ਇਸਰੋ ਆਪਣਾ ਪੁਲਾੜ ਸਟੇਸ਼ਨ ਕਰੇਗਾ ਸਥਾਪਿਤ, 2028 ’ਚ ਭੇਜੇਗਾ ਪਹਿਲਾ ਮਾਡਿਊਲ
Sunday, Dec 24, 2023 - 11:35 AM (IST)
ਨਵੀਂ ਦਿੱਲੀ (ਇੰਟ.)- ਭਾਰਤੀ ਪੁਲਾੜ ਏਜੰਸੀ (ਇਸਰੋ) ਵਲੋਂ ਪੁਲਾੜ ’ਚ ਇਕ ਤੋਂ ਬਾਅਦ ਇਕ ਪ੍ਰਾਪਤੀਆਂ ਹਾਸਲ ਕੀਤੀਆਂ ਜਾ ਰਹੀਆਂ ਹਨ। ਹੁਣ ਇਸਰੋ ਵਲੋਂ ਪੁਲਾੜ ’ਚ ਆਪਣਾ ਪੁਲਾੜ ਸਟੇਸ਼ਨ ਸਥਾਪਤ ਕੀਤਾ ਜਾ ਰਿਹਾ ਹੈ। ਇਹ ਭਾਰਤ ਦਾ ਪਹਿਲਾ ਪੁਲਾੜ ਸਟੇਸ਼ਨ ਹੋਵੇਗਾ। ਇਸਰੋ ਦੇ ਮੁਖੀ ਸੋਮਨਾਥ ਨੇ ਸਾਇੰਸ ਸਿਟੀ, ਅਹਿਮਦਾਬਾਦ ’ਚ ਆਯੋਜਿਤ ਭਾਰਤੀ ਵਿਗਿਆਨ ਸੰਮੇਲਨ ਦੌਰਾਨ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਸਰੋ ਦਾ ਇਹ ਪੁਲਾੜ ਸਟੇਸ਼ਨ 2035 ਤੱਕ ਪੂਰੀ ਤਰ੍ਹਾਂ ਕਾਰਜਸ਼ੀਲ ਹੋ ਜਾਵੇਗਾ। ਉਕਤ ਪ੍ਰੋਗਰਾਮ ਵਿਗਿਆਨ ਭਾਰਤੀ ਵੱਲੋਂ ਕਰਵਾਇਆ ਗਿਆ ਸੀ। ਸੋਮਨਾਥ ਨੇ ਕਿਹਾ ਕਿ ਅਗਲੇ 5 ਸਾਲਾਂ ’ਚ ਅਸੀਂ ਆਪਣੇ ਆਈ. ਐੱਸ. ਐੱਸ. ਦਾ ਪਹਿਲਾ ਮਾਡਿਊਲ ਲਾਂਚ ਕਰਾਂਗੇ। ਇਸ ਦਾ ਭਾਰ 8 ਟਨ ਹੋਵੇਗਾ। ਇਹ ਰੋਬੋਟਿਕ ਹੋਵੇਗਾ। ਇਸ ਵੇਲੇ ਇਸਰੋ ਦਾ ਰਾਕੇਟ ਸਿਰਫ਼ 10 ਟਨ ਭਾਰ ਲਿਜਾਣ ਦੇ ਸਮਰੱਥ ਹੈ। ਇਸ ਲਈ ਇਸਰੋ ਇੱਕ ਨਵਾਂ ਰਾਕੇਟ ਵਿਕਸਿਤ ਕਰ ਰਿਹਾ ਹੈ, ਜੋ 20 ਤੋਂ 1215 ਟਨ ਤਕ ਭਾਰ ਨੂੰ ਪੁਲਾੜ ਵਿੱਚ ਲਿਜਾ ਸਕੇਗਾ। ਇਸਰੋ ਦੇ ਪਹਿਲੇ ਸੂਰਜੀ ਮਿਸ਼ਨ ‘ਆਦਿਤਿਆ ਐੱਲ-1’ ਬਾਰੇ ਸੋਮਨਾਥ ਨੇ ਕਿਹਾ ਕਿ ਇਹ 6 ਜਨਵਰੀ ਨੂੰ ਸੂਰਜ ਦੇ ਐੱਲ-1 ਬਿੰਦੂ ਵਿੱਚ ਦਾਖਲ ਹੋਵੇਗਾ। ਹਰ ਕੋਈ ਇਸ ਦੀ ਐਂਟਰੀ ਦੀ ਵੀਡੀਓ ਵੇਖ ਸਕੇਗਾ।
