ਈਰਾਨ ਤੋਂ ਕੱਢੇ ਗਏ 94 ਕਸ਼ਮੀਰੀ ਵਿਦਿਆਰਥੀਆਂ ਦੀ ਸੁਰੱਖਿਅਤ ਵਾਪਸੀ, ਸਰਕਾਰ ਦਾ ਕੀਤਾ ਧੰਨਵਾਦ

Friday, Jun 20, 2025 - 01:38 PM (IST)

ਈਰਾਨ ਤੋਂ ਕੱਢੇ ਗਏ 94 ਕਸ਼ਮੀਰੀ ਵਿਦਿਆਰਥੀਆਂ ਦੀ ਸੁਰੱਖਿਅਤ ਵਾਪਸੀ, ਸਰਕਾਰ ਦਾ ਕੀਤਾ ਧੰਨਵਾਦ

ਸ਼੍ਰੀਨਗਰ- ਜੰਗ ਪ੍ਰਭਾਵਿਤ ਈਰਾਨ ਤੋਂ ਕੱਢੇ ਗਏ ਜੰਮੂ-ਕਸ਼ਮੀਰ ਦੇ ਸਾਰੇ 94 ਵਿਦਿਆਰਥੀ ਸੁਰੱਖਿਅਤ ਕਸ਼ਮੀਰ ਵਾਪਸ ਆ ਗਏ ਹਨ। ਜੰਮੂ-ਕਸ਼ਮੀਰ ਸਟੂਡੈਂਟਸ ਐਸੋਸੀਏਸ਼ਨ (JKSA) ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। 110 ਭਾਰਤੀ ਵਿਦਿਆਰਥੀਆਂ ਦਾ ਪਹਿਲਾ ਜੱਥਾ ਬੁੱਧਵਾਰ ਦੇਰ ਰਾਤ ਦਿੱਲੀ ਪਹੁੰਚਿਆ, ਜਿਸ ਵਿੱਚ ਰਾਜ ਦੇ 94 ਵਿਦਿਆਰਥੀ ਸ਼ਾਮਲ ਸਨ। ਇਹ ਸਾਰੇ ਵਿਦਿਆਰਥੀ ਉਰਮੀਆ ਮੈਡੀਕਲ ਯੂਨੀਵਰਸਿਟੀ ਵਿੱਚ ਪੜ੍ਹ ਰਹੇ ਸਨ ਅਤੇ ਉਨ੍ਹਾਂ ਨੂੰ ਅਰਮੇਨੀਆ ਅਤੇ ਦੋਹਾ ਰਾਹੀਂ ਕੱਢਿਆ ਗਿਆ ਸੀ।

JKSA ਮੁਤਾਬਕ ਕੁਝ ਵਿਦਿਆਰਥੀ ਵੀਰਵਾਰ ਨੂੰ ਹੀ ਕਸ਼ਮੀਰ ਪਹੁੰਚ ਗਏ ਸਨ, ਜਦੋਂ ਕਿ ਬਾਕੀ ਵਿਦਿਆਰਥੀ ਜੋ ਦਿੱਲੀ ਤੋਂ ਡੀਲਕਸ ਬੱਸਾਂ ਵਿਚ ਰਵਾਨਾ ਹੋਏ ਸਨ, ਉਹ ਅੱਜ ਸਵੇਰੇ ਘਾਟੀ ਪਹੁੰਚੇ। ਐਸੋਸੀਏਸ਼ਨ ਨੇ ਕਿਹਾ ਕਿ ਅਸੀਂ ਵਿਦੇਸ਼ ਮੰਤਰਾਲੇ ਅਤੇ ਉਨ੍ਹਾਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਵਿਦਿਆਰਥੀਆਂ ਦੀ ਸੁਰੱਖਿਅਤ ਅਤੇ ਸਮੇਂ ਸਿਰ ਵਾਪਸੀ ਨੂੰ ਯਕੀਨੀ ਬਣਾਇਆ। ਇਹ ਉਨ੍ਹਾਂ ਦੇ ਪਰਿਵਾਰਾਂ ਲਈ ਇੱਕ ਵੱਡੀ ਰਾਹਤ ਹੈ। ਵਿਦਿਆਰਥੀਆਂ ਨੇ ਸੁਰੱਖਿਅਤ ਨਿਕਾਸੀ, ਮੁਫ਼ਤ ਰਿਹਾਇਸ਼ ਅਤੇ ਯਾਤਰਾ ਸਹੂਲਤਾਂ ਲਈ ਕੇਂਦਰ ਸਰਕਾਰ ਦਾ ਧੰਨਵਾਦ ਵੀ ਕੀਤਾ ਪਰ ਉਨ੍ਹਾਂ ਇਹ ਵੀ ਸ਼ਿਕਾਇਤ ਕੀਤੀ ਕਿ ਜੰਮੂ-ਕਸ਼ਮੀਰ ਸਰਕਾਰ ਨੇ ਦਿੱਲੀ ਤੋਂ ਸ਼੍ਰੀਨਗਰ ਦੀ ਯਾਤਰਾ ਲਈ ਢੁਕਵੇਂ ਪ੍ਰਬੰਧ ਨਹੀਂ ਕੀਤੇ। 

