ਕੀ ਕੋਈ ਕਿਤਾਬ ਲਿਖ ਰਹੇ ਹਨ ਸੱਤਿਆਪਾਲ ਮਲਿਕ
Sunday, Mar 03, 2024 - 12:49 PM (IST)
ਨਵੀਂ ਦਿੱਲੀ- ਜੰਮੂ-ਕਸ਼ਮੀਰ ਦੇ ਰਾਜਪਾਲ ਵਜੋਂ ਆਪਣੇ ਕਾਰਜਕਾਲ ਦੌਰਾਨ 2 ਪ੍ਰਾਜੈਕਟਾਂ ਨੂੰ ਮਨਜ਼ੂਰੀ ਦੇਣ ਸਬੰਧੀ ਦਿੱਲੀ ਅਤੇ ਹੋਰ ਥਾਵਾਂ ’ਤੇ ਸੱਤਿਆਪਾਲ ਮਲਿਕ ਅਤੇ ਉਨ੍ਹਾਂ ਦੇ ਕਈ ਸਹਿਯੋਗੀਆਂ ਦੇ ਟਿਕਾਣਿਆਂ ’ਤੇ ਸੀ. ਬੀ. ਆਈ. ਨੇ ਛਾਪੇਮਾਰੀ ਕੀਤੀ। ਸੀ. ਬੀ. ਆਈ. ਨੇ ਅਜੇ ਤੱਕ ਇਹ ਖੁਲਾਸਾ ਨਹੀਂ ਕੀਤਾ ਹੈ ਕਿ ਇਨ੍ਹਾਂ ਛਾਪਿਆਂ ਦੌਰਾਨ ਕੀ ਬਰਾਮਦ ਹੋਇਆ ਹੈ ਅਤੇ ਨਾ ਹੀ ਮਲਿਕ ਨੇ ਇਸ ਸਬੰਧ ’ਚ ਕੋਈ ਵੇਰਵਾ ਦਿੱਤਾ ਹੈ।
ਭਾਜਪਾ ਲੀਡਰਸ਼ਿਪ ਨੇ ਵੀ ਇਹ ਕਹਿਣ ਤੋਂ ਇਲਾਵਾ ਚੁੱਪ ਧਾਰੀ ਹੋਈ ਹੈ ਕਿ ਸਪੱਸ਼ਟੀਕਰਨ ਦੇਣਾ ਸੀ. ਬੀ. ਆਈ. ਅਤੇ ਮਲਿਕ ਦਾ ਮਾਮਲਾ ਹੈ। ਪਾਰਟੀ ਦੇ ਅਹੁਦੇਦਾਰ ਅਜੇ ਤੱਕ ਇਸ ਤੱਥ ਤੋਂ ਅਣਜਾਣ ਹਨ ਕਿ ਸੱਤਿਆਪਾਲ ਮਲਿਕ ਅਚਾਨਕ ਤੋਂ ਪਤਾ ਨਹੀਂ ਕਿਥੋਂ ਆ ਗਏ ਸਨ ਅਤੇ 2017 ਵਿਚ ਉਨ੍ਹਾਂ ਨੂੰ ਪਹਿਲਾਂ ਬਿਹਾਰ ਦਾ ਰਾਜਪਾਲ ਨਿਯੁਕਤ ਕੀਤਾ ਗਿਆ ਅਤੇ ਬਾਅਦ ਵਿਚ ਜੰਮੂ-ਕਸ਼ਮੀਰ ਟਰਾਂਸਫਰ ਕਰ ਦਿੱਤਾ ਗਿਆ। ਬਾਅਦ ਵਿਚ ਉਨ੍ਹਾਂ ਦਾ ਗੋਆ ’ਚ ਤਬਾਦਲਾ ਕਰ ਦਿੱਤਾ ਗਿਆ ਅਤੇ ਫਿਰ ਮੇਘਾਲਿਆ ਵਿਚ ਉਨ੍ਹਾਂ ਦਾ ਕੰਮ ਖਤਮ ਹੋ ਗਿਆ।
