ਇਸਰੋ ਦਾ ਸਭ ਤੋਂ ਭਾਰੀ ਰਾਕੇਟ ਕਰੇਗਾ 36 ਸੈਟੇਲਾਈਟ ਲਾਂਚ
Saturday, Oct 22, 2022 - 04:23 PM (IST)

ਬੈਂਗਲੁਰੂ (ਭਾਸ਼ਾ)- ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦਾ ਸਭ ਤੋਂ ਭਾਰੀ ਰਾਕੇਟ ਲਾਂਚ ਵਾਹਨ ਮਾਰਕ-3 (ਐੱਲ. ਵੀ. ਐੱਮ-3) ਸ਼੍ਰੀਹਰੀਕੋਟਾ ਪੁਲਾੜ ਕੇਂਦਰ ਤੋਂ 36 ਬ੍ਰਾਡਬੈਂਡ ਸੰਚਾਰ ਉਪਗ੍ਰਹਿ ਲਾਂਚ ਕਰੇਗਾ। ਇਸ ਦੀ ਉਲਟੀ ਗਿਣਤੀ ਸ਼ਨੀਵਾਰ ਨੂੰ ਆਂਧਰਾ ਪ੍ਰਦੇਸ਼ ਦੇ ਸ਼੍ਰੀਹਰਿਕੋਟਾ ਸਥਿਤ ਸਤੀਸ਼ ਧਵਨ ਪੁਲਾੜ ਕੇਂਦਰ 'ਚ ਸ਼ੁਰੂ ਹੋਈ। ਲਗਭਗ 43.5 ਮੀਟਰ ਲੰਬੇ ਰਾਕੇਟ ਦਾ ਲਾਂਚ ਐਤਵਾਰ ਰਾਤ 12.07 ਵਜੇ ਤੈਅ ਹੈ। ਇਸ ਨੂੰ 8 ਹਜ਼ਾਰ ਕਿਲੋਗ੍ਰਾਮ ਤੱਕ ਦੇ ਸੈਟੇਲਾਈਟ ਲਿਜਾਉਣ ਦੀ ਸਮਰੱਥਾ ਵਾਲੇ ਸਭ ਤੋਂ ਭਾਰੀ ਸੈਟੇਲਾਈਟਾਂ 'ਚੋਂ ਇਕ ਦੇ ਰੂਪ 'ਚ ਕਰਾਰ ਦਿੱਤਾ ਗਿਆ ਹੈ।
ਇਸਰੋ ਨੇ ਕਿਹਾ ਕਿ ਐਤਵਾਰ ਦਾ ਲਾਂਚ ਮਹੱਤਵਪੂਰਨ ਹੈ, ਕਿਉਂਕਿ ਐੱਮ.ਵੀ.ਐੱਮ.3-ਐੱਮ2 ਮਿਸ਼ਨ ਇਸਰੋ ਦੀ ਵਣਜ ਸ਼ਾਖਾ-ਨਿਊਸਪੇਸ ਇੰਡੀਆ ਲਿਮਟਿਡ ਲਈ ਪਹਿਲਾ ਸਮਰਪਿਤ ਵਪਾਰਕ ਮਿਸ਼ਨ ਹੈ। ਮਿਸ਼ਨ ਨੂੰ 'ਨਿਊਸਪੇਸ ਇੰਡੀਆ ਲਿਮਟਿਡ' ਅਤੇ ਬ੍ਰਿਟੇਨ ਸਥਿਤ 'ਨੈੱਟਵਰਕ ਐਕਸੈੱਸ ਐਸੋਸੀਏਟਸ ਲਿਮਟਿਡ (ਵਨਵੈੱਬ ਲਿਮਟਿਡ) ਦਰਮਿਆਨ ਵਪਾਰਕ ਵਿਵਸਥਾ ਦੇ ਹਿੱਸੇ ਵਜੋਂ ਚਲਾਇਆ ਜਾ ਰਿਹਾ ਹੈ। ਪੁਲਾੜ ਏਜੰਸੀ ਅਨੁਸਾਰ, ਇਸ ਮਿਸ਼ਨ ਦੇ ਅਧੀਨ ਵਨਵੈੱਬ ਦੇ 36 ਸੈਟੇਲਾਈਟਾਂ ਨੂੰ ਲਿਜਾਇਆ ਜਾਵੇਗਾ, ਜੋ 5,796 ਕਿਲੋਗ੍ਰਾਮ ਤੱਕ ਦੇ 'ਪੇਲੋਡ' ਨਾਲ ਜਾਣ ਵਾਲਾ ਪਹਿਲਾ ਭਾਰਤੀ ਰਾਕੇਟ ਬਣ ਜਾਵੇਗਾ। ਭਾਰਤ ਦੀ ਭਾਰਤੀ ਇੰਟਰਪ੍ਰਾਈਜੇਜ ਵਨ ਵੈੱਬ 'ਚ ਇਕ ਪ੍ਰਮੁੱਖ ਨਿਵੇਸ਼ਕ ਹੈ।