ਜੰਮੂ-ਕਸ਼ਮੀਰ ’ਚ ਸੁਰੱਖਿਆ ਦਸਤਿਆਂ ਨਾਲ ਮੁਕਾਬਲੇ ’ਚ 2 ਅੱਤਵਾਦੀ ਢੇਰ, ਇਕ ਜਵਾਨ ਸ਼ਹੀਦ
Wednesday, Oct 20, 2021 - 06:23 PM (IST)
ਸ਼੍ਰੀਨਗਰ (ਭਾਸ਼ਾ)— ਜੰਮੂ-ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ਵਿਚ ਬੁੱਧਵਾਰ ਨੂੰ ਹੋਏ ਮੁਕਾਬਲੇ ’ਚ ਲਸ਼ਕਰ-ਏ-ਤੋਇਬਾ ਦੇ ਦੋ ਅੱਤਵਾਦੀ ਮਾਰੇ ਅਤੇ ਫ਼ੌਜ ਦਾ ਇਕ ਜਵਾਨ ਸ਼ਹੀਦ ਹੋ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਮੁਕਾਬਲੇ ਵਿਚ ਦੋ ਹੋਰ ਸੁਰੱਖਿਆ ਕਰਮੀ ਜ਼ਖਮੀ ਹੋ ਗਏ ਹਨ। ਅਧਿਕਾਰੀਆਂ ਮੁਤਾਬਕ ਮਾਰੇ ਗਏ ਅੱਤਵਾਦੀਆਂ ’ਚੋਂ ਇਕ ਹਾਲ ਵਿਚ ਹੋਈ ਉਸ ਵਿਅਕਤੀ ਦੇ ਕਤਲ ’ਚ ਸ਼ਾਮਲ ਸੀ, ਜੋ ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਜ਼ਿਲ੍ਹੇ ਦਾ ਰਹਿਣ ਵਾਲਾ ਸੀ। ਖੇਤਰ ’ਚ ਅੱਤਵਾਦੀਆਂ ਦੀ ਮੌਜੂਦਗੀ ਦੀ ਸੂਚਨਾ ਮਿਲਣ ਤੋਂ ਬਾਅਦ ਸੁਰੱਖਿਆ ਦਸਤਿਆਂ ਨੇ ਸ਼ੋਪੀਆਂ ਜ਼ਿਲ੍ਹੇ ਦੇ ਦਰਗੜ ਇਲਾਕੇ ਵਿਚ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਚਲਾਈ।
ਅਧਿਕਾਰੀਆਂ ਨੇ ਕਿਹਾ ਕਿ ਅੱਤਵਾਦੀਆਂ ਨੇ ਗੋਲੀਬਾਰੀ ਕਰਨੀ ਸ਼ੁਰੂ ਕਰ ਦਿੱਤੀ, ਜਿਸ ਤੋਂ ਬਾਅਦ ਜਵਾਨਾਂ ਨੇ ਜਵਾਬੀ ਕਾਰਵਾਈ ਕੀਤੀ। ਅਧਿਕਾਰੀਆਂ ਨੇ ਦੱਸਿਆ ਕਿ ਲਸ਼ਕਰ-ਏ-ਤੋਇਬਾ ਦਾ ਮੁਖੌਟਾ ਸੰਗਠਨ ‘ਦਿ ਰੈਜੀਸਟੇਂਸ ਫਰੰਟ’ ਦੇ ਦੋ ਅੱਤਵਾਦੀਆਂ ਨੂੰ ਮਾਰ ਡਿਗਾਇਆ ਹੈ। ਉਨ੍ਹਾਂ ਨੇ ਕਿਹਾ ਕਿ ਤਿੰਨ ਜਵਾਨ ਇਸ ਮੁਹਿੰਮ ’ਚ ਜ਼ਖਮੀ ਹੋ ਗਏ। ਉਨ੍ਹਾਂ ’ਚੋਂ ਇਕ ਨੇ ਬਾਅਦ ’ਚ ਦਮ ਤੋੜ ਦਿੱਤਾ। ਮਾਰੇ ਗਏ ਅੱਤਵਾਦੀਆਂ ’ਚੋਂ ਇਕ ਦੀ ਪਹਿਚਾਣ ਆਦਿਲ ਵਾਨੀ ਦੇ ਰੂਪ ਵਿਚ ਕੀਤੀ ਗਈ ਹੈ, ਜੋ ਕਿ 2020 ਵਿਚ ਅੱਤਵਾਦੀ ਸੰਗਠਨ ’ਚ ਸ਼ਾਮਲ ਹੋਇਆ ਸੀ।
ਓਧਰ ਕਸ਼ਮੀਰ ਜ਼ੋਨ ਦੇ ਇੰਸਪੈਕਟਰ ਜਨਰਲ ਆਫ਼ ਪੁਲਸ ਵਿਜੇ ਕੁਮਾਰ ਨੇ ਇਕ ਟਵੀਟ ਵਿਚ ਕਿਹਾ ਕਿ ਮਾਰੇ ਗਏ ਇਕ ਅੱਤਵਾਦੀ ਦੀ ਪਹਿਚਾਣ ਆਦਿਲ ਵਾਨੀ ਦੇ ਰੂਪ ਵਿਚ ਕੀਤੀ ਗਈ ਹੈ, ਜੋ ਜੁਲਾਈ 2020 ਤੋਂ ਸਰਗਰਮ ਸੀ। ਦੋ ਹਫ਼ਤਿਆਂ ਵਿਚ ਹੁਣ ਤਕ 15 ਅੱਤਵਾਦੀਆਂ ਨੂੰ ਮਾਰਿਆ ਜਾ ਚੁੱਕਾ ਹੈ। ਕੁਮਾਰ ਨੇ ਕਿਹਾ ਕਿ ਅੱਤਵਾਦੀ ਵਾਨੀ, ਸਗੀਰ ਅਹਿਮਦ ਦੇ ਕਤਲ ’ਚ ਸ਼ਾਮਲ ਸੀ, ਜੋ ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਦਾ ਰਹਿਣ ਵਾਲਾ ਸੀ।