ਮਲਿਕ ਦੇ ਕਰੀਬੀ ਸੂਤਰਾਂ ਦਾ ਕਹਿਣਾ ਹੈ ਕਿ ਉਹ ਆਪਣੇ 5 ਸਾਲ ਦੇ ਕਾਰਜਕਾਲ ਦੌਰਾਨ 4 ਸੂਬਿਆਂ ਦੇ ਰਾਜਪਾਲ ਰਹਿੰਦੇ ਹੋਏ ਇਕ ਕਿਤਾਬ ਲਿਖਣ ’ਤੇ ਵਿਚਾਰ ਕਰ ਰਹੇ ਹਨ। ਪੁਲਵਾਮਾ ਵਿਚ ਸੀ. ਆਰ. ਪੀ. ਐੱਫ. ਦੇ ਕਾਫਲੇ ’ਤੇ ਹਮਲੇ ਸਬੰਧੀ ਉਨ੍ਹਾਂ ਦੇ ਬਿਆਨਾਂ ਨੇ ਸੱਤਾਧਾਰੀ ਸਰਕਾਰ ’ਚ ਕਾਫੀ ਗੁੱਸਾ ਪੈਦਾ ਕਰ ਦਿੱਤਾ ਸੀ, ਜਿਸ ’ਤੇ ਯਕੀਨ ਕਰਨਾ ਮੁਸ਼ਕਿਲ ਸੀ। ਇਹ ਮਹਿਸੂਸ ਕੀਤਾ ਗਿਆ ਕਿ ਇਕ ਮੌਜੂਦਾ ਰਾਜਪਾਲ ਅਜਿਹੇ ਬਿਆਨ ਦੇ ਕੇ ‘ਲਕਸ਼ਮਣ ਰੇਖਾ’ ਨੂੰ ਕਿਵੇਂ ਪਾਰ ਕਰ ਸਕਦਾ ਹੈ।
ਜਦੋਂ ਉਨ੍ਹਾਂ ਇਹ ਟਿੱਪਣੀ ਕੀਤੀ ਸੀ ਤਾਂ ਉਨ੍ਹਾਂ ਨੂੰ ਤੁਰੰਤ ਬਰਖਾਸਤ ਕਰ ਦਿੱਤਾ ਜਾਣਾ ਚਾਹੀਦਾ ਸੀ ਪਰ ਅਜਿਹਾ ਕੁਝ ਨਹੀਂ ਹੋਇਆ। ਆਪਣਾ ਕਾਰਜਕਾਲ ਪੂਰਾ ਕਰਨ ਤੋਂ ਬਾਅਦ, ਜੰਮੂ-ਕਸ਼ਮੀਰ ’ਚ ਰਾਜਪਾਲ ਵਜੋਂ ਉਨ੍ਹਾਂ ਦੇ ਕਾਰਜਕਾਲ ’ਚ ਦਿੱਤੇ ਗਏ 2 ਠੇਕਿਆਂ ਦੇ ਸਬੰਧ ਵਿਚ ਸੀ. ਬੀ. ਆਈ. ਨੇ ਉਨ੍ਹਾਂ ਨੂੰ ਪੁੱਛਗਿੱਛ ਕੀਤੀ। ਜੰਮੂ-ਕਸ਼ਮੀਰ ’ਚ ਅਹੁਦੇ ’ਤੇ ਰਹਿੰਦਿਆਂ ਹੋਇਆਂ ਉਨ੍ਹਾਂ ਦੀ ਰਿਪੋਰਟ ਕਾਰਨ ਭਾਜਪਾ ਦੇ ਇਕ ਸੀਨੀਅਰ ਨੇਤਾ ਨੂੰ ਮੁਖ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ। ਹਾਲਾਂਕਿ, ਕੋਈ ਯਕੀਨੀ ਤੌਰ ’ਤੇ ਇਹ ਨਹੀਂ ਕਹਿ ਸਕਦਾ ਕਿ ਮਲਿਕ ਅਸਲ ਵਿਚ ਕਿਤਾਬ ਲਿਖ ਰਹੇ ਹਨ ਜਾਂ ਸਿਰਫ਼ ਇਸ ਸਬੰਧੀ ਸੋਚ ਰਹੇ ਸਨ।