ਆਨਲਾਈਨ ਗੇਮਿੰਗ ਦੀ ਆੜ ''ਚ ਸੱਟੇਬਾਜ਼ੀ, 9 ਲੋਕ ਹਿਰਾਸਤ ''ਚ

Monday, Oct 21, 2024 - 01:24 PM (IST)

ਇੰਦੌਰ (ਭਾਸ਼ਾ)- ਇੰਦੌਰ ਪੁਲਸ ਦੀ ਐਂਟੀ ਕ੍ਰਾਈਮ ਬ੍ਰਾਂਚ ਨੇ ਆਨਲਾਈਨ ਗੇਮਿੰਗ ਐਪ ਦੀ ਆੜ ਵਿਚ ਇਕ ਅੰਤਰ-ਰਾਜੀ ਸੱਟੇਬਾਜ਼ੀ ਗਿਰੋਹ ਦਾ ਪਰਦਾਫਾਸ਼ ਕਰਦੇ ਹੋਏ 9 ਲੋਕਾਂ ਨੂੰ ਹਿਰਾਸਤ ਵਿਚ ਲਿਆ ਹੈ। ਇਕ ਪੁਲਸ ਅਧਿਕਾਰੀ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਦਾਅਵਾ ਕੀਤਾ ਕਿ ਮੁਲਜ਼ਮਾਂ ਦੇ ਕਬਜ਼ੇ 'ਚੋਂ ਆਨਲਾਈਨ ਸੱਟੇ ਦਾ ਕਰੋੜਾਂ ਰੁਪਏ ਦਾ ਹਿਸਾਬ-ਕਿਤਾਬ ਬਰਾਮਦ ਕੀਤਾ ਗਿਆ ਹੈ। ਵਧੀਕ ਡਿਪਟੀ ਕਮਿਸ਼ਨਰ ਆਫ਼ ਪੁਲਸ ਰਾਜੇਸ਼ ਦੰਡੋਟੀਆ ਨੇ ਦੱਸਿਆ ਕਿ ਇਕ ਮੁਖਬਰ ਦੀ ਸੂਚਨਾ 'ਤੇ ਰਾਉ ਇਲਾਕੇ ਦੇ ਸਿਲੀਕਾਨ ਸਿਟੀ ਦੇ ਇਕ ਘਰ 'ਤੇ ਦੇਰ ਰਾਤ ਛਾਪਾ ਮਾਰਿਆ ਗਿਆ ਅਤੇ ਉੱਥੇ ਇਕ ਅੰਤਰਰਾਜੀ ਸੱਟੇਬਾਜ਼ੀ ਗਿਰੋਹ ਨੂੰ ਆਨਲਾਈਨ ਗੇਮਿੰਗ ਐਪ ਦੀ ਆੜ 'ਚ ਕੰਮ ਕਰਦੇ ਪਾਇਆ ਗਿਆ।

ਦੰਡੋਟੀਆ ਨੇ ਕਿਹਾ,“ਸੱਟੇਬਾਜ਼ੀ ਲਈ ਲੋਕਾਂ ਨੂੰ ਇਸ ਐਪ ਰਾਹੀਂ ਆਈਡੀ ਅਤੇ ਪਾਸਵਰਡ ਦਿੱਤਾ ਜਾਂਦਾ ਸੀ ਅਤੇ ਵੱਖ-ਵੱਖ ਖਾਤਿਆਂ 'ਚ ਰਕਮ ਜਮ੍ਹਾ ਕਰਵਾਈ ਜਾਂਦੀ ਸੀ। ਇਸ ਰਕਮ ਦੇ ਆਧਾਰ 'ਤੇ ਲੋਕਾਂ ਨੂੰ ਪੁਆਇੰਟ ਦਿੱਤੇ ਜਾਂਦੇ ਸਨ ਅਤੇ ਉਨ੍ਹਾਂ ਨੂੰ ਜਿੱਤਣ ਅਤੇ ਹਾਰਨ 'ਤੇ ਸੱਟਾ ਲਗਾਇਆ ਜਾਂਦਾ ਸੀ। ਸੱਟੇਬਾਜ਼ੀ 'ਚ ਪੈਸੇ ਜਿੱਤਣ ਤੋਂ ਬਾਅਦ ਲੋਕ ਐਪ ਰਾਹੀਂ ਜਿੱਤੀ ਰਕਮ ਨੂੰ ਕੈਸ਼ ਕਰ ਲੈਂਦੇ ਸਨ।'' ਵਧੀਕ ਡਿਪਟੀ ਕਮਿਸ਼ਨਰ ਆਫ ਪੁਲਸ ਨੇ ਦੱਸਿਆ ਕਿ ਸੱਟੇਬਾਜ਼ੀ ਗਿਰੋਹ ਨਾਲ ਜੁੜੇ 9 ਲੋਕਾਂ ਨੂੰ ਹਿਰਾਸਤ 'ਚ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ 20 ਤੋਂ 26 ਸਾਲ ਦੀ ਉਮਰ ਦੇ ਇਹ ਲੋਕ ਮੱਧ ਪ੍ਰਦੇਸ਼, ਛੱਤੀਸਗੜ੍ਹ, ਉੱਤਰ ਪ੍ਰਦੇਸ਼, ਬਿਹਾਰ ਅਤੇ ਮਹਾਰਾਸ਼ਟਰ ਦੇ ਵਸਨੀਕ ਹਨ। ਦੰਡੋਟੀਆ ਨੇ ਕਿਹਾ,“ਦੋਸ਼ੀਆਂ ਦੇ ਕਬਜ਼ੇ 'ਚੋਂ 20 ਮੋਬਾਈਲ ਫੋਨ, ਦੋ ਲੈਪਟਾਪ ਅਤੇ 8 ਏਟੀਐੱਮ ਕਾਰਡ ਬਰਾਮਦ ਕੀਤੇ ਗਏ ਹਨ। ਇਨ੍ਹਾਂ ਕੋਲੋਂ ਕਰੋੜਾਂ ਰੁਪਏ ਦੀ ਆਨਲਾਈਨ ਸੱਟੇਬਾਜ਼ੀ ਦੇ ਖਾਤੇ ਵੀ ਮਿਲੇ ਹਨ।'' ਉਨ੍ਹਾਂ ਕਿਹਾ ਕਿ ਸਾਰੇ 9 ਮੁਲਜ਼ਮਾਂ ਖ਼ਿਲਾਫ਼ ਪਬਲਿਕ ਗੈਂਬਲਿੰਗ ਐਕਟ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News