24 ਘੰਟਿਆਂ ਲਈ ਇੰਟਰਨੈੱਟ ਬੰਦ, ਸਕੂਲਾਂ 'ਚ ਛੁੱਟੀ ਦਾ ਐਲਾਨ
Saturday, Aug 17, 2024 - 08:08 PM (IST)
ਉਦੈਪੁਰ- ਉਦੈਪੁਰ 'ਚ ਸ਼ੁੱਕਰਵਾਰ ਨੂੰ ਇਕ ਸਰਕਾਰੀ ਸਕੂਲ 'ਚ 10ਵੀਂ ਜਮਾਤ ਦੇ ਵਿਦਿਆਰਥੀ 'ਤੇ ਸਾਥੀ ਵਿਦਿਆਰਥੀ ਨੇ ਚਾਕੂ ਨਾਲ ਹਮਲਾ ਕਰ ਦਿੱਤਾ। ਚਾਕੂ ਮਾਰਨ ਤੋਂ ਬਾਅਦ ਫੈਲੀ ਅਫਵਾਹ ਕਾਰਨ ਫਿਰਕੂ ਹਿੰਸਾ ਭੜਕ ਗਈ। ਸ਼ਹਿਰ 'ਚ ਅਚਾਨਕ ਮਹੌਲ ਵਿਗੜ ਗਿਆ। ਭੀੜ ਨੇ ਕਾਰਾਂ ਨੂੰ ਅੱਗ ਲਗਾ ਦਿੱਤੀ ਅਤੇ ਬਾਜ਼ਾਰ ਬੰਦ ਕਰਵਾ ਦਿੱਤੇ। ਹਾਲਾਤ ਨੂੰ ਦੇਖਦੇ ਹੋਏ ਸ਼ਹਿਰ 'ਚ ਧਾਰਾ 144 ਲਗਾ ਦਿੱਤੀ ਗਈ। ਹੁਣ ਉਦੈਪੁਰ 'ਚ ਡਿਵੀਜ਼ਨਲ ਕਮਿਸ਼ਨਰ ਨੇ ਇੰਟਰਨੈੱਟ ਬੰਦ ਕਰਨ ਦਾ ਹੁਕਮ ਜਾਰੀ ਕੀਤਾ ਹੈ। ਸ਼ੁੱਕਰਵਾਰ ਰਾਤ 10 ਵਜੇ ਤੋਂ ਅਗਲੇ 24 ਘੰਟਿਆਂ ਲਈ ਇੰਟਰਨੈੱਟ ਬੰਦ ਰਹੇਗਾ। ਇੰਟਰਨੈੱਟ ਬੰਦ ਨੂੰ ਅੱਗ ਹੋਰ ਵੀ ਵਧਾਇਆ ਜਾਵੇਗਾ ਜਾਂ ਨਹੀਂ ਪ੍ਰਸ਼ਾਸਨ ਇਸ 'ਤੇ ਵੀ ਵਿਚਾਰ ਕਰ ਰਿਹਾ ਹੈ।
ਜ਼ਿਲ੍ਹਾ ਕੁਲੈਕਟਰ ਅਤੇ ਪ੍ਰਸ਼ਾਸਨ ਦੀ ਮੁਸਤੈਦੀ ਕਾਰਨ ਸਥਿਤੀ ਕਾਬੂ ਹੇਠ ਹੈ। ਸ਼ਹਿਰ ਦੇ ਹਰ ਕੋਨੇ 'ਤੇ ਪੁਲਸ ਤਾਇਨਾਤ ਹੈ। ਪੁਲਸ ਅਤੇ ਪ੍ਰਸ਼ਾਸਨ ਨੂੰ ਸ਼ਾਂਤੀ ਬਣਾਈ ਰੱਖਣ ਵਿੱਚ ਸਫਲਤਾ ਮਿਲ ਰਹੀ ਹੈ। ਸ਼ਹਿਰ ਵਿੱਚ ਹੁਣ ਹਿੰਸਕ ਘਟਨਾਵਾਂ ਦੀ ਰਿਪੋਰਟ ਨਹੀਂ ਮਿਲ ਰਹੀ ਹੈ। ਦੇਰ ਰਾਤ ਅਯਾਦ ਇਲਾਕੇ ਵਿੱਚ ਦੋਵੇਂ ਧਿਰਾਂ ਆਹਮੋ-ਸਾਹਮਣੇ ਹੋ ਗਈਆਂ ਸਨ ਪਰ ਹੁਣ ਪੁਲਸ ਨੇ ਉਥੇ ਵੀ ਸਥਿਤੀ ਨੂੰ ਕਾਬੂ ਵਿੱਚ ਕਰ ਲਿਆ ਹੈ। ਇਲਾਕੇ 'ਚ ਪੁਲਸ ਮੁਲਾਜ਼ਮ ਤਾਇਨਾਤ ਹਨ। ਪ੍ਰਸ਼ਾਸਨ ਸ਼ਾਂਤੀ ਬਹਾਲ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰ ਰਿਹਾ ਹੈ।
ਸ਼ਹਿਰ ਦੇ ਸਾਰੇ ਸਕੂਲ ਕੱਲ੍ਹ ਬੰਦ ਰਹਿਣਗੇ
ਉਦੈਪੁਰ 'ਚ ਸਕੂਲੀ ਵਿਦਿਆਰਥੀਆਂ ਵਿਚਾਲੇ ਚਾਕੂਬਾਜ਼ੀ ਤੋਂ ਬਾਅਦ ਪੈਦਾ ਹੋਏ ਤਣਾਅ ਦਰਮਿਆਨ ਸਕੂਲਾਂ ਨੇ ਸ਼ਨੀਵਾਰ ਨੂੰ ਛੁੱਟੀ ਦਾ ਐਲਾਨ ਕਰ ਦਿੱਤਾ ਹੈ। ਬਹੁਤੇ ਪ੍ਰਾਈਵੇਟ ਸਕੂਲਾਂ ਨੇ ਵੀ ਛੁੱਟੀਆਂ ਦਾ ਐਲਾਨ ਕਰ ਦਿੱਤਾ ਹੈ। ਭਲਕੇ ਸ਼ਹਿਰ ਦੇ ਸਾਰੇ ਸਕੂਲ ਬੰਦ ਰਹਿਣਗੇ।
ਇਸ ਦੌਰਾਨ ਉਦੈਪੁਰ ਦੇ ਐੱਸ.ਪੀ. ਯੋਗੇਸ਼ ਗੋਇਲ ਦਾ ਕਹਿਣਾ ਹੈ ਕਿ ਦਿਨ ਦੇ ਸਮੇਂ ਵਾਪਰੀ ਮੰਦਭਾਗੀ ਘਟਨਾ ਤੋਂ ਬਾਅਦ ਜਨਤਾ ਸੜਕਾਂ 'ਤੇ ਗੁੱਸੇ 'ਚ ਸੀ ਅਤੇ ਕੁਝ ਭੰਨਤੋੜ ਦੀਆਂ ਘਟਨਾਵਾਂ ਹੋਈਆਂ। ਅਸੀਂ ਤੁਰੰਤ ਫੈਸਲਾ ਲਿਆ ਅਤੇ ਸ਼ਹਿਰ ਵਿੱਚ ਧਾਰਾ 144 ਲਗਾ ਦਿੱਤੀ। ਜ਼ਖਮੀ ਬੱਚੇ ਨੂੰ ਮੈਡੀਕਲ ਸਹਾਇਤਾ ਦਿੱਤੀ ਗਈ, ਬੱਚੇ ਦੀ ਹਾਲਤ ਸਥਿਰ ਹੈ।