ISIS ਤੋਂ ਪ੍ਰੇਰਿਤ ਅੱਤਵਾਦ ਅਜੇ ਵੀ ਖ਼ਤਰਾ : ਅਜੀਤ ਡੋਭਾਲ
Tuesday, Nov 29, 2022 - 08:44 PM (IST)
ਨਵੀਂ ਦਿੱਲੀ (ਸੁਨੀਲ ਪਾਂਡੇ) : ਭਾਰਤ ਅਤੇ ਇੰਡੋਨੇਸ਼ੀਆ ’ਚ ਅੰਤਰ-ਧਾਰਮਿਕ ਸ਼ਾਂਤੀ ਅਤੇ ਸਮਾਜਿਕ ਸਦਭਾਵਨਾ ਦੇ ਸੱਭਿਆਚਾਰ ਨੂੰ ਅੱਗੇ ਵਧਾਉਣ ’ਚ ਉਲੇਮਾ ਦੀ ਭੂਮਿਕਾ ਬਾਰੇ ਵਿਸ਼ੇ ’ਤੇ ਅੱਜ ਇਥੇ ਦਿੱਲੀ ’ਚ ਅੰਤਰਰਾਸ਼ਟਰੀ ਕਾਨਫਰੰਸ ਕਰਵਾਈ ਗਈ। ਇਸ ਮੌਕੇ ਦੇਸ਼ ਭਰ ਤੋਂ ਮੁਸਲਿਮ ਧਰਮ ਗੁਰੂ, ਵੱਡੀਆਂ ਮਸਜਿਦਾਂ ਅਤੇ ਇਤਿਹਾਸਕ ਮਜਾਰਾਂ ਦੇ ਗੱਦੀਨਸ਼ੀਨ ਅਤੇ ਮੁਖੀਆਂ ਨੇ ਸ਼ਮੂਲੀਅਤ ਕੀਤੀ। ਕਾਨਫਰੰਸ ਦੀ ਪ੍ਰਧਾਨਗੀ ਕਰਦੇ ਹੋਏ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਨੇ ਸਰਹੱਦ ਪਾਰ ਅਤੇ ਆਈ.ਐੱਸ.ਆਈ.ਐੱਸ. ਤੋਂ ਪ੍ਰੇਰਿਤ ਅੱਤਵਾਦ ਦੇ ਲਗਾਤਾਰ ਖਤਰੇ ਨੂੰ ਰੇਖਾਂਕਿਤ ਕੀਤਾ। ਇਹ ਵੀ ਕਿਹਾ ਕਿ ਅਗਾਂਹਵਧੂ ਵਿਚਾਰਾਂ ਨਾਲ ਕੱਟੜਵਾਦ ਦਾ ਮੁਕਾਬਲਾ ਕਰਨ ’ਚ ਉਲੇਮਾ ਦੀ ਅਹਿਮ ਭੂਮਿਕਾ ਹੈ।
ਡੋਭਾਲ ਨੇ ਕਿਹਾ ਸਾਨੂੰ ਕੱਟੜਤਾ ਤੋਂ ਦੂਰ ਹੋਣ ਦੇ ਸਾਂਝੇ ਵਿਚਾਰਾਂ ਨੂੰ ਮਜ਼ਬੂਤ ਕਰਨ ਲਈ ਮਿਲ ਕੇ ਕੰਮ ਕਰਨ ਦੀ ਲੋੜ ਹੈ। ਉਨ੍ਹਾਂ ਨੇ ਇਸ ਗੱਲ ਨੂੰ ਰੇਖਾਂਕਿਤ ਕੀਤਾ ਕਿ ਭਾਰਤ ਅਤੇ ਇੰਡੋਨੇਸ਼ੀਆ ਅੱਤਵਾਦ ਅਤੇ ਵੱਖਵਾਦ ਦੇ ਸ਼ਿਕਾਰ ਹੋਏ ਹਨ। ਹਾਲਾਂਕਿ ਇਨ੍ਹਾਂ ਚੁਣੌਤੀਆਂ ਦਾ ਵੱਡੇ ਪੱਧਰ ’ਤੇ ਹੱਲ ਕੀਤਾ ਗਿਆ ਹੈ, ਉਥੇ ਹੀ ਸਰਹੱਦ ਪਾਰ ਅਤੇ ਆਈ.