ਜ਼ੋਜੀਲਾ ’ਚ ਕੁਦਰਤ ਦਾ ਕਹਿਰ: ਬਰਫ਼ਾਨੀ ਤੂਫ਼ਾਨ ਕਾਰਨ 6 ਲੋਕਾਂ ਦੀ ਮੌਤ, ਸ੍ਰੀਨਗਰ-ਲੇਹ ਹਾਈਵੇਅ ਬੰਦ

Friday, Mar 27, 2026 - 08:31 PM (IST)

ਜ਼ੋਜੀਲਾ ’ਚ ਕੁਦਰਤ ਦਾ ਕਹਿਰ: ਬਰਫ਼ਾਨੀ ਤੂਫ਼ਾਨ ਕਾਰਨ 6 ਲੋਕਾਂ ਦੀ ਮੌਤ, ਸ੍ਰੀਨਗਰ-ਲੇਹ ਹਾਈਵੇਅ ਬੰਦ

ਸ਼੍ਰੀਨਗਰ : ਲਦਾਖ ਦੇ ਜ਼ੋਜੀਲਾ ਦੱਰੇ 'ਤੇ ਸ਼ੁੱਕਰਵਾਰ ਦੁਪਹਿਰ ਨੂੰ ਆਏ ਇੱਕ ਭਿਆਨਕ ਬਰਫ਼ਾਨੀ ਤੂਫ਼ਾਨ ਨੇ ਵੱਡੀ ਤਬਾਹੀ ਮਚਾਈ ਹੈ। ਇਸ ਹਾਦਸੇ ਵਿੱਚ ਇੱਕ ਔਰਤ ਅਤੇ ਇੱਕ ਬੱਚੇ ਸਮੇਤ ਘੱਟੋ-ਘੱਟ 6 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ 5 ਹੋਰ ਯਾਤਰੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ ਹਨ।

ਬਰਫ਼ ਹੇਠ ਦੱਬੀਆਂ ਕਈ ਗੱਡੀਆਂ
ਜਾਣਕਾਰੀ ਅਨੁਸਾਰ, ਇਹ ਬਰਫ਼ਾਨੀ ਤੂਫ਼ਾਨ ਜ਼ੋਜੀਲਾ ਦੱਰੇ ਦੇ 'ਜ਼ੀਰੋ ਪੁਆਇੰਟ' ਨੇੜੇ 'ਕੈਪਟਨ-ਟਰਨ' ਕੋਲ ਉਸ ਸਮੇਂ ਆਇਆ ਜਦੋਂ ਉੱਥੋਂ ਗੱਡੀਆਂ ਲੰਘ ਰਹੀਆਂ ਸਨ। ਇਸ ਅਚਾਨਕ ਆਏ ਤੂਫ਼ਾਨ ਕਾਰਨ 4-5 ਗੱਡੀਆਂ ਬਰਫ਼ ਦੇ ਹੇਠਾਂ ਪੂਰੀ ਤਰ੍ਹਾਂ ਦੱਬ ਗਈਆਂ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਇੱਕ ਵਿਅਕਤੀ ਅਜੇ ਵੀ ਲਾਪਤਾ ਹੈ, ਜਿਸ ਦੀ ਭਾਲ ਲਈ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ। ਜ਼ਖ਼ਮੀਆਂ ਨੂੰ ਤੁਰੰਤ ਇਲਾਜ ਲਈ ਨੇੜਲੇ ਮੈਡੀਕਲ ਸੈਂਟਰਾਂ ਵਿੱਚ ਭੇਜ ਦਿੱਤਾ ਗਿਆ ਹੈ।

ਰਾਹਤ ਅਤੇ ਬਚਾਅ ਕਾਰਜ ਜਾਰੀ
ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ, ਭਾਰਤੀ ਸੈਨਾ, ਸੀਮਾ ਸੜਕ ਸੰਗਠਨ (BRO), SDRF ਅਤੇ ਸੋਨਮਰਗ ਤੇ ਦ੍ਰਾਸ ਦੇ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਟੀਮਾਂ ਨੇ ਸਾਂਝੇ ਤੌਰ 'ਤੇ ਵੱਡਾ ਬਚਾਅ ਅਪਰੇਸ਼ਨ ਸ਼ੁਰੂ ਕਰ ਦਿੱਤਾ ਹੈ। ਬਰਫ਼ ਨੂੰ ਹਟਾਉਣ ਅਤੇ ਫਸੇ ਹੋਏ ਲੋਕਾਂ ਨੂੰ ਬਾਹਰ ਕੱਢਣ ਲਈ ਮਸ਼ੀਨਾਂ ਅਤੇ ਜਵਾਨ ਲਗਾਤਾਰ ਕੰਮ ਕਰ ਰਹੇ ਹਨ। ਇਸ ਹਾਦਸੇ ਕਾਰਨ ਰਣਨੀਤਕ ਤੌਰ 'ਤੇ ਮਹੱਤਵਪੂਰਨ ਸ੍ਰੀਨਗਰ-ਲੇਹ ਹਾਈਵੇਅ ਨੂੰ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ ਹੈ।

LG ਵੱਲੋਂ ਹਾਈ ਅਲਰਟ ਦੇ ਨਿਰਦੇਸ਼
ਲਦਾਖ ਦੇ ਉਪ ਰਾਜਪਾਲ (LG) ਵੀ.ਕੇ. ਸਕਸੈਨਾ ਨੇ ਇਸ ਘਟਨਾ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਨੇ ਕਾਰਗਿਲ ਦੇ ਡੀ.ਸੀ. ਅਤੇ ਐਸ.ਐਸ.ਪੀ. ਨੂੰ ਤੁਰੰਤ ਮੌਕੇ 'ਤੇ ਪਹੁੰਚਣ ਅਤੇ ਰਾਹਤ ਕਾਰਜਾਂ ਦੀ ਨਿਗਰਾਨੀ ਕਰਨ ਦੇ ਹੁਕਮ ਦਿੱਤੇ ਹਨ। ਉਨ੍ਹਾਂ ਕਿਹਾ ਕਿ ਸਾਰੀਆਂ ਸਰਕਾਰੀ ਏਜੰਸੀਆਂ ਅਤੇ ਬਚਾਅ ਦਸਤਿਆਂ ਨੂੰ ਹਾਈ ਅਲਰਟ 'ਤੇ ਰੱਖਿਆ ਗਿਆ ਹੈ। ਅਧਿਕਾਰੀਆਂ ਅਨੁਸਾਰ ਮਰਨ ਵਾਲਿਆਂ ਦੀ ਗਿਣਤੀ ਵਧਣ ਦਾ ਖ਼ਦਸ਼ਾ ਹੈ ਕਿਉਂਕਿ ਕੁਝ ਗੱਡੀਆਂ ਅਜੇ ਵੀ ਬਰਫ਼ ਦੇ ਹੇਠਾਂ ਦੱਬੀਆਂ ਹੋਈਆਂ ਹਨ।


author

Inder Prajapati

Content Editor

Related News