ਸਾਰੇ ਦਲਾਂ ਦੀ ਬੈਠਕ ਤੋਂ ਪਹਿਲਾਂ ਜੰਮੂ-ਕਸ਼ਮੀਰ ਦੇ ਕਾਂਗਰਸ ਆਗੂਆਂ ਨੇ ਆਜ਼ਾਦ ਨਾਲ ਕੀਤੀ ਚਰਚਾ
Thursday, Jun 24, 2021 - 03:12 PM (IST)
ਨਵੀਂ ਦਿੱਲੀ (ਭਾਸ਼ਾ)— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਜੰਮੂ-ਕਸ਼ਮੀਰ ਨੂੰ ਲੈ ਕੇ ਬੁਲਾਈ ਗਈ ਸਾਰੇ ਦਲਾਂ ਦੀ ਬੈਠਕ ’ਚ ਜਾਣ ਤੋਂ ਪਹਿਲਾਂ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਦੋ ਮੁੱਖ ਕਾਂਗਰਸ ਨੇਤਾਵਾਂ ਨੇ ਵੀਰਵਾਰ ਨੂੰ ਪਾਰਟੀ ਦੇ ਸੀਨੀਅਰ ਆਗੂ ਗੁਲਾਮ ਨਬੀ ਆਜ਼ਾਦ ਨਾਲ ਚਰਚਾ ਕੀਤੀ। ਕਾਂਗਰਸ ਸੂਤਰਾਂ ਮੁਤਾਬਕ ਆਜ਼ਾਦ ਦੀ ਅਧਿਕਾਰਤ ਰਿਹਾਇਸ਼ ’ਤੇ ਹੋਈ ਬੈਠਕ ’ਚ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਗੁਲਾਮ ਅਹਿਮਦ ਮੀਰ ਅਤੇ ਸਾਬਕਾ ਮੰਤਰੀ ਤਾਰਾ ਚੰਦ ਸ਼ਾਮਲ ਹੋਏ। ਇਹ ਆਗੂ ਪ੍ਰਧਾਨ ਮੰਤਰੀ ਨਾਲ ਸਾਰੇ ਦਲਾਂ ਦੀ ਬੈਠਕ ’ਚ ਸ਼ਿਰਕਤ ਕਰਨਗੇ।
ਸੂਤਰਾਂ ਨੇ ਦੱਸਿਆ ਕਿ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਆਜ਼ਾਦ ਨਾਲ ਹੋਈ ਇਨ੍ਹਾਂ ਦੋ ਸੀਨੀਅਰ ਆਗੂਆਂ ਦੀ ਬੈਠਕ ’ਚ ਇਸ ਗੱਲ ਨੂੰ ਲੈ ਕੇ ਚਰਚਾ ਕੀਤੀ ਗਈ ਕਿ ਸਾਰੇ ਦਲ ਬੈਠਕ ’ਚ ਪਾਰਟੀ ਵਲੋਂ ਕਿੰਨਾ-ਕਿੰਨਾ ਮੁੱਦਿਆਂ ਨੂੰ ਚੁੱਕਣਾ ਹੈ। ਸੂਤਰਾਂ ਦਾ ਕਹਿਣਾ ਹੈ ਕਿ ਸਾਰੇ ਦਲਾਂ ਦੀ ਬੈਠਕ ਵਿਚ ਕਾਂਗਰਸ ਜੰਮੂ-ਕਸ਼ਮੀਰ ਦਾ ਪੂਰਨ ਰਾਜ ਦਾ ਦਰਜਾ ਬਹਾਲ ਕਰਨ ਦੀ ਮੰਗ ਨੂੰ ਸਭ ਤੋਂ ਪ੍ਰਮੁੱਖਤਾ ਨਾਲ ਚੁੱਕੇਗੀ। ਸਾਲ 2019 ਵਿਚ ਧਾਰਾ-370 ਰੱਦ ਕੀਤੇ ਜਾਣ ਅਤੇ ਜੰਮੂ-ਕਸ਼ਮੀਰ ਦੇ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਵੰਡ ਕੀਤੇ ਜਾਣ ਤੋਂ ਬਾਅਦ ਇਹ ਕੇਂਦਰ ਅਤੇ ਜੰਮੂ-ਕਸ਼ਮੀਰ ਦੀ ਮੁੱਖ ਧਾਰਾ ਦੇ ਸਿਆਸੀ ਆਗੂਆਂ ਵਿਚਾਲੇ ਪਹਿਲੀ ਬੈਠਕ ਹੈ। ਹਾਲਾਂਕਿ ਇਸ ਬੈਠਕ ਲਈ ਕੋਈ ਏਜੰਡਾ ਤੈਅ ਨਹੀਂ ਹੈ। ਓਧਰ ਜੰਮੂ-ਕਸ਼ਮੀਰ ਦੇ ਆਗੂਆਂ ਨੇ ਕਿਹਾ ਕਿ ਉਹ ਇਸ ਵਿਚ ਸ਼ਾਮਲ ਹੋ ਕੇ ਖੁੱਲ੍ਹੇ ਮਨ ਨਾਲ ਆਪਣੇ ਵਿਚਾਰ ਰੱਖਣਗੇ।