ਅਦਾਕਾਰ ਵਿਜੇ ਦੀ ਰੈਲੀ ’ਚ ਪਈ ਭਾਜੜ ਦੀ ਜਾਂਚ ਸ਼ੁਰੂ
Sunday, Oct 05, 2025 - 09:43 PM (IST)

ਚੇਨਈ, (ਅਨਸ)- ਮਦਰਾਸ ਹਾਈ ਕੋਰਟ ਵੱਲੋਂ ਗਠਿਤ ਵਿਸ਼ੇਸ਼ ਜਾਂਚ ਟੀਮ (ਐੱਸ. ਆਈ. ਟੀ.) ਨੇ 27 ਸਤੰਬਰ ਨੂੰ ਕਰੂਰ ’ਚ ਤਾਮਿਲ ਅਦਾਕਾਰ ਤੋਂ ਨੇਤਾ ਬਣੇ ਵਿਜੇ ਦੀ ਰੈਲੀ ’ਚ ਪਈ ਭਾਜੜ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਤਾਮਿਲਨਾਡੂ ਵੇਤਰੀ ਕੜਗਮ (ਟੀ. ਵੀ. ਕੇ) ਦੇ ਪ੍ਰਧਾਨ ਵਿਜੇ ਦੀ ਰੈਲੀ ’ਚ ਭਾਜੜ ਨਾਲ ਬੱਚਿਆਂ ਸਮੇਤ 41 ਵਿਅਕਤੀਆਂ ਦੀ ਮੌਤ ਹੋ ਗਈ। ਸੀਨੀਅਰ ਆਈ. ਪੀ. ਐੱਸ. ਅਧਿਕਾਰੀ ਆਸਰਾ ਗਰਗ, ਆਈ. ਜੀ. (ਉੱਤਰੀ ਜ਼ੋਨ) ਦੀ ਅਗਵਾਈ ਵਾਲੀ ਟੀਮ ਨੇ ਇਲਾਕੇ ਦਾ ਮੁਆਇਨਾ ਕੀਤਾ ਅਤੇ ਚਸ਼ਮਦੀਦਾਂ ਅਤੇ ਲੋਕਾਂ ਕੋਲੋਂ ਪੁੱਛਗਿੱਛ ਕੀਤੀ।
ਜਸਟਿਸ ਐੱਨ. ਸੇਂਥਿਲਕੁਮਾਰ ਨੇ ਸਥਾਨਕ ਪੁਲਸ ਦੀ ਜਾਂਚ ’ਤੇ ਅਸੰਤੁਸ਼ਟੀ ਪ੍ਰਗਟ ਕਰਦੇ ਹੋਏ ਐੱਸ. ਆਈ. ਟੀ. ਦੇ ਗਠਨ ਦਾ ਹੁਕਮ ਦਿੱਤਾ ਸੀ। ਅਦਾਲਤ ਨੇ ਵਿਜੇ ਵਿਰੁੱਧ ਕਾਰਵਾਈ ਨਾ ਕਰਨ ਲਈ ਪੁਲਸ ਨੂੰ ਵੀ ਝਾੜ ਪਾਈ ਸੀ । ਇਸ ਦੁਖਾਂਤ ਦੇ ਬਾਅਦ ਤੋਂ ਵਿਜੇ ਘਰ ਵਿਚ ਹਨ। ਉਨ੍ਹਾਂ ਨੇ ਆਪਣੇ ਇਕ ਵੀਡੀਓ ਸੰਦੇਸ਼ ਵਿਚ ਸੱਚਾਈ ਦੇ ਜਲਦ ਹੀ ਸਾਹਮਣੇ ਆਉਣ ਦੀ ਵੀ ਗੱਲ ਕਹੀ ਹੈ।