48 ਘੰਟੇ ਲਈ ਇੰਟਰਨੈੱਟ ਸੇਵਾ ਬੰਦ
Thursday, Nov 28, 2024 - 11:59 PM (IST)
ਸੰਭਲ- ਉੱਤਰ ਪ੍ਰਦੇਸ਼ ਦੇ ਸੰਭਲ ਜ਼ਿਲੇ ਵਿਚ ਹਾਲ ਹੀ ਵਿਚ ਹੋਈ ਹਿੰਸਾ ਦੇ ਮਾਮਲੇ ਵਿਚ ਪੁਲਸ ਨੇ ਇਕ ਹੋਰ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸ ਨਾਲ ਇਸ ਮਾਮਲੇ ਵਿਚ ਹੁਣ ਤੱਕ ਕੁੱਲ 28 ਲੋਕ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹਨ। ਪੁਲਸ ਮੁਤਾਬਕ ਗ੍ਰਿਫਤਾਰ ਮੁਲਜ਼ਮ ਦਾ ਨਾਂ ਫਰਹਤ ਹੈ, ਜੋ ਘਟਨਾ ਦੇ ਸਮੇਂ ਹਿੰਸਾ ’ਚ ਸ਼ਾਮਲ ਸੀ। ਉਸ ਨੂੰ ਵਿਸ਼ੇਸ਼ ਟੀਮ ਨੇ ਗ੍ਰਿਫਤਾਰ ਕੀਤਾ ਅਤੇ ਹੁਣ ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਇਸ ਗ੍ਰਿਫਤਾਰੀ ਨੂੰ ਕਾਫੀ ਵੱਡੀ ਮੰਨਿਆ ਜਾ ਰਿਹਾ ਹੈ। ਮੁਲਜ਼ਮ ਨੇ ਦੰਗੇ ਤੋਂ ਬਾਅਦ ਵੀਡੀਓ ਬਣਾ ਕੇ ