ਸੰਕਟ ਦੀ ਘੜੀ ’ਚ ਜੰਮੂ-ਕਸ਼ਮੀਰ ਨੂੰ ਮਿਲੀ 207 ਮੈਗਾਵਾਟ ਵਾਧੂ ਬਿਜਲੀ, ਕੇਂਦਰ ਨੇ ਵਧਾਇਆ ਕੋਟਾ
Friday, Apr 29, 2022 - 03:23 PM (IST)
ਜੰਮੂ– ਭਿਆਨਕ ਗਰਮੀ ਦਾ ਸਾਹਮਣਾ ਕਰ ਰਹੇ ਜੰਮੂ-ਕਸ਼ਮੀਰ ਲਈ ਰਾਹਤ ਦੀ ਖਬਰ ਹੈ। ਕੇਂਦਰ ਨੇ ਹਾਲਾਤ ਨੂੰ ਵੇਖਦੇ ਹੋਏ ਸੂਬੇ ਨੂੰ 207 ਮੈਗਾਵਾਟ ਬਿਜਲੀ ਦਾ ਵਾਧੂ ਕੋਟ ਦਿੱਤਾ ਹੈ। ਬੁੱਧਵਾਰ ਅੱਧੀ ਰਾਤ ਤੋਂ ਵਾਧੂ ਬਿਜਲੀ ਦੀ ਸਪਲਾਈ ਪ੍ਰਭਾਵੀ ਹੋ ਗਈ ਹੈ, ਜਿਸਦਾ ਬਿਜਲੀ ਸਪਲਾਈ ’ਤੇ ਵੀਰਵਾਰ ਤੋਂ ਅਸਰ ਦਿਸੇਗਾ।
ਸੂਬੇ ’ਚ ਇਨ੍ਹੀ ਦਿਨੀਂ 3000 ਮੈਗਾਪਿਕਸਲ ਦੇ ਕਰੀਬ ਬਿਜਲੀ ਦੀ ਮੰਗ ਚੱਲ ਰਹੀ ਹੈ, ਜਦਕਿ ਇਸਤੋਂ ਅੱਧੀ ਬਿਜਲੀ ਵੀ ਨਹੀਂ ਮਿਲ ਰਹੀ। ਕਈ ਇਲਾਕਿਆਂ ’ਚ ਰੋਜ਼ਾਨਾ 13 ਤੋਂ 15 ਘੰਟਿਆਂ ਤਕ ਬਿਜਲੀ ਦੇ ਕੱਟ ਲੱਗ ਰਹੇ ਹਨ। ਪੇਂਡੂ ਇਲਾਕਿਆਂ ’ਚ ਹਾਲਾਤ ਜ਼ਿਆਦਾ ਖਰਾਬ ਹਨ। ਜੰਮੂ ’ਚ 40 ਡਿਗਰੀ ਤਾਪਮਾਨ ’ਚ ਬਿਜਲੀ ਸੰਕਟ ਨਾਲ ਬੇਹਾਲ ਲੋਕ ਥਾਂ-ਥਾਂ ਪ੍ਰਦਰਸ਼ਨ ਕਰ ਰਹੇ ਹਨ।
ਬੁੱਧਵਾਰ ਨੂੰ ਸੂਬੇ ’ਚ 3200 ਮੈਗਾਵਾਟ ਬਿਜਲੀ ਦੀ ਮੰਗ ਸੀ ਪਰ ਗ੍ਰਿਡ ਤੋਂ ਸਿਰਫ 1300 ਮੈਗਾਵਾਟ ਦੇ ਕਰੀਬ ਹੀ ਬਿਜਲੀ ਮਿਲ ਸਕੀ। ਜੰਮੂ ਡਿਵੀਜ਼ਨ ’ਚ 1500 ਮੈਗਾਵਾਟ ਬਿਜਲੀ ਦੀ ਮੰਗ ਸੀ ਪਰ 600 ਤੋਂ 700 ਮੈਗਾਵਾਟ ਬਿਜਲੀ ਹੀ ਮਿਲ ਸਕੀ। ਇਸੇ ਤਰ੍ਹਾਂ ਕਸ਼ਮੀਰ ਡਿਵੀਜ਼ਨ ’ਚ 1700 ਮੈਗਾਵਾਟ ਬਿਜਲੀ ਦੀ ਮੰਗ ਦੇ ਮੁਕਾਬਲੇ ਸਿਰਫ 700 ਤੋਂ 800 ਮੈਗਾਵਾਟ ਬਿਜਲੀ ਦੀ ਸਪਲਾਈ ਹੋਈ।
ਅਪ੍ਰੈਲ ’ਚ ਜੰਮੂ-ਕਸ਼ਮੀਰ ਨੇ 52 ਕਰੋੜ ਰੁਪਏ ਦੀ ਵਾਧੂ ਬਿਜਲੀ ਖਰੀਦਣੀ ਸੀ ਪਰ ਦੇਸ਼ ਭਰ ’ਚ ਮੰਗ ਜ਼ਿਆਦਾ ਹੋਣ ਦੇ ਚਲਦੇ 25 ਅਪ੍ਰੈਲ ਤਕ ਸੂਬੇ ਨੂੰ 10.41 ਕਰੋੜ ਦੀ ਬਿਜਲੀ ਹੀ ਮਿਲ ਸਕੀ।