ISI ਵੱਲੋਂ ਭਰਤੀ ਲਈ ਕੀਤੀ ਜਾ ਰਹੀ ਹੈ ਡਿਜੀਟਲ ਪਲੇਟਫਾਰਮਾਂ ਦੀ ਵਰਤੋਂ

Monday, Oct 21, 2024 - 10:19 AM (IST)

ISI ਵੱਲੋਂ ਭਰਤੀ ਲਈ ਕੀਤੀ ਜਾ ਰਹੀ ਹੈ ਡਿਜੀਟਲ ਪਲੇਟਫਾਰਮਾਂ ਦੀ ਵਰਤੋਂ

ਸ਼੍ਰੀਨਗਰ (ਭਾਸ਼ਾ)- ਪਾਕਿਸਤਾਨ ਦੀ ਖੁਫੀਆ ਏਜੰਸੀ ਅਤੇ ਅੱਤਵਾਦੀ ਗਰੁੱਪ ਡਿਜੀਟਲ ਪਲੇਟਫਾਰਮਾਂ ਰਾਹੀਂ ਜੰਮੂ-ਕਸ਼ਮੀਰ ’ਚ ਭਰਤੀ ਦੀ ਕੋਸ਼ਿਸ਼ ਤੇਜ਼ ਕਰ ਰਹੇ ਹਨ ਕਿਉਂਕਿ ਸਖ਼ਤ ਸੁਰੱਖਿਆ ਪ੍ਰਬੰਧਾਂ ਕਾਰਨ ਸਿੱਧਾ ਸੰਚਾਰ ਮੁਸ਼ਕਲ ਹੋ ਰਿਹਾ ਹੈ। ਇਕ ਅਧਿਕਾਰੀ ਅਨੁਸਾਰ ਇਹ ਗਰੁੱਪ ਸੋਸ਼ਲ ਮੀਡੀਆ ਪਲੇਟਫਾਰਮਾਂ ‘ਐਕਸ’, ਫੇਸਬੁੱਕ, ਇੰਸਟਾਗ੍ਰਾਮ, ਵ੍ਹਟਸਐਪ ਅਤੇ ਟੈਲੀਗ੍ਰਾਮ ਰਾਹੀਂ ਨੌਜਵਾਨਾਂ ਨੂੰ ਭਰਮਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਫੜੇ ਜਾਣ ਤੋਂ ਬਚਣ ਲਈ ਉਹ ਫਰਜ਼ੀ ਪ੍ਰੋਫਾਈਲਾਂ ਤੇ ਵਰਚੁਅਲ ਪ੍ਰਾਈਵੇਟ ਨੈੱਟਵਰਕ ਦੀ ਵਰਤੋਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਕ ਵਾਰ ਪਛਾਣ ਹੋਣ ’ਤੇ ਇਨ੍ਹਾਂ ਨੌਜਵਾਨਾਂ ਨੂੰ ਨਿੱਜੀ ਗਰੁੱਪਾਂ ਵਿਚ ਸ਼ਾਮਲ ਕੀਤਾ ਜਾਂਦਾ ਹੈ ਜਿੱਥੇ ਉਨ੍ਹਾਂ ਨੂੰ ਗੁੰਮਰਾਹ ਕਰਨ ਵਾਲੀ ਸਮੱਗਰੀ ਵਿਖਾਈ ਜਾਂਦੀ ਹੈ। ਇਸ ’ਚ ਸੁਰੱਖਿਆ ਫੋਰਸਾਂ ਵੱਲੋਂ ਕਥਿਤ ਤੌਰ ’ਤੇ ਕੀਤੇ ਗਏ ਅੱਤਿਆਚਾਰਾਂ ਦੇ ਵੀਡੀਓ ਵੀ ਸ਼ਾਮਲ ਹਨ।

