਟਿੰਗ 18, 25 ਸਤੰਬਰ ਅਤੇ 1 ਅਕਤੂਬਰ ਨੂੰ ਹੋਣਗੀਆਂ।