ਇਹ ਵੀ ਪੜ੍ਹੋ : ਵਧਦੀ ਠੰਡ ਕਾਰਨ ਸਕੂਲਾਂ 'ਚ ਇਕ ਤੋਂ 15 ਜਨਵਰੀ ਤੱਕ ਹੋਇਆ ਸਰਦੀਆਂ ਦੀਆਂ ਛੁੱਟੀਆਂ ਦਾ ਐਲਾਨ
ਅਸੀਂ ਮੰਗਲ ਅਤੇ ਸ਼ੁੱਕਰ ਗ੍ਰਹਿ ’ਤੇ ਵੀ ਜਾਵਾਂਗੇ
ਇਸਰੋ ਮੁਖੀ ਨੇ ਕਿਹਾ ਕਿ ਦੇਸ਼ ਦੇ ਅੰਮ੍ਰਿਤ ਕਾਲ ਦੌਰਾਨ ਅਸੀਂ ਅਗਲੇ 25 ਸਾਲਾਂ ਵਿੱਚ ਆਪਣਾ ਪੁਲਾੜ ਸਟੇਸ਼ਨ ਸਥਾਪਤ ਕਰਾਂਗੇ। ਨਾਲ ਹੀ ਕਈ ਸਾਲਾਂ ਬਾਅਦ ਅਸੀਂ ਮੰਗਲ ਅਤੇ ਸ਼ੁੱਕਰ ਗ੍ਰਹਿ ’ਤੇ ਵੀ ਜਾਵਾਂਗੇ। ਐੱਸ. ਚੰਦਰਯਾਨ-3 ਬਾਰੇ ਸੋਮਨਾਥ ਨੇ ਕਿਹਾ ਕਿ ਚੰਦਰਯਾਨ-3 ਮਿਸ਼ਨ ਨੇ ਸਾਡੇ ਦੇਸ਼ ਨੂੰ ਤਕਨੀਕੀ ਤੌਰ ’ਤੇ ਮਜ਼ਬੂਤ ਬਣਾਇਆ ਹੈ। ਇਹ ਮਿਸ਼ਨ ਦੁਨੀਆ ਦੇ ਹੋਰਨਾਂ ਦੇਸ਼ਾਂ ਦੇ ਮੁਕਾਬਲੇ ਬਹੁਤ ਘੱਟ ਲਾਗਤ ’ਤੇ ਤਿਆਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਸਾਡੇ ਦੇਸ਼ ਦੀ ਖੂਬੀ ਹੈ ਕਿ ਜੇ ਸਾਡੇ ਅੰਦਰ ਕੁਝ ਕਰਨ ਦਾ ਜਜ਼ਬਾ ਅਤੇ ਸਵੈ-ਭਰੋਸਾ ਹੋਵੇ ਤਾਂ ਅਸੀਂ ਆਗੂ ਦੀ ਭੂਮਿਕਾ ਵਿਚ ਰਹਿ ਸਕਦੇ ਹਾਂ। ਪੈਸਾ ਇਕੱਠਾ ਕਰ ਕੇ , ਵੱਡੀ ਫੌਜ ਰੱਖ ਕੇ ਜਾਂ ਚੰਗਾ ਕਾਰੋਬਾਰ ਕਰ ਕੇ ਭਵਿੱਖ ਦੀ ਉਸਾਰੀ ਨਹੀਂ ਕੀਤੀ ਜਾ ਸਕਦੀ। ਇਸ ਲਈ ਗਿਆਨ ਦੀ ਸ਼ਕਤੀ ਹੋਣੀ ਜ਼ਰੂਰੀ ਹੈ। ਅਮਰੀਕਾ ਕੋਲ ਤਕਨੀਕ ਨਾਲ ਦੌਲਤ ਪੈਦਾ ਕਰਨ ਦੀ ਸਮਰੱਥਾ ਹੈ, ਇਸ ਲਈ ਉਹ ਉੱਤਮ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8