ਸਿਹਤ ਲਈ ਫਾਇਦੇਮੰਦ ਹੁੰਦਾ ਹੈ ਰੋਣਾ

02/19/2020 1:59:11 AM

ਨਵੀਂ ਦਿੱਲੀ (ਏਜੰਸੀਆਂ)–ਆਮ ਤੌਰ ’ਤੇ ਇਹ ਧਾਰਨਾ ਪ੍ਰਚੱਲਿਤ ਹੈ ਕਿ ਜ਼ੋਰ-ਜ਼ੋਰ ਨਾਲ ਹੱਸਣਾ ਸਿਹਤ ਲਈ ਲਾਭਦਾਇਕ ਹੁੰਦਾ ਹੈ ਪਰ ਇਹ ਗੱਲ ਘੱਟ ਹੀ ਲੋਕ ਜਾਣਦੇ ਹਨ ਕਿ ਰੋਣਾ ਵੀ ਓਨਾ ਹੀ ਫਾਇਦੇਮੰਦ ਹੁੰਦਾ ਹੈ, ਜਿੰਨਾ ਹੱਸਣਾ। ਮੌਜੂਦਾ ਦੌਰ ’ਚ ਦੌੜ-ਭੱਜ ਵਾਲੀ ਜ਼ਿੰਦਗੀ ’ਚ ਘੱਟ ਹੀ ਲੋਕਾਂ ਨੂੰ ਹੱਸਣ ਅਤੇ ਰੋਣ ਦਾ ਮੌਕਾ ਮਿਲਦਾ ਹੈ ਕਿਉਂਕਿ ਲੋਕਾਂ ਦੀ ਰੁਟੀਨ ’ਚ ਇਸ ਦੀ ਗੁੰਜਾਇਸ਼ ਹੀ ਘੱਟ ਹੈ। ਇਕ ਕਹਾਵਤ ਵੀ ਹੈ ‘‘ਜੀਵਨ ’ਚ ਖੁਸ਼ੀਆਂ ਲਈ ਰੋਣਾ ਵੀ ਜ਼ਰੂਰੀ ਹੈ।’’ ਕਿਉਂਕਿ ਜਿਸ ਤਰ੍ਹਾਂ ਵਿਅਕਤੀ ਹੱਸ ਕੇ ਆਪਣੀਆਂ ਭਾਵਨਾਵਾਂ ਨੂੰ ਪ੍ਰਗਟਾਉਂਦਾ ਹੈ, ਇਸੇ ਤਰ੍ਹਾਂ ਰੋਣਾ ਵੀ ਭਾਵਨਾਵਾਂ ਨੂੰ ਪ੍ਰਗਟਾਉਣ ਦਾ ਤਰੀਕਾ ਹੈ, ਕਿਉਂਕਿ ਜ਼ਿੰਦਗੀ ਦੀ ਦੌੜ–ਭੱਜ ’ਚ ਵਿਅਕਤੀ ਹੱਸਣ ਅਤੇ ਰੋਣ ਲਈ ਸਮਾਂ ਨਹੀਂ ਕੱਢ ਪਾਉਂਦਾ ਤਾਂ ਮਾਹਿਰਾਂ ਦਾ ਮੰਨਣਾ ਹੈ ਕਿ ਇਸ ਕਾਰਣ ਡਿਪ੍ਰੈਸ਼ਨ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ।
ਹਾਲ ਹੀ ’ਚ ਇਸ ਸਮੱਸਿਆ ਨਾਲ ਲੜਨ ਲਈ ਖਾਸ ਤੌਰ ’ਤੇ ਕ੍ਰਾਇੰਗ ਕਲੱਬ ਸ਼ੁਰੂ ਕੀਤੇ ਜਾ ਰਹੇ ਹਨ। ਜਿਥੇ ਇਨਸਾਨ ਰੋ ਕੇ ਆਪਣੇ ਦਿਲ ਦੇ ਬੋਝ ਨੂੰ ਹਲਕਾ ਕਰ ਸਕਦਾ ਹੈ। ਸੂਰਤ ’ਚ ਵੀ ਇਸ ਤਰ੍ਹਾਂ ਦੀ ਪਹਿਲ ਕੀਤੀ ਗਈ ਹੈ। ਇਥੋਂ ਦੇ ਕ੍ਰਾਇੰਗ ਕਲੱਬ ਵਲੋਂ ਕਾਲਜ ’ਚ ਪੜ੍ਹਨ ਵਾਲੇ ਵਿਦਿਆਰਥੀਆਂ ਲਈ ਇਕ ਖਾਸ ਕ੍ਰਾਇੰਗ ਥੈਰੇਪੀ ਦਾ ਆਯੋਜਨ ਕੀਤਾ ਗਿਆ ਹੈ।