ਐੱਸ.ਆਈ.ਐੱਸ. ਤੋਂ ਪ੍ਰੇਰਿਤ ਅੱਤਵਾਦ ਇਕ ਖ਼ਤਰਾ ਬਣਿਆ ਹੋਇਆ ਹੈ। ਡੋਭਾਲ ਨੇ ਕਿਹਾ ਕਿ ਆਈ.ਐੱਸ.ਆਈ.ਐੱਸ. ਤੋਂ ਪ੍ਰੇਰਿਤ ਵਿਅਕਤੀਗਤ ਅੱਤਵਾਦੀ ਸੈੱਲਾਂ ਅਤੇ ਸੀਰੀਆ ਅਤੇ ਅਫ਼ਗਾਨਿਸਤਾਨ ਵਿਚ ਅਜਿਹੇ ਕੇਂਦਰਾਂ ਤੋਂ ਵਾਪਸ ਆਉਣ ਵਾਲਿਆਂ ਦੇ ਖਤਰਿਆਂ ਦਾ ਮੁਕਾਬਲਾ ਕਰਨ ਲਈ ਨਾਗਰਿਕ ਸੰਗਠਨਾਂ ਦਾ ਸਹਿਯੋਗ ਜ਼ਰੂਰੀ ਹੈ। ਇਸਲਾਮੀ ਸਮਾਜ ’ਚ ਉਲੇਮਾ ਦੀ ਭੂਮਿਕਾ ਨੂੰ ਰੇਖਾਂਕਿਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਇਸ ਚਰਚਾ ਦਾ ਮਕਸਦ ਭਾਰਤ ਅਤੇ ਇੰਡੋਨੇਸ਼ੀਆ ਦੇ ਵਿਦਵਾਨਾਂ ਅਤੇ ਉਲੇਮਾ ਨੂੰ ਇਕੱਠੇ ਲਿਆਉਣਾ ਹੈ ਤਾਂ ਜੋ ਸਹਿਣਸ਼ੀਲਤਾ, ਸਦਭਾਵਨਾ ਅਤੇ ਸ਼ਾਂਤੀਪੂਰਨ ਸਹਿ-ਹੋਂਦ ਨੂੰ ਉਤਸ਼ਾਹਿਤ ਕੀਤਾ ਜਾ ਸਕੇ, ਤਾਂ ਕਿ ਹਿੰਸਕ ਕੱਟੜਪੰਥ, ਅੱਤਵਾਦ ਅਤੇ ਕੱਟੜਵਾਦ ਦੇ ਖ਼ਿਲਾਫ਼ ਲੜਾਈ ਨੂੰ ਮਜ਼ਬੂਤੀ ਪ੍ਰਦਾਨ ਕੀਤੀ ਜਾ ਸਕੇ।
ਜ਼ਿਕਰਯੋਗ ਹੈ ਕਿ ਇੰਡੋਨੇਸ਼ੀਆ ਦੇ ਸਿਆਸੀ, ਕਾਨੂੰਨੀ ਅਤੇ ਸੁਰੱਖਿਆ ਮਾਮਲਿਆਂ ਦੇ ਤਾਲਮੇਲ ਮੰਤਰੀ ਮੁਹੰਮਦ ਮਹਿਫੂਦ ਸੋਮਵਾਰ ਤੋਂ ਭਾਰਤ ਦੇ ਦੌਰੇ 'ਤੇ ਹਨ। ਉਨ੍ਹਾਂ ਦੇ ਨਾਲ 24 ਮੈਂਬਰੀ ਵਫ਼ਦ ਵੀ ਆਇਆ ਹੈ, ਜਿਸ ’ਚ ਉਲੇਮਾ ਅਤੇ ਹੋਰ ਧਾਰਮਿਕ ਆਗੂ ਵੀ ਸ਼ਾਮਲ ਹਨ। ਇੰਡੀਆ ਇਸਲਾਮਿਕ ਸੈਂਟਰ ’ਚ ਇੰਡੋਨੇਸ਼ੀਆ ਤੋਂ ਆਏ ਵਫ਼ਦ ਨੇ ਆਪਣੇ ਭਾਰਤੀ ਹਮਰੁਤਬਾ ਨਾਲ ਵੱਖ-ਵੱਖ ਵਿਸ਼ਿਆਂ ’ਤੇ ਚਰਚਾ ਕੀਤੀ। ਆਪਣੇ ਉਦਘਾਟਨੀ ਭਾਸ਼ਣ ’ਚ ਡੋਭਾਲ ਨੇ ਕਿਹਾ ਕਿ ਕੱਟੜਵਾਦ ਅਤੇ ਅੱਤਵਾਦ ਇਸਲਾਮ ਦੇ ਅਰਥ ਦੇ ਵਿਰੁੱਧ ਹਨ ਕਿਉਂਕਿ ਇਸਲਾਮ ਦਾ ਮਤਲਬ ਸ਼ਾਂਤੀ ਅਤੇ ਸਲਾਮਤੀ ਹੈ। ਉਨ੍ਹਾਂ ਕਿਹਾ ਕਿ ਲੋਕਤੰਤਰ ’ਚ ਨਫ਼ਰਤ ਭਰੇ ਭਾਸ਼ਣ, ਪੱਖਪਾਤ, ਕੂੜਪ੍ਰਚਾਰ, ਹਿੰਸਾ, ਸੰਘਰਸ਼ ਅਤੇ ਛੋਟੇ ਕਾਰਨਾਂ ਨਾਲ ਧਰਮ ਦੀ ਦੁਰਵਰਤੋਂ ਲਈ ਕੋਈ ਥਾਂ ਨਹੀਂ ਹੈ। ਲੋਕਾਂ ਨੂੰ ਇਸਲਾਮ ਦੇ ਬੁਨਿਆਦੀ ਸਹਿਣਸ਼ੀਲ ਅਤੇ ਸੰਜਮੀ ਸਿਧਾਂਤਾਂ ਬਾਰੇ ਸਿੱਖਿਅਤ ਕਰਨ ਅਤੇ ਪ੍ਰਗਤੀਸ਼ੀਲ ਵਿਚਾਰਾਂ ਨਾਲ ਕੱਟੜਪੰਥੀ ਦਾ ਮੁਕਾਬਲਾ ਕਰਨ ’ਚ ਉਲੇਮਾ ਦੀ ਮਹੱਤਵਪੂਰਨ ਭੂਮਿਕਾ ਹੈ। ਉਨ੍ਹਾਂ ਨੌਜਵਾਨਾਂ ਨੂੰ ਕੱਟੜਪੰਥ ਦਾ ਮੁੱਖ ਨਿਸ਼ਾਨਾ ਬਣਾਉਣ ’ਤੇ ਵੀ ਜ਼ੋਰ ਦਿੱਤਾ। ਨਾਲ ਹੀ ਕਿਹਾ ਕਿ ਜੇਕਰ ਉਨ੍ਹਾਂ ਦੀ ਊਰਜਾ ਦੀ ਸਹੀ ਵਰਤੋਂ ਕੀਤੀ ਜਾਵੇ ਤਾਂ ਉਹ ਬਦਲਾਅ ਦੇ ਕਰਤਾ ਬਣ ਜਾਣਗੇ।
ਡੋਭਾਲ ਨੇ ਕਿਹਾ ਕਿ ਸਾਨੂੰ ਗਲਤ ਜਾਣਕਾਰੀ ਅਤੇ ਪ੍ਰਚਾਰ ਦਾ ਮੁਕਾਬਲਾ ਕਰਨ ਦੀ ਲੋੜ ਹੈ, ਜੋ ਵੱਖ-ਵੱਖ ਧਰਮਾਂ ਦੇ ਲੋਕਾਂ ਵਿਚਾਲੇ ਸ਼ਾਂਤੀਪੂਰਨ ਸਹਿ-ਹੋਂਦ ਦੇ ਨਤੀਜੇ ਵਜੋਂ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਵਿੱਚ ਸਮਾਜ ਦੇ ਨਜ਼ਦੀਕੀ ਸੰਪਰਕ ਕਾਰਨ ਉਲੇਮਾ ਮਹੱਤਵਪੂਰਨ ਅਹਿਮ ਭੂਮਿਕਾ ਨਿਭਾ ਸਕਦੇ ਹਨ। ਡੋਭਾਲ ਨੇ ਭਾਰਤ ਅਤੇ ਇੰਡੋਨੇਸ਼ੀਆ ਦਰਮਿਆਨ ਨਜ਼ਦੀਕੀ ਸਬੰਧਾਂ ਅਤੇ ਸੰਪਰਕਾਂ ਦਾ ਵੀ ਜ਼ਿਕਰ ਕੀਤਾ, ਜੋ ਚੋਲ ਸਾਮਰਾਜ ਦੇ ਸਮੇਂ ਅਤੇ ਉਸ ਤੋਂ ਬਾਅਦ ਵੀ ਜਾਰੀ ਹਨ। ਨਾਲ ਵੀ ਕਿਹਾ ਕਿ ਦੋਵਾਂ ਦੇਸ਼ਾਂ ਦੇ ਲੋਕਾਂ ਵਿਚਾਲੇ ਡੂੰਘੇ ਸੰਪਰਕ ਅਤੇ ਸ਼ਾਂਤੀ ਤੇ ਭਾਰਤ ਅਤੇ ਇੰਡੋਨੇਸ਼ੀਆ ਦਾ ਲੋਕਤੰਤਰ ਅੱਗੇ ਵੱਧ ਰਿਹਾ ਹੈ ਅਤੇ ਸ਼ਾਂਤੀ ਤੇ ਸਦਭਾਵਨਾ ਨੂੰ ਸਾਂਝਾ ਕਰਦੇ ਹਨ। ਰਾਸ਼ਟਰੀ ਸੁਰੱਖਿਆ ਸਲਾਹਕਾਰ ਨੇ ਕਿਹਾ ਕਿ ਭਾਰਤ ਅਤੇ ਇੰਡੋਨੇਸ਼ੀਆ ਵਰਗੇ ਦੇਸ਼ ਦੁਨੀਆ ਨੂੰ ਹਿੰਸਾ ਅਤੇ ਸੰਘਰਸ਼ ਤੋਂ ਦੂਰ ਰਹਿਣ ਦਾ ਸੰਯੁਕਤ ਸੰਦੇਸ਼ ਦੇ ਸਕਦੇ ਹਨ। ਉਨ੍ਹਾਂ ਵਿਸ਼ਵ ਨੂੰ ਦਰਪੇਸ਼ ਚੁਣੌਤੀਆਂ 'ਚੋਂ ਗਰੀਬੀ, ਜਲਵਾਯੂ ਤਬਦੀਲੀ, ਭੋਜਨ ਅਸੁਰੱਖਿਆ, ਮਹਾਮਾਰੀ, ਭ੍ਰਿਸ਼ਟਾਚਾਰ, ਆਮਦਨ ਅਸਮਾਨਤਾ, ਬੇਰੁਜ਼ਗਾਰੀ ਆਦਿ ਦਾ ਜ਼ਿਕਰ ਕੀਤਾ।
ਲੋਕਤੰਤਰ 'ਚ ਨਫ਼ਰਤ ਭਰੇ ਭਾਸ਼ਣ ਅਤੇ ਕੱਟੜਤਾ ਦੀ ਕੋਈ ਥਾਂ ਨਹੀਂ : ਡੋਭਾਲ
ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਨੇ ਕਿਹਾ ਕਿ ਸੌੜੇ ਅਤੇ ਛੋਟੇ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਨਫ਼ਰਤ ਭਰੇ ਭਾਸ਼ਣਾਂ ਅਤੇ ਕੱਟੜਤਾ ਲਈ ਲੋਕਤੰਤਰ ਵਿੱਚ ਕੋਈ ਥਾਂ ਨਹੀਂ ਹੈ। ਡੋਭਾਲ ਨੇ ਕਿਹਾ ਕਿ ਨਫ਼ਰਤ ਭਰੇ ਬਿਆਨਾਂ, ਭੇਦਭਾਵ, ਪ੍ਰਚਾਰ, ਧੋਖੇ, ਹਿੰਸਾ, ਟਕਰਾਅ ਅਤੇ ਛੋਟੇ ਟੀਚਿਆਂ ਦੀ ਪ੍ਰਾਪਤੀ ਲਈ ਧਰਮ ਦੀ ਦੁਰਵਰਤੋਂ ਲਈ ਲੋਕਤੰਤਰ ਵਿੱਚ ਕੋਈ ਥਾਂ ਨਹੀਂ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਸਲਾਮ ਵਿੱਚ ਨਿਹਿਤ ਸਹਿਣਸ਼ੀਲਤਾ ਅਤੇ ਉਦਾਰਤਾ ਦੇ ਬੁਨਿਆਦੀ ਸਿਧਾਂਤਾਂ ਬਾਰੇ ਲੋਕਾਂ ਨੂੰ ਸਿੱਖਿਅਤ ਅਤੇ ਸੰਵੇਦਨਸ਼ੀਲ ਬਣਾਉਣ ਵਿੱਚ ਉਲੇਮਾ ਦੀ ਭੂਮਿਕਾ ਮਹੱਤਵਪੂਰਨ ਹੈ।
ਨੌਜਵਾਨਾਂ ਨੂੰ ਬਚਾਉਣ ਲਈ ਉਲੇਮਾ ਅੱਗੇ ਆਉਣ
ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਨੇ ਕਿਹਾ ਕਿ ਨੌਜਵਾਨਾਂ 'ਤੇ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ ਅਤੇ ਇਸ ਮਾਮਲੇ 'ਚ ਉਲੇਮਾ ਦੀ ਭੂਮਿਕਾ ਕੇਂਦਰੀ ਹੈ। ਅਕਸਰ ਨੌਜਵਾਨਾਂ ਨੂੰ ਕੱਟੜਪੰਥ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਜੇਕਰ ਉਨ੍ਹਾਂ ਦੀ ਊਰਜਾ ਨੂੰ ਸਹੀ ਦਿਸ਼ਾ ਵਿੱਚ ਵਰਤਿਆ ਜਾਵੇ ਤਾਂ ਉਹ ਸਮਾਜ ਵਿੱਚ ਬਦਲਾਅ ਦੇ ਕਾਰਕ ਅਤੇ ਤਰੱਕੀ ਦੇ ਥੰਮ੍ਹ ਬਣ ਸਕਦੇ ਹਨ। ਡੋਭਾਲ ਨੇ ਕਿਹਾ ਕਿ ਸਰਕਾਰੀ ਅਦਾਰਿਆਂ ਨੂੰ ਵੀ ਨਕਾਰਾਤਮਕਤਾ ਫੈਲਾਉਣ ਵਾਲੇ ਤੱਤਾਂ ਵਿਰੁੱਧ ਇਕਜੁੱਟ ਹੋ ਕੇ ਅੱਗੇ ਆਉਣਾ ਚਾਹੀਦਾ ਹੈ ਅਤੇ ਉਨ੍ਹਾਂ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਸਾਂਝੀ ਕਰਨੀ ਚਾਹੀਦੀ ਹੈ। ਉਲੇਮਾ ਸਮਾਜ ਨਾਲ ਨੇੜਿਓਂ ਜੁੜੇ ਹੋਏ ਹਨ, ਇਸ ਲਈ ਉਹ ਇਸ ਵਿੱਚ ਅਹਿਮ ਭੂਮਿਕਾ ਨਿਭਾ ਸਕਦੇ ਹਨ।