ਪਾਕਿਸਤਾਨ ਦੀ ਖੁਫੀਆ ਏਜੰਸੀ ਇੰਟਰ-ਸਰਵਿਸਿਜ਼ ਇੰਟੈਲੀਜੈਂਸ (ਆਈ. ਐੱਸ. ਆਈ.) ਨਾਲ ਜੁੜੇ ਹੈਂਡਲਰ ਨਫਰਤ ਨੂੰ ਭੜਕਾਉਣ ਤੇ ਭਰਤੀ ਲਈ ਢੁੱਕਵਾਂ ਮਾਹੌਲ ਬਣਾਉਣ ਲਈ ਇਹ ਰਣਨੀਤੀ ਅਪਣਾਉਂਦੇ ਹਨ। ਇਕ ਨਵੀਂ ਚਿੰਤਾ ਇਹ ਪੈਦਾ ਹੋ ਗਈ ਹੈ ਕਿ ਇਨ੍ਹਾਂ ਗਰੁੱਪਾਂ ’ਚ ਸੰਭਾਵੀ ਭਰਤੀ ਕਰਨ ਵਾਲਿਆਂ ਨੂੰ ਹੁਣ ਸਈਦ ਕੁਤਬ ਨਾਮਕ ਕੱਟੜਪੰਥੀ ਨਾਲ ਸਬੰਧਤ ਸਾਹਿਤ ਪੜ੍ਹਾਇਆ ਜਾ ਰਿਹਾ ਹੈ, ਜਿਸ ਦੀ ਵਿਚਾਰਧਾਰਾ ਨੇ ਅਲ-ਕਾਇਦਾ ਸਮੇਤ ਵੱਖ-ਵੱਖ ਕੱਟੜਪੰਥੀ ਇਸਲਾਮੀ ਸੰਗਠਨਾਂ ਨੂੰ ਬਹੁਤ ‘ਪ੍ਰਭਾਵਿਤ’ ਕੀਤਾ ਹੈ। ਉਹ ਮਿਸਰ ਨਾਲ ਸਬੰਧਤ ਸੀ। ਉਸ ਨੂੰ 1966 ’ਚ ਫਾਂਸੀ ਦਿੱਤੀ ਗਈ ਸੀ। ਉਸ ਨੇ ਧਰਮਨਿਰਪੱਖ ਸਰਕਾਰਾਂ ਤੇ ਪੱਛਮੀ ਦੇਸ਼ਾਂ ਦੇ ਪ੍ਰਭਾਵ ਵਿਰੁੱਧ ਜਿਹਾਦ ਦੀ ਵਕਾਲਤ ਕੀਤੀ ਸੀ।

ਅਧਿਕਾਰੀਆਂ ਨੇ ਕਿਹਾ ਕਿ ਪਹਿਲਾਂ ਅੱਤਵਾਦ ਹਮਾਇਤੀ ਨਵੀਂ ਭਰਤੀ ਕਰਨ ਲਈ ਸਿੱਧੇ ਸੰਪਰਕਾਂ ’ਤੇ ਨਿਰਭਰ ਕਰਦੇ ਸਨ ਪਰ ਸੁਰੱਖਿਆ ਏਜੰਸੀਆਂ ਨੇ ਅਜਿਹੇ ਨੈੱਟਵਰਕਾਂ ਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ ਤੇਜ਼ ਕੀਤੀਆਂ ਹਨ। ਇਸ ਕਾਰਨ ਉਨ੍ਹਾਂ ਦੇ ਤਰੀਕੇ ਵੀ ਬਦਲ ਗਏ ਹਨ। ਨਵੇਂ ਭਰਤੀ ਕੀਤੇ ਗਏ ਲੋਕਾਂ ਨੂੰ ਫੀਲਡ ਵਰਕ ਸੌਂਪੇ ਜਾਣ ਤੋਂ ਪਹਿਲਾਂ ਯੂ-ਟਿਊਬ ਸਮੇਤ ਵੱਖ-ਵੱਖ ਡਿਜੀਟਲ ਮਾਧਿਅਮਾਂ ਰਾਹੀਂ ਸਿਖਲਾਈ ਦਿੱਤੀ ਜਾਂਦੀ ਹੈ। ਅਧਿਕਾਰੀਆਂ ਨੇ ਸੋਸ਼ਲ ਮੀਡੀਆ ਖਾਸ ਕਰ ਕੇ ਦੱਖਣੀ ਕਸ਼ਮੀਰ ’ਚ ਭਰਤੀ ਤੇ ਵਿਚਾਰਧਾਰਾ ਨਾਲ ਸਬੰਧਤ ਸਰਗਰਮੀਆਂ ’ਚ ਅਹਿਮ ਵਾਧਾ ਵੇਖਿਆ ਹੈ। ਇਨ੍ਹਾਂ ਖਤਰਿਆਂ ਦਾ ਮੁਕਾਬਲਾ ਕਰਨ ਲਈ ਸੁਰੱਖਿਆ ਏਜੰਸੀਆਂ ਨੇ ਸੋਸ਼ਲ ਮੀਡੀਆ ਨਿਗਰਾਨੀ ਯੂਨਿਟ ਸਥਾਪਿਤ ਕੀਤੇ ਹਨ ਜੋ ਸ਼ੱਕੀ ਲੋਕਾਂ ’ਤੇ ਨਜ਼ਰ ਰੱਖਦੇ ਹਨ ਅਤੇ ਕਾਰਵਾਈ ਕਰਦੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News