ISRO ਨੇ ਗਗਨਯਾਨ ਦੇ ਪਹਿਲੇ ਮਨੁੱਖ ਰਹਿਤ ਮਿਸ਼ਨ ਲਈ ਕਰੂ ਮਾਡਿਊਲ ਭੇਜਿਆ
Wednesday, Jan 22, 2025 - 04:34 PM (IST)
ਬੈਂਗਲੁਰੂ- ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਤਰਲ ਪ੍ਰੋਪਲਸ਼ਨ ਸਿਸਟਮ ਸੈਂਟਰ (ਐੱਲਪੀਐੱਸਸੀ) ਨੇ ਤਰਲ ਪ੍ਰੋਪਲਸ਼ਨ ਸਿਸਟਮ ਦੇ ਏਕੀਕਰਨ ਨੂੰ ਸਫਲਤਾਪੂਰਵਕ ਪੂਰਾ ਕਰ ਲਿਆ ਹੈ ਅਤੇ ਗਗਨਯਾਨ ਦੇ ਪਹਿਲੇ ਮਨੁੱਖ ਰਹਿਤ ਮਿਸ਼ਨ ਲਈ ਕਰੂ ਮਾਡਿਊਲ ਨੂੰ ਪੁਲਾੜ ਪੰਧ ਲਈ ਰਵਾਨਾ ਕੀਤਾ ਹੈ। ਇਸਰੋ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਗਗਨਯਾਨ ਪੁਲਾੜ 'ਚ ਮਨੁੱਖੀ ਮਿਸ਼ਨ ਭੇਜਣ ਦੀ ਸਮਰੱਥਾ ਪ੍ਰਾਪਤ ਕਰਨ ਵੱਲ ਇਸਰੋ ਦਾ ਪਹਿਲਾ ਯਤਨ ਹੈ। ਇਸਰੋ ਗਗਨਯਾਨ ਪ੍ਰਾਜੈਕਟ ਦੇ ਤਹਿਤ ਮਨੁੱਖੀ ਦਲ ਨੂੰ ਲਾਂਚ ਕਰਨ ਤੋਂ ਪਹਿਲਾਂ ਪੁਲਾੜ 'ਚ ਇਕ ਮਨੁੱਖ ਰਹਿਤ ਮਿਸ਼ਨ ਭੇਜਣ ਦੀ ਯੋਜਨਾ ਬਣਾ ਰਿਹਾ ਹੈ। ਇਸਰੋ ਨੇ ਇਕ ਬਿਆਨ 'ਚ ਕਿਹਾ,"21 ਜਨਵਰੀ 2025 ਨੂੰ ਇਸਰੋ ਦੇ ਲਿਕਵਿਡ ਪ੍ਰੋਪਲਸ਼ਨ ਸਿਸਟਮ ਸੈਂਟਰ (LPSC) ਨੇ ਤਰਲ ਪ੍ਰੋਪਲਸ਼ਨ ਸਿਸਟਮ ਦੇ ਏਕੀਕਰਨ ਨੂੰ ਸਫਲਤਾਪੂਰਵਕ ਪੂਰਾ ਕਰਨ ਤੋਂ ਬਾਅਦ ਗਗਨਯਾਨ ਦੇ ਪਹਿਲੇ ਮਾਨਵ ਰਹਿਤ ਮਿਸ਼ਨ ਲਈ ਕਰੂ ਮਾਡਿਊਲ ਨੂੰ ਪੁਲਾੜ ਰਵਾਨਾ ਕੀਤਾ।''
ਕਰੂ ਮਾਡਿਊਲ ਇਕ ਪੂਰੀ ਤਰ੍ਹਾਂ ਖੁਦਮੁਖਤਿਆਰ ਪੁਲਾੜ ਯਾਨ ਹੈ, ਜਿਸ ਨੂੰ ਤਿੰਨ ਮੈਂਬਰੀ ਚਾਲਕ ਦਲ ਨੂੰ ਪੁਲਾੜ ਦੇ ਪੰਧ 'ਚ ਲਿਜਾਉਣ ਅਤੇ ਮਿਸ਼ਨ ਮਿਆਦ ਪੂਰੀ ਹੋਣ ਤੋਂ ਬਾਅਦ ਧਰਤੀ 'ਤੇ ਸੁਰੱਖਿਅਤ ਰੂਪ ਨਾਲ ਵਾਪਸ ਲਿਆਉਣ ਲਈ ਡਿਜ਼ਾਈਨ ਕੀਤਾ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਬੈਂਗਲੁਰੂ ਸਥਿਤ ਐੱਲਪੀਐੱਸਸੀ ਨੇ ਕਰੂ ਮਾਡਿਊਲ ਨੂੰ ਸ਼੍ਰੀਹਰਿਕੋਟਾ ਸਥਿਤ ਸਤੀਸ਼ ਧਵਨ ਪੁਲਾੜ ਕੇਂਦਰ ਤੋਂ ਲਾਂਚ ਕੀਤਾ। ਇਸਰੋ ਅਨੁਸਾਰ, ਕਰੂ ਮਾਡਿਊਲ ਪ੍ਰੋਪਲਸ਼ਨ ਸਿਸਟਮ (ਸੀਐੱਮਪੀਐੱਸ) ਇਕ ਬਾਇ-ਪ੍ਰੋਪੇਲੈਂਟ ਆਧਾਰਤ ਪ੍ਰਤੀਕਿਰਿਆ ਕੰਟਰੋਲ ਪ੍ਰਣਾਲੀ (ਆਰਸੀਐੱਸ) ਹੈ, ਜਿਸ ਨੂੰ ਕਰੂ ਮਾਡਿਊਲ ਨੂੰ ਸਟੀਕ 3-ਅਕਸ਼ ਕੰਟਰੋਲ (ਵਿਚ, ਯਾਅ ਅਤੇ ਰੋਲ) ਪ੍ਰਦਾਨ ਕਰਨ ਲਈ ਤਿਆਰ ਕੀਤਾ ਗਿਆ ਹੈ। ਪੁਲਾੜ ਏਜੰਸੀ ਨੇ ਕਿਹਾ,''ਇਸ ਪ੍ਰਣਾਲੀ 'ਚ 12 100 ਐੱਨ ਥ੍ਰਸਟਰ, ਉੱਚ ਦਬਾਅ ਵਾਲੀਆਂ ਗੈਸ ਬੋਤਲਾਂ ਨਾਲ ਦਬਾਅ ਪ੍ਰਣਾਲੀ ਅਤੇ ਸੰਬੰਧਤ ਤਰਲ ਕੰਟਰੋਲ ਘਟਕਾਂ ਨਾਲ ਪ੍ਰੋਪੇਲੈਂਟ ਪ੍ਰਵਾਹ ਪ੍ਰਣਾਲੀ ਸ਼ਾਮਲ ਹੈ।'' ਅਧਿਕਾਰੀਆਂ ਅਨੁਸਾਰ, 100 ਐੱਨ ਥ੍ਰਸਟਰ ਰਾਕੇਟ ਮੋਟਰ ਹਨ, ਜਿਨ੍ਹਾਂ ਦਾ ਇਸਤੇਮਾਲ ਪੁਲਾੜ ਯਾਨ 'ਚ ਪ੍ਰੋਪੇਲੈਂਟ ਲਈ ਕੀਤਾ ਜਾਂਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8