ਇਸਰੋ ਦਾ ਵੱਡਾ ਮਿਸ਼ਨ, ਹੁਣ ਸਰਹੱਦਾਂ 'ਤੇ ਨਜ਼ਰ ਰੱਖੇਗੀ ਭਾਰਤ ਦੀ 'ਤੀਜੀ ਅੱਖ'

Wednesday, Nov 27, 2019 - 09:34 AM (IST)

ਇਸਰੋ ਦਾ ਵੱਡਾ ਮਿਸ਼ਨ, ਹੁਣ ਸਰਹੱਦਾਂ 'ਤੇ ਨਜ਼ਰ ਰੱਖੇਗੀ ਭਾਰਤ ਦੀ 'ਤੀਜੀ ਅੱਖ'

ਸ੍ਰੀਹਰੀਕੋਟਾ— ਇਸਰੋ ਨੇ ਜ਼ਮੀਨ ਦੀ ਨਿਗਰਾਨੀ ਤੇ ਮੈਪ ਸੈਟੇਲਾਈਟ ਕਾਰਟੋਸੈੱਟ-3 ਦੇ ਨਾਲ 13 ਅਮਰੀਕੀ ਨੈਨੋ ਸੈਟੇਲਾਈਟਸ ਨੂੰ ਪੀ. ਐੱਸ. ਐੱਲ. ਵੀ. ਸੀ-47 ਨਾਲ ਲਾਂਚ ਕਰ ਦਿੱਤਾ ਹੈ। ਚੰਦਰਯਾਨ-2 ਤੋਂ ਬਾਅਦ ਇਸਰੋ ਦਾ ਇਹ ਪਹਿਲਾ ਵੱਡਾ ਮਿਸ਼ਨ ਹੈ। ਬੁੱਧਵਾਰ ਨੂੰ ਆਂਧਰਾ ਪ੍ਰਦੇਸ਼ ਦੇ ਸ਼੍ਰੀਹਰੀਕੋਟਾ ਤੋਂ ਸਵੇਰੇ 9.28 ਵਜੇ ਇਹ 14 ਉਪਗ੍ਰਹਿ ਇਕੋ ਸਮੇਂ ਲਾਂਚ ਕੀਤੇ ਗਏ। ਇਹ ਪੀ. ਐੱਸ. ਐੱਲ. ਵੀ. ਸੀ-47 ਦੀ 49ਵੀਂ ਉਡਾਣ ਰਹੀ।

 

ਕਾਰਟੋਸੈੱਟ-3 ਸੈਟੇਲਾਈਟ ਜ਼ਰੀਏ ਸਰਹੱਦਾਂ 'ਤੇ ਨਜ਼ਰ ਰੱਖੀ ਜਾਵੇਗੀ। ਇਹ ਤੀਜੀ ਪੀੜ੍ਹੀ ਦਾ ਉਪਗ੍ਰਹਿ ਹੈ, ਜਿਸ 'ਚ ਉੱਚ ਗੁਣਵੱਤਾ ਦੀ ਫੋਟੋ ਲੈਣ ਦੀ ਸਮਰੱਥਾ ਹੈ। ਇਹ ਉਪਗ੍ਰਹਿ ਧਰਤੀ ਤੋਂ 509 ਕਿਲੋਮੀਟਰ ਦੀ ਉੱਚੀ ਕਲਾਸ 'ਚ ਹੋਵੇਗਾ ਤੇ ਉੱਥੋਂ ਭਾਰਤੀ ਸਰਹੱਦਾਂ ਦੀ ਨਿਗਰਾਨੀ ਕਰੇਗਾ। ਕਾਰਟੋਸੈੱਟ-3 ਉਪਗ੍ਰਹਿ ਕਿਸੇ ਵੀ ਮੌਸਮ 'ਚ ਧਰਤੀ ਦੀਆਂ ਤਸਵੀਰਾਂ ਲੈ ਸਕਦਾ ਹੈ। ਇਸ ਜ਼ਰੀਏ ਦਿਨ ਤੇ ਰਾਤ ਸਮੇਂ ਅਸਮਾਨ ਤੋਂ ਸਾਫ ਤਸਵੀਰ ਖਿੱਚੀ ਜਾ ਸਕਦੀ ਹੈ। ਮਾਹਰਾਂ ਦਾ ਦਾਅਵਾ ਹੈ ਕਿ ਇੰਨੀ ਸਟੀਕਤਾ ਵਾਲਾ ਸੈਟੇਲਾਈਟ ਕੈਮੇਰਾ ਕਿਸੇ ਦੇਸ਼ ਨੇ ਲਾਂਚ ਨਹੀਂ ਕੀਤਾ ਹੈ।

ਹੱਥ ਦੀ ਘੜੀ ਦਾ ਸਮਾਂ ਤਕ ਦੇਖ ਲੇਵੇਗਾ ਕਾਰਟੋਸੈੱਟ-3
ਕਾਰਟੋਸੈੱਟ-3 ਪਹਿਲੇ ਕਾਰਟੋਸੈੱਟ-2 ਤੋਂ ਕਾਫੀ ਅਡਵਾਂਸ ਹੈ। ਇਸ ਦਾ ਕੈਮਰਾ ਇੰਨਾ ਕੁ ਸਾਫ ਹੈ ਕਿ ਇਹ ਪੁਲਾੜ ਤੋਂ ਜ਼ਮੀਨ 'ਤੇ 1 ਫੁੱਟ ਤੋਂ ਵੀ ਘੱਟ (9.84 ਇੰਚ) ਤਕ ਦੀ ਉਚਾਈ ਦੀ ਤਸਵੀਰ ਲੈ ਸਕਦਾ ਹੈ। ਇਹ ਹੱਥ 'ਤੇ ਬੰਨ੍ਹੀ ਘੜੀ ਦਾ ਸਮਾਂ ਵੀ ਸਟੀਕ ਦੱਸ ਸਕਦਾ ਹੈ। ਦੱਸ ਦਈਏ ਕਿ ਪਾਕਿਸਤਾਨ 'ਤੇ ਹੋਈ ਜ਼ਮੀਨੀ ਸਰਜੀਕਲ ਅਤੇ ਹਵਾਈ ਸਟ੍ਰਾਈਕ 'ਚ ਵੀ ਕਾਰਟੋਸੈੱਟ ਸੈਟੇਲਾਈਟਸ ਦੀ ਮਦਦ ਲਈ ਗਈ ਸੀ। ਉਸ ਸਮੇਂ ਇਸਰੋ ਨੇ ਇਨ੍ਹਾਂ ਸੈਟੇਲਾਈਟਸ ਦੀ ਮਦਦ ਨਾਲ ਅੱਤਵਾਦੀਆਂ ਦੇ ਟਿਕਾਣਿਆਂ ਦਾ ਪਤਾ ਲਗਾਇਆ ਸੀ। ਇੰਨਾ ਹੀ ਨਹੀਂ ਵੱਖ-ਵੱਖ ਤਰ੍ਹਾਂ ਦੇ ਮੌਸਮ 'ਚ ਧਰਤੀ ਦੀਆਂ ਤਸਵੀਰਾਂ ਲੈਣ 'ਚ ਵੀ ਇਹ ਸੈਟੇਲਾਈਟ ਸਮਰੱਥ ਹੈ।

 


Related News