ਜੰਮੂ-ਕਸ਼ਮੀਰ ਦਾ 6 ਮਹੀਨੇ ’ਚ 70 ਹਜ਼ਾਰ ਕਰੋੜ ਰੁਪਏ ਦਾ ਨਿਵੇਸ਼ ਹਾਸਲ ਕਰਨ ਦਾ ਟੀਚਾ: ਸਿਨਹਾ
Monday, Mar 21, 2022 - 05:59 PM (IST)

ਜੰਮੂ (ਭਾਸ਼ਾ)– ਜੰਮੂ-ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਨੇ ਸੋਮਵਾਰ ਨੂੰ ਕਿਹਾ ਕਿ ਅਗਲੇ 6 ਮਹੀਨੇ ’ਚ ਇਸ ਕੇਂਦਰ ਸ਼ਾਸਿਤ ਪ੍ਰਦੇਸ਼ ’ਚ 70,000 ਕਰੋੜ ਰੁਪਏ ਦਾ ਨਿਵੇਸ਼ ਆਉਣ ਦੀ ਉਮੀਦ ਹੈ। ਜੰਮੂ-ਕਸ਼ਮੀਰ, ਸੈਰ ਸਪਾਟਾ ਅਤੇ ਮਹਿਮਾਨਾਂ ਸਮੇਤ ਵੱਖ-ਵੱਖ ਖੇਤਰਾਂ ’ਚ ਨਿਵੇਸ਼ ਚਾਹੁੰਦਾ ਹੈ ਅਤੇ ਇਸ ਇਰਾਦੇ ਨਾਲ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਦਾ ਇਕ ਵਫਦ ਇੱਥੇ ਦੌਰੇ ’ਤੇ ਆਇਆ ਹੋਇਆ ਹੈ।
ਇਸ ਸਾਲ ਜਨਵਰੀ ’ਚ ਹੋਏ ਦੁਬਈ ਐਕਸਪੋ ’ਚ ਉੱਪ ਰਾਜਪਾਲ ਸਿਨਹਾ ਵਲੋਂ ਸੱਦਾ ਦਿੱਤੇ ਜਾਣ ਤੋਂ ਬਾਅਦ ਵਫ਼ਦ ਖੇਤਰ ’ਚ ਨਿਵੇਸ਼ ਦੀਆਂ ਸੰਭਾਵਨਾਵਾਂ ਦਾ ਪਤਾ ਲਾਉਣ ਲਈ ਐਤਵਾਰ ਨੂੰ ਸ਼੍ਰੀਨਗਰ ਪੁੱਜਾ। ਅਧਿਕਾਰੀਆਂ ਨੇ ਦੱਸਿਆ ਕਿ ਉੱਪ ਰਾਜਪਾਲ, ਮੁੱਖ ਸਕੱਤਰ ਰੰਜਨ ਪ੍ਰਕਾਸ਼ ਠਾਕੁਰ ਸਮੇਤ ਹੋਰ ਸਰਕਾਰੀ ਅਧਿਕਾਰੀ ਉੱਦਮਤਾ, ਸੈਰ-ਸਪਾਟਾ ਅਤੇ ਮਹਿਮਾਨ ਖੇਤਰ ’ਤੇ ਕੇਂਦਰਿਤ 4 ਦਿਨ ਦੇ ਪ੍ਰੋਗਰਾਮ ਤਹਿਤ ਇਸ ਵਫਦ ਨੂੰ ਨਿਵੇਸ਼ ਮੌਕਿਆਂ ਦੀ ਜਾਣਕਾਰੀ ਦੇਣਗੇ।
ਸਿਨਹਾ ਨੇ ਕਿਹਾ ਕਿ ਜੰਮੂ-ਕਸ਼ਮੀਰ ਸਰਕਾਰ ਨੇ ਹੁਣ ਤੱਕ 26,000 ਕਰੋੜ ਰੁਪਏ ਤੋਂ ਵੱਧ ਦੇ ਉਦਯੋਗਿਕ ਨਿਵੇਸ਼ ਪ੍ਰਸਤਾਵਾਂ ਨੂੰ ਮਨਜ਼ੂਰੀ ਦਿੱਤੀ ਹੈ ਅਤੇ ਨਿਵੇਸ਼ਕਾਂ ਨੂੰ ਜ਼ਮੀਨ ਉਪਲੱਬਧ ਕਰਵਾਈ ਹੈ। ਉਨ੍ਹਾਂ ਆਖਿਆ ਕਿ ਸਾਨੂੰ ਉਮੀਦ ਹੈ ਕਿ ਅਗਲੇ 6 ਮਹੀਨੇ ’ਚ 70,000 ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼ ਆਵੇਗਾ। ਸਿਨਹਾ ਮੁਤਾਬਕ ਇਹ ਵਫ਼ਦ ਜੰਮੂ-ਕਸ਼ਮੀਰ ’ਚ ਅਜਿਹੇ ਖੇਤਰਾਂ ਦੀ ਭਾਲ ਵਿਚ ਹੈ, ਜਿੱਥੇ ਨਿਵੇਸ਼ ਕੀਤਾ ਜਾ ਸਕਦਾ ਹੈ।