ਇਸਰੋ ਨੇ ਸੈਮੀ-ਕ੍ਰਾਓਜੈਨਿਕ ਇੰਜਣ ਦਾ ਕੀਤਾ ਸਫ਼ਲ ਪ੍ਰੀਖਣ, ਜਾਣੋ ਇਸ ਦੀ ਖ਼ਾਸੀਅਤ
Thursday, May 11, 2023 - 04:46 PM (IST)

ਬੈਂਗਲੁਰੂ (ਭਾਸ਼ਾ)- ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਆਪਣੇ ਸੈਮੀ ਕ੍ਰਾਓਜੈਨਿਕ ਇੰਜਣ ਦਾ ਸਫ਼ਲ ਪ੍ਰੀਖਣ ਕੀਤਾ ਹੈ, ਜਿਨ੍ਹਾਂ ਦਾ ਇਸਤੇਮਾਲ ਭਵਿੱਖ 'ਚ ਵਾਹਨ ਲਾਂਚ 'ਚ ਹੋਵੇਗਾ। ਬੈਂਗਲੁਰੂ ਸਥਿਤ ਇਸਰੋ ਦੇ ਹੈੱਡ ਕੁਆਰਟਰ ਤੋਂ ਜਾਰੀ ਬਿਆਨ 'ਚ ਕਿਹਾ ਗਿਆ ਕਿ ਤਾਮਿਲਨਾਡੂ ਦੇ ਮਹੇਂਦਰਗਿਰੀ ਦੇ ਇਸਰੋ ਪ੍ਰੋਪਲਸਨ ਕੰਪਲੈਕਸ (ਆਈ.ਪੀ.ਸੀ.ਆਰ.) 'ਚ ਹਾਲ 'ਚ ਸਥਾਪਤ ਸੈਮੀ ਕ੍ਰਾਓਜੈਨਿਕ ਇੰਟੀਗ੍ਰੇਟੇਡ ਇੰਜਣ ਐਂਡ ਸਟੇਟ ਟੈਸਟ ਫੈਸਿਲਿਟੀ 'ਚ ਬੁੱਧਵਾਰ ਨੂੰ 2000 ਕਿਲੋਨਿਊਟਨ ਤਾਕਤ ਵਾਲੇ ਸੈਮੀ ਕ੍ਰਾਓਜੈਨਿਕ ਇੰਜਣ ਦਾ ਪਹਿਲਾ ਏਕੀਕ੍ਰਿਤ ਪ੍ਰੀਖਣ ਕੀਤਾ ਗਿਆ। ਬਿਆਨ 'ਚ ਕਿਹਾ ਗਿਆ ਹੈ ਕਿ ਇਹ 2000 ਕਿਲੋਨਿਊਟਨ ਬਲ ਦਾ ਇੰਜਣ ਵਿਕਸਿਤ ਕਰਨ ਦੀ ਦਿਸ਼ਾ 'ਚ ਪਹਿਲਾ ਕਦਮ ਹੈ, ਜੋ ਤਰਲ ਆਕਸੀਜਨ (ਐੱਲ.ਓ.ਐਕਸ.) ਅਤੇ ਕਿਰੋਸਿਨ ਪ੍ਰਣੋਦਕ ਦੇ ਮਿਸ਼ਰਨ ਨਾਲ ਕੰਮ ਕਰੇਗਾ, ਜਿਸ ਦਾ ਇਸਤੇਮਾਲ ਭਵਿੱਖ ਦੇ ਵਾਹਨ ਲਾਂਚ 'ਚ ਕੀਤਾ ਜਾਵੇਗਾ।
ਇੰਟਰਮੀਡੀਏਟ ਵਿਨਿਆਸ, ਜਿਸ ਨੂੰ ਪਾਵਰ ਹੈੱਡ ਟੈਸਟ ਆਰਟੀਕਲ (ਪੀ.ਐੱਚ.ਟੀ.ਏ.) ਨਾਮ ਦਿੱਤਾ ਗਿਆ ਹੈ ਵਿਚ ਥ੍ਰਸਟ ਚੈਂਬਰ ਨੂੰ ਛੱਡ ਕੇ ਸਾਰੇ ਇੰਜਣ ਪ੍ਰਣਾਲੀ ਹੁੰਦੀ ਹੈ। ਬਿਆਨ ਅਨੁਸਾਰ ਇਹ ਘੱਟ ਦਬਾਅ ਅਤੇ ਹਾਈ ਪ੍ਰੈਸ਼ਰ ਵਾਲੇ ਟਰਬੋ-ਪੰਪ, ਗੈਸ ਜਨਰੇਟਰ ਅਤੇ ਕੰਟਰੋਲ ਘਟਕਾਂ ਸਮੇਤ ਪ੍ਰਣੋਦਕ ਫੀਡ ਪ੍ਰਣਾਲੀ ਦੇ ਡਿਜ਼ਾਈਨ ਨੂੰ ਪਰਖਣ ਲਈ ਕਈ ਪ੍ਰੀਖਣ ਕੀਤੇ ਜਾਣਗੇ, ਜਿਨ੍ਹਾਂ 'ਚੋਂ ਇਹ ਪਹਿਲਾ ਸੀ। ਇਸਰੋ ਨੇ ਦੱਸਿਆ ਕਿ ਪ੍ਰੀਖਣ 15 ਘੰਟੇ ਤੱਕ ਚੱਲਿਆ ਅਤੇ ਇਸ ਮਿਆਦ 'ਚ ਇੰਜਣ ਨੇ ਸ਼ੁਰੂ ਹੋਣ ਦੇ ਬਾਅਦ ਤੋਂ ਸਾਰੇ ਮਾਪਦੰਡਾਂ ਨੂੰ ਸਫ਼ਲਤਾਪੂਰਵਕ ਪੂਰਾ ਕੀਤਾ। ਐੱਲ.ਓ.ਐਕਸ. ਸਰਕਿਟ ਦੇ ਠੰਡਾ ਹੋਣ ਤੋਂ ਬਾਅਦ, ਕੈਰੋਸਿਨ ਦਾ ਫੀਡ ਸਰਕਿਟ ਭਰਿਆ ਗਿਆ ਸੀ ਅਤੇ ਐੱਲ.ਓ.ਐੱਕਸ. ਨੂੰ ਇੰਜੈਕਸ਼ਨ ਵਾਲਵ ਖੋਲ੍ਹ ਕੇ ਗੈਸ ਜਨਰੇਟਰ 'ਚ ਪ੍ਰਵੇਸ਼ ਕਰਵਾਇਆ ਗਿਆ ਸੀ। ਇਹ ਸਫ਼ਲ ਪ੍ਰੀਖਣ ਅੱਗੇ ਦੇ ਪ੍ਰੀਖਣਾਂ ਦੀ ਲੜੀ 'ਚ ਮਦਦਗਾਰ ਸਾਬਿਤ ਹੋਵੇਗਾ।''