ਇਸਰੋ ਨੇ ਮੁੜ ਕੀਤਾ ਕਮਾਲ, RLV 'ਪੁਸ਼ਪਕ' ਦੀ ਲਗਾਤਾਰ ਤੀਜੀ ਵਾਰ ਕਰਵਾਈ ਸਫ਼ਲ ਲੈਂਡਿੰਗ

Sunday, Jun 23, 2024 - 10:13 AM (IST)

ਇਸਰੋ ਨੇ ਮੁੜ ਕੀਤਾ ਕਮਾਲ, RLV 'ਪੁਸ਼ਪਕ' ਦੀ ਲਗਾਤਾਰ ਤੀਜੀ ਵਾਰ ਕਰਵਾਈ ਸਫ਼ਲ ਲੈਂਡਿੰਗ

ਬੈਂਗਲੁਰੂ (ਭਾਸ਼ਾ)- ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਐਤਵਾਰ ਨੂੰ ਕਿਹਾ ਕਿ ਉਸ ਨੇ ਮੁੜ ਵਰਤੋਂ 'ਚ ਲਿਆਏ ਜਾ ਸਕਣ ਵਾਲੇ ਲਾਂਚ ਵਾਹਨ (ਆਰਐੱਲਵੀ) ਪੁਸ਼ਪਕ ਦੀ ਲਗਾਤਾਰ ਤੀਜੀ ਵਾਰ ਸਫ਼ਲ ਲੈਂਡਿੰਗ ਕਰਵਾਈ ਹੈ। ਇਸਰੋ ਦੇ ਅਨੁਸਾਰ, ਉਸ ਨੇ ਹੋਰ ਚੁਣੌਤੀਪੂਰਨ ਸਥਿਤੀਆਂ 'ਚ ਆਰਐੱਲਵੀ ਨੂੰ ਲੈਂਡ ਕਰਨ ਦੀ ਆਪਣੀ ਸਮਰੱਥਾ ਦਾ ਪ੍ਰਦਰਸ਼ਨ ਕੀਤਾ। ਇਸ ਮਿਸ਼ਨ ਨੇ ਤੇਜ਼ ਹਵਾਵਾਂ 'ਚ ਇਕ ਪੁਲਾੜ ਯਾਨ ਨੂੰ ਉਤਾਰਨ ਦਾ ਅਭਿਆਸ ਕੀਤਾ, ਜਿਸ ਨਾਲ ਪੁਲਾੜ ਏਜੰਸੀ ਦੀ ਆਰਐੱਲਵੀ ਦੇ ਵਿਕਾਸ ਲਈ ਜ਼ਰੂਰੀ ਅਹਿਮ ਤਕਨਾਲੋਜੀਆਂ ਨੂੰ ਹਾਸਲ ਕਰਨ 'ਚ ਮਹਾਰਤ ਨੂੰ ਜ਼ੋਰ ਮਿਲਿਆ ਹੈ। ਲੈਂਡਿੰਗ ਪ੍ਰਯੋਗਾਂ (LEX-03) ਦੀ ਲੜੀ 'ਚ ਤੀਜਾ ਅਤੇ ਆਖ਼ਰੀ ਟੈਸਟ ਕਰਨਾਟਕ ਦੇ ਚਿਤਰਦੁਰਗ 'ਚ ਏਅਰੋਨਾਟਿਕਲ ਟੈਸਟ ਰੇਂਜ (ਏਟੀਆਰ) ਤੋਂ ਭਾਰਤੀ ਸਮੇਂ ਅਨੁਸਾਰ ਸਵੇਰੇ 7:10 ਵਜੇ ਕੀਤਾ ਗਿਆ। 