ਈਰਾਨ ਤੋਂ ਵਾਪਸ ਆਈ ਚੌਥੇ ਸਾਲ ਦੀ ਮੈਡੀਕਲ ਵਿਦਿਆਰਥਣ ਸਬਾ ਰਸੂਲ ਨੇ ਸ਼੍ਰੀਨਗਰ ਵਿਚ ਕਿਹਾ ਕਿ ਅਸੀਂ ਈਰਾਨ ਤੋਂ ਚਾਰ ਦਿਨਾਂ ਦੀ ਲੰਬੀ ਯਾਤਰਾ ਤੋਂ ਬਾਅਦ ਬਹੁਤ ਥੱਕ ਗਏ ਸੀ। ਜਦੋਂ ਅਸੀਂ ਦਿੱਲੀ ਵਿਚ ਬੱਸਾਂ ਦੇਖੀਆਂ ਤਾਂ ਅਸੀਂ ਬਹੁਤ ਨਿਰਾਸ਼ ਹੋਏ। ਕੁਝ ਵਿਦਿਆਰਥੀਆਂ ਨੇ ਆਪਣੀਆਂ ਉਡਾਣ ਦੀਆਂ ਟਿਕਟਾਂ ਖੁਦ ਬੁੱਕ ਕੀਤੀਆਂ। ਵਿਦਿਆਰਥੀਆਂ ਦੀ ਸ਼ਿਕਾਇਤ ਤੋਂ ਬਾਅਦ ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਦਖਲ ਦਿੱਤਾ ਅਤੇ ਦਿੱਲੀ ਤੋਂ ਸ਼੍ਰੀਨਗਰ ਲਈ ਡੀਲਕਸ ਬੱਸਾਂ ਦਾ ਪ੍ਰਬੰਧ ਕੀਤਾ। ਜ਼ਿਕਰਯੋਗ ਹੈ ਕਿ ਪਿਛਲੇ ਦੋ ਦਹਾਕਿਆਂ ਵਿਚ ਈਰਾਨੀ ਯੂਨੀਵਰਸਿਟੀਆਂ ਕਸ਼ਮੀਰੀ ਵਿਦਿਆਰਥੀਆਂ ਲਈ ਇਕ ਪ੍ਰਸਿੱਧ ਪਸੰਦ ਬਣ ਗਈਆਂ ਹਨ ਕਿਉਂਕਿ ਉੱਥੇ ਸਿੱਖਿਆ ਮੁਕਾਬਲਤਨ ਸਸਤੀ ਹੈ। ਮੌਜੂਦਾ ਸਮੇਂ ਵਿਚ ਚਾਰ ਹਜ਼ਾਰ ਤੋਂ ਵੱਧ ਭਾਰਤੀ ਵਿਦਿਆਰਥੀ ਈਰਾਨ ਵਿਚ ਪੜ੍ਹ ਰਹੇ ਹਨ, ਜਿਨ੍ਹਾਂ 'ਚੋਂ ਲਗਭਗ ਅੱਧੇ ਜੰਮੂ ਅਤੇ ਕਸ਼ਮੀਰ ਤੋਂ ਹਨ ਅਤੇ ਜ਼ਿਆਦਾਤਰ ਡਾਕਟਰੀ ਦੀ ਪੜ੍ਹਾਈ ਕਰ ਰਹੇ ਹਨ।


author

Tanu

Content Editor

Related News