ਇੰਟਰਨੈੱਟ ਸੇਵਾਵਾਂ ''ਤੇ ਲੱਗੀ ਰੋਕ ਦੋ ਦਿਨਾਂ ਲਈ ਵਧਾਈ ਗਈ
Saturday, Nov 23, 2024 - 03:57 PM (IST)
ਇੰਫਾਲ- ਮਣੀਪੁਰ ਸਰਕਾਰ ਨੇ 7 ਜ਼ਿਲ੍ਹਿਆਂ 'ਚ ਮੋਬਾਈਲ ਇੰਟਰਨੈੱਟ ਸੇਵਾਵਾਂ 'ਤੇ ਲੱਗੀ ਰੋਕ ਸ਼ਨੀਵਾਰ ਨੂੰ ਦੋ ਦਿਨ ਲਈ ਹੋਰ ਵਧਾ ਦਿੱਤੀ ਹੈ। ਸਰਕਾਰੀ ਹੁਕਮ ਵਿਚ ਇਹ ਜਾਣਕਾਰੀ ਦਿੱਤੀ ਗਈ ਹੈ। ਪ੍ਰਸ਼ਾਸਨ ਨੇ ਵਧਦੀ ਹਿੰਸਾ ਦਰਮਿਆਨ ਸ਼ਰਾਰਤੀ ਅਨਸਰਾਂ ਨੂੰ ਕਾਨੂੰਨ ਵਿਵਸਥਾ ਲਈ ਸਮੱਸਿਆ ਪੈਦਾ ਕਰਨ ਵਾਲੀਆਂ ਸੂਚਨਾਵਾਂ ਫੈਲਾਉਣ ਤੋਂ ਰੋਕਣ ਲਈ 16 ਨਵੰਬਰ ਨੂੰ ਦੋ ਦਿਨ ਲਈ ਸੇਵਾਵਾਂ ਮੁਲਤਵੀ ਕਰ ਦਿੱਤੀਆਂ ਸਨ। ਉਦੋਂ ਤੋਂ ਇਸ ਨੂੰ ਕਈ ਵਾਰ ਵਧਾਇਆ ਜਾ ਚੁੱਕਾ ਹੈ।
ਗ੍ਰਹਿ ਵਿਭਾਗ ਵਲੋਂ ਜਾਰੀ ਹੁਕਮ 'ਚ ਕਿਹਾ ਗਿਆ ਕਿ ਸੂਬਾ ਸਰਕਾਰ ਨੇ ਕਾਨੂੰਨ ਵਿਵਸਥਾ ਦੀ ਸਮੀਖਿਆ ਕਰਨ ਮਗਰੋਂ ਜਨਹਿੱਤ ਨੂੰ ਧਿਆਨ 'ਚ ਰੱਖਦੇ ਹੋਏ ਇੰਫਾਲ ਪੱਛਮੀ, ਇੰਫਾਲ ਪੂਰਬੀ, ਕਾਕਚਿੰਗ, ਬਿਸ਼ਨੂੰਪੁਰ, ਥੌਬਲ, ਚੁਰਾਚਾਂਦਪੁਰ ਅਤੇ ਕਾਂਗਪੋਕਪੀ ਵਿਚ ਮੋਬਾਈਲ ਇੰਟਰਨੈੱਟ ਸੇਵਾਵਾਂ ਦੋ ਦਿਨ ਲਈ ਮੁਲਤਵੀ ਰੱਖਣ ਦਾ ਫ਼ੈਸਲਾ ਲਿਆ।
ਦੱਸ ਦੇਈਏ ਕਿ 3 ਔਰਤਾਂ ਅਤੇ 3 ਬੱਚਿਆਂ ਦੀਆਂ ਲਾਸ਼ਾਂ ਬਰਾਮਦ ਹੋਣ ਦੇ ਚੱਲਦੇ ਸੂਬੇ ਵਿਚ ਹਿੰਸਾ ਭੜਕਣ ਮਗਰੋਂ 16 ਨਵੰਬਰ ਨੂੰ ਇੰਟਰਨੈੱਟ ਸੇਵਾਵਾਂ ਮੁਲਤਵੀ ਕਰ ਦਿੱਤੀਆਂ ਗਈਆਂ ਸਨ। ਮਣੀਪੁਰ ਸਰਕਾਰ ਨੇ ਆਮ ਲੋਕਾਂ, ਸਿਹਤ ਸਹੂਲਤਾਂ, ਸਿੱਖਿਅਕ ਸੰਸਥਾਵਾਂ ਅਤੇ ਹੋਰ ਦਫ਼ਤਰਾਂ ਨੂੰ ਹੋ ਰਹੀ ਪਰੇਸ਼ਾਨੀ ਨੂੰ ਵੇਖਦੇ ਹੋਏ 19 ਨਵੰਬਰ ਨੂੰ ਬਰਾਡਬੈਂਡ ਸੇਵਾਵਾਂ ਤੋਂ ਰੋਕ ਹਟਾ ਦਿੱਤੀ ਸੀ।