ਆਰਐੱਲਵੀ ਐੱਲਈਐੱਕਸ-01 ਅਤੇ ਐੱਲਈਐੱਕਸ-02 ਮਿਸ਼ਨ ਦੀ ਸਫ਼ਲਤਾ ਤੋਂ ਬਾਅਦ ਇਸਰੋ ਨੇ ਇਕ ਬਿਆਨ 'ਚ ਕਿਹਾ ਕਿ ਆਰਐੱਲਵੀ ਐੱਲਈਐੱਕਸ-03 ਨੇ ਵੱਧ ਚੁਣੌਤੀਪੂਰਨ ਸਥਿਤੀਆਂ 'ਚ ਆਰਐੱਲਵੀ ਦੀ ਲੈਂਡਿੰਗ ਸਮਰੱਥਾ ਦਾ ਮੁੜ ਪ੍ਰਦਰਸ਼ਨ ਕੀਤਾ। ਇਸ  ਵਾਰ ਐੱਲਈਐੱਕਸ-02 ਦੀ 150 ਮੀਟਰ ਦੀ ਉੱਚਾਈ ਦੇ ਬਜਾਏ 500 ਮੀਟਰ ਦੀ ਉੱਚਾਈ ਹੋਰ ਵੱਧ ਤੇਜ਼ ਹਵਾਵਾਂ ਵਿਚਾਲੇ ਇਸ ਦੀ ਲੈਂਡਿੰਗ ਕਰਵਾਈ ਗਈ। ਬਿਆਨ 'ਚ ਕਿਹਾ ਗਿਆ ਹੈ ਕਿ 'ਪੁਸ਼ਪਕ' ਨੂੰ ਰਨਵੇਅ ਤੋਂ 4.5 ਕਿਲੋਮੀਟਰ ਦੂਰ ਭਾਰਤੀ ਹਵਾਈ ਫ਼ੌਜ ਦੇ ਚਿਨੂਕ ਹੈਲੀਕਾਪਟਰ ਤੋਂ ਛੱਡਿਆ ਗਿਆ। ਪੁਸ਼ਪਕ ਰਨਵੇਅ ਕੋਲ ਪਹੁੰਚਿਆ ਅਤੇ ਰਨਵੇਅ 'ਤੇ ਲੈਂਡਿੰਗ ਕੀਤੀ। ਵਿਕਰਮ ਸਾਰਾਭਾਈ ਪੁਲਾੜ ਕੇਂਦਰ (ਵੀਐੱਸਐੱਸਸੀ) ਦੀ ਅਗਵਾਈ 'ਚ ਇਸ ਮਿਸ਼ਨ ਇਸਰੋ ਦੇ ਕਈ ਕੇਂਦਰਾਂ ਦੀ ਇਕ ਸਹਿਯੋਗੀ ਕੋਸ਼ਿਸ਼ ਹੈ। ਇਸ ਮਿਸ਼ਨ ਨੂੰ ਭਾਰਤੀ ਹਵਾਈ ਫ਼ੌਜ, ਭਾਰਤੀ ਤਕਨਾਲੋਜੀ ਸੰਸਥਾ, ਕਾਨਪੁਰ ਅਤੇ ਭਾਰਤੀ ਹਵਾਈ ਅੱਡਾ ਅਥਾਰਟੀ ਤੋਂ ਵੀ ਕਾਫ਼ੀ ਸਹਿਯੋਗ ਮਿਲਿਆ ਹੈ। ਇਸਰੋ ਮੁਖੀ ਐੱਸ. ਸੋਮਨਾਥ ਨੇ ਅਜਿਹੇ ਜਟਿਲ ਮਿਸ਼ਨ 'ਚ ਸਫ਼ਲਤਾ ਦਾ ਸਿਲਸਿਲਾ ਬਰਕਰਾਰ ਰੱਖਣ ਦੀਆਂ ਕੋਸ਼ਿਸ਼ਾਂ ਲਈ ਟੀਮ ਨੂੰ ਵਧਾਈ ਦਿੱਤੀ। ਇਸ ਸਫ਼ਲ ਮਿਸ਼ਨ ਲਈ ਜੇ. ਮੁਥੁਪਾਂਡੀਅਨ ਮਿਸ਼ਨ ਡਾਇਰੈਕਟਰ ਹਨ ਅਤੇ ਬੀ. ਕਾਰਤਿਕ ਯਾਨ ਡਾਇਰੈਕਟਰ ਹਨ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

DIsha

Content Editor

Related News