ਪ੍ਰਾਪਤ ਖਬਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਮਸ਼ਹੂਰ ਲਾਫਟਰ ਥੈਰੇਪਿਸਟ ਕਮਲੇਸ਼ ਮਸਾਲਾਵਾ ਅਤੇ ਸੂਰਤ ਦੇ ਡਾਕਟਰਾਂ ਦੀ ਟੀਮ ਵਲੋਂ ਹੈਲਥ ਕ੍ਰਾਇੰਗ ਕਲੱਬ ਦੀ ਸ਼ੁਰੂਆਤ ਕੀਤੀ ਗਈ। ਉਨ੍ਹਾਂ ਦਾ ਕਹਿਣਾ ਹੈ ਕਿ ਲੋਕ ਦਿਲ ਖੋਲ੍ਹ ਕੇ ਹੱਸਦੇ ਹਨ ਅਤੇ ਰੋਣ ਲਈ ਕੋਨਾ ਜਾਂ ਇਕਾਂਤ ਲੱਭਦੇ ਹਨ ਪਰ ਅਸਲੀਅਤ ਇਹ ਹੈ ਕਿ ਕਿਸੇ ਵੀ ਵਿਅਕਤੀ ਨੂੰ ਸ਼ਰੇਆਮ ਰੋਣਾ ਚਾਹੀਦਾ ਹੈ। ਰੋਣ ਨਾਲ ਦੁੱਖ ਦਰਦ ਘੱਟ ਹੋ ਜਾਂਦਾ ਹੈ ਅਤੇ ਨਾਲ ਹੀ ਮਨ ’ਚ ਬੈਠਾ ਹੋਇਆ ਬੋਝ ਹਲਕਾ ਹੋ ਜਾਂਦਾ ਹੈ।
ਕ੍ਰਾਇੰਗ ਥੈਰੇਪੀ ਹੈ ਵੈਂਟੀਲੇਟਰ ਥੈਰੇਪੀ
ਜ਼ਿਕਰਯੋਗ ਹੈ ਕਿ ਕ੍ਰਾਇੰਗ ਥੈਰੇਪੀ ਇਕ ਵੈਂਟੀਲੇਟਰ ਥੈਰੇਪੀ ਹੈ, ਇਸ ’ਚ ਵਿਅਕਤੀ ਨੂੰ ਰੁਆ ਕੇ ਉਸ ਦੇ ਸਰੀਰ ’ਚੋਂ ਹਾਨੀਕਾਰਕ ਟਾਕਸਿਨ ਨੂੰ ਬਾਹਰ ਕੱਢਿਆ ਜਾਂਦਾ ਹੈ। ਇਨਸਾਨ ਦੀ ਅੱਖ ’ਚੋਂ ਹੰਝੂ ਉਸ ਸਮੇਂ ਆਉਂਦੇ ਹਨ, ਜਦੋਂ ਉਹ ਕਿਸੇ ਗੱਲ ਨੂੰ ਲੈ ਕੇ ਜ਼ਿਆਦਾ ਭਾਵੁਕ ਹੁੰਦਾ ਹੈ ਜਿਵੇਂ ਦੁੱਖ, ਖੁਸ਼ੀ ਜਾਂ ਫਿਰ ਜ਼ਿਆਦਾ ਹੱਸਣ ’ਤੇ। ਹੰਝੂ ਨਾਲ ਅੱਖ ਨੂੰ ਤਕਲੀਫ ਦੇਣ ਵਾਲਾ ਪਦਾਰਥ ਨਿਕਲ ਜਾਂਦਾ ਹੈ। ਡਾਕਟਰਾਂ ਮੁਤਾਬਕ ਰੋਣ ਨਾਲ ਤਣਾਅ ਦੂਰ ਹੁੰਦਾ ਹੈ। ਬਲੱਡ ਪ੍ਰੈਸ਼ਰ ਨਾਰਮਲ ਅਤੇ ਬਲੱਡ ਸਰਕੁਲੇਸ਼ਨ ਨਾਰਮਲ ਰਹਿੰਦਾ ਹੈ। ਇਨਸਾਨ ਦਾ ਭਾਵੁਕ ਹੋਣਾ ਜ਼ਰੂਰੀ ਹੁੰਦਾ ਹੈ।
ਇਹ ਹਨ ਕੁਝ ਅਹਿਮ ਤੱਥ
* ਜਦੋਂ ਵਿਅਕਤੀ ਭਾਵੁਕ ਹੁੰਦਾ ਹੈ ਤਾਂ ਐਂਡੋਕ੍ਰਾਈਨ ਸਿਸਟਮ ਅੱਖ ਦੇ ਖੇਤਰ ਨੂੰ ਹਾਰਮੋਨ ਜਾਰੀ ਕਰਦਾ ਹੈ ਜੋ ਤੁਹਾਡੀਆਂ ਅੱਖਾਂ ’ਚ ਹੰਝੂ ਦੇ ਰੂਪ ’ਚ ਉਭਰਦੇ ਹਨ। ਰੋਣ ਨਾਲ ਅੱਖਾਂ ਦੇ ਬੈਕਟੀਰੀਆ ਨਸ਼ਟ ਹੋ ਜਾਂਦੇ ਹਨ।
* ਰੋਣ ਨਾਲ ਅੱਖਾਂ ’ਚ ਹੰਝੂ ਆਉਂਦੇ ਹਨ ਅਤੇ ਅੱਖਾਂ ’ਚੋਂ ਆਉਣ ਵਾਲੇ ਹੰਝੂਆਂ ’ਚ ਫਲੂਇਡ ਲਾਈਸੋਜਾਈਮ ਨਾਂ ਦਾ ਇਕ ਤੱਤ ਹੁੰਦਾ ਹੈ, ਜੋ ਕਿ ਸੀਮੇਨ, ਮਿਊਕਸ, ਸਲਾਈਵਾ ’ਚ ਪਾਇਆ ਜਾਂਦਾ ਹੈ। ਇਹ ਤੱਤ 10 ਮਿੰਟ ’ਚ ਤੁਹਾਡੀਆਂ ਅੱਖਾਂ ਦੇ 90 ਫੀਸਦੀ ਬੈਕਟੀਰੀਆ ਖਤਮ ਕਰ ਸਕਦਾ ਹੈ। ਰੋਣ ਨਾਲ ਮਨ ਹਲਕਾ ਹੁੰਦਾ ਹੈ। ਇਸ ਨਾਲ ਜ਼ਿਆਦਾ ਭਾਵੁਕਤਾ ਤੋਂ ਵੀ ਛੁਟਕਾਰਾ ਮਿਲਦਾ ਹੈ।
* ਅਸਲ ’ਚ ਜਦੋਂ ਤੁਸੀਂ ਭਾਵੁਕ ਹੋ ਕੇ ਰੋਂਦੇ ਹੋ ਅਤੇ ਜੋ ਹੰਝੂ ਨਿਕਲਦੇ ਹਨ, ਉਹ ਇਕ ਲਿਊਸੀਨ-ਐਨਕੇਫਿਲਣ ਜਾਰੀ ਕਰਦੇ ਹਨ। ਇਹ ਇਕ ਐਂਡੋਰਫਿਨ ਹੁੰਦਾ ਹੈ, ਜੋ ਤੁਹਾਡੇ ਮੂਡ ਨੂੰ ਸਹੀ ਕਰਦਾ ਹੈ ਅਤੇ ਦਰਦ ਘੱਟ ਕਰਦਾ ਹੈ। ਅਜਿਹਾ ਕਰਨ ਨਾਲ ਤੁਹਾਨੂੰ ਆਰਾਮ ਮਿਲਦਾ ਹੈ ਅਤੇ ਤੁਸੀਂ ਚੰਗਾ ਮਹਿਸੂਸ ਕਰਦੇ ਹੋ।


Sunny Mehra

Content Editor

Related News