1200 ਕਰੋੜ ਦੇ ਧੋਖਾਧੜੀ ਮਾਮਲੇ ''ਚ ਫਸੀ IPS ਭਾਗਿਆਸ਼੍ਰੀ, CBI ਨੇ ਦਰਜ ਕੀਤਾ ਮਾਮਲਾ

Friday, Oct 18, 2024 - 03:49 AM (IST)

1200 ਕਰੋੜ ਦੇ ਧੋਖਾਧੜੀ ਮਾਮਲੇ ''ਚ ਫਸੀ IPS ਭਾਗਿਆਸ਼੍ਰੀ, CBI ਨੇ ਦਰਜ ਕੀਤਾ ਮਾਮਲਾ

ਨੈਸ਼ਨਲ ਡੈਸਕ - ਆਈ.ਪੀ.ਐਸ. ਅਧਿਕਾਰੀ ਭਾਗਿਆਸ਼੍ਰੀ ਨਵਤਕੇ ਪੁਣੇ ਦੀ ਇੱਕ ਸਹਿਕਾਰੀ ਕ੍ਰੈਡਿਟ ਸੁਸਾਇਟੀ ਰਾਹੀਂ 1200 ਕਰੋੜ ਰੁਪਏ ਦੀ ਧੋਖਾਧੜੀ ਦੇ ਮਾਮਲੇ ਵਿੱਚ ਫੜੀ ਗਈ ਹੈ। ਸੀ.ਬੀ.ਆਈ. ਨੇ ਉਸ ਖ਼ਿਲਾਫ਼ ਜਾਅਲਸਾਜ਼ੀ ਅਤੇ ਅਪਰਾਧਿਕ ਸਾਜ਼ਿਸ਼ ਦੇ ਦੋਸ਼ਾਂ ਤਹਿਤ ਕੇਸ ਦਰਜ ਕੀਤਾ ਹੈ। ਉਸ 'ਤੇ ਧੋਖਾਧੜੀ ਦੇ ਮਾਮਲੇ ਦੀ ਜਾਂਚ 'ਚ ਨਿਯਮਾਂ ਦੀ ਦੁਰਵਰਤੋਂ ਕਰਨ ਦਾ ਦੋਸ਼ ਹੈ।

ਦਰਅਸਲ, 2015 ਵਿੱਚ ਜਲਗਾਓਂ ਦੀ ਭਾਈਚੰਦ ਹੀਰਾਚੰਦ ਰਾਏਸਾਨੀ ਕੋਆਪਰੇਟਿਵ ਕ੍ਰੈਡਿਟ ਸੋਸਾਇਟੀ ਨੇ ਬਿਹਤਰ ਰਿਟਰਨ ਦਾ ਦਾਅਵਾ ਕਰਕੇ ਲੋਕਾਂ ਨੂੰ ਕਰੋੜਾਂ ਰੁਪਏ ਦਾ ਨਿਵੇਸ਼ ਕਰਵਾਇਆ। ਜਦੋਂ ਨਿਵੇਸ਼ਕਾਂ ਨੂੰ ਨਿਰਧਾਰਤ ਸਮੇਂ ਤੋਂ ਬਾਅਦ ਰਿਟਰਨ ਨਹੀਂ ਮਿਲਿਆ ਤਾਂ ਲੋਕਾਂ ਨੇ ਧੋਖਾਧੜੀ ਦੀ ਸ਼ਿਕਾਇਤ ਕੀਤੀ। ਜਦੋਂ ਮਾਮਲੇ ਦੀ ਜਾਂਚ ਕੀਤੀ ਗਈ ਤਾਂ 1200 ਕਰੋੜ ਰੁਪਏ ਦਾ ਘਪਲਾ ਸਾਹਮਣੇ ਆਇਆ। ਦੱਸਿਆ ਜਾਂਦਾ ਹੈ ਕਿ ਮਾਮਲੇ 'ਚ ਮਹਾਰਾਸ਼ਟਰ 'ਚ 80 ਤੋਂ ਜ਼ਿਆਦਾ ਮਾਮਲੇ ਦਰਜ ਹਨ।

ਆਰਥਿਕ ਅਪਰਾਧ ਵਿੰਗ ਦੀ ਐਸ.ਆਈ.ਟੀ. ਦੀ ਆਈ.ਪੀ.ਐਸ. ਅਧਿਕਾਰੀ ਭਾਗਿਆਸ਼੍ਰੀ ਨਵਤਕੇ 2020-22 ਤੱਕ ਇਸ ਮਾਮਲੇ ਦੀ ਜਾਂਚ ਕਰ ਰਹੀ ਸੀ। ਇਸ ਦੌਰਾਨ ਆਈ.ਪੀ.ਐਸ. ਨਵਤਕੇ 'ਤੇ ਜਾਂਚ ਦੌਰਾਨ ਨਿਯਮਾਂ ਦੀ ਅਣਦੇਖੀ ਕਰਨ ਦਾ ਦੋਸ਼ ਲਾਇਆ ਗਿਆ ਸੀ। ਜਦੋਂ ਮਾਮਲੇ ਦੀ ਸੀ.ਆਈ.ਡੀ. ਵੱਲੋਂ ਜਾਂਚ ਕੀਤੀ ਗਈ ਤਾਂ ਇਹ ਸਾਹਮਣੇ ਆਇਆ ਕਿ ਆਈ.ਪੀ.ਐਸ. ਭਾਗਿਆਸ਼੍ਰੀ ਨੇ ਜਾਂਚ ਵਿੱਚ ਨਿਯਮਾਂ ਦੀ ਅਣਦੇਖੀ ਕੀਤੀ ਅਤੇ ਮੁੱਢਲੀ ਜਾਂਚ ਕੀਤੇ ਬਿਨਾਂ ਤਿੰਨ-ਤਿੰਨ ਕੇਸ ਦਰਜ ਕਰ ਲਏ। ਇਸ ਸਬੰਧੀ ਪੁਣੇ ਪੁਲਸ ਨੇ ਆਈ.ਪੀ.ਐਸ. ਖ਼ਿਲਾਫ਼ ਅਪਰਾਧਿਕ ਸਾਜ਼ਿਸ਼ ਰਚਣ, ਝੂਠਾ ਰਿਕਾਰਡ ਬਣਾਉਣ ਅਤੇ ਜਾਅਲਸਾਜ਼ੀ ਦੇ ਦੋਸ਼ਾਂ ਤਹਿਤ ਕੇਸ ਵੀ ਦਰਜ ਕੀਤਾ ਸੀ।

ਮਹਾਰਾਸ਼ਟਰ ਸਰਕਾਰ ਨੇ ਅਗਸਤ 2024 ਵਿੱਚ ਕੇਸ ਸੀ.ਬੀ.ਆਈ. ਨੂੰ ਸੌਂਪ ਦਿੱਤਾ ਸੀ। ਹੁਣ ਇਸ ਮਾਮਲੇ ਦੀ ਜਾਂਚ ਕਰ ਰਹੀ ਸੀ.ਬੀ.ਆਈ. ਨੇ ਵੀ ਆਈ.ਪੀ.ਐਸ. ਅਧਿਕਾਰੀ ਖ਼ਿਲਾਫ਼ ਜਾਅਲਸਾਜ਼ੀ ਅਤੇ ਅਪਰਾਧਿਕ ਸਾਜ਼ਿਸ਼ ਰਚਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ। ਸੀ.ਬੀ.ਆਈ. ਨੇ ਪਾਇਆ ਕਿ ਉਸ ਨੇ ਸੰਪਤੀਆਂ ਦੇ ਮੁਲਾਂਕਣ ਵਿੱਚ ਕੁਤਾਹੀ ਕੀਤੀ ਸੀ। ਦੱਸਿਆ ਜਾ ਰਿਹਾ ਹੈ ਕਿ ਹੁਣ ਸੀ.ਬੀ.ਆਈ. ਉਸ ​​ਤੋਂ ਪੁੱਛਗਿੱਛ ਕਰੇਗੀ। ਉਨ੍ਹਾਂ ਦੇ ਬਿਆਨ ਵੀ ਦਰਜ ਕੀਤੇ ਜਾਣਗੇ।


author

Inder Prajapati

Content Editor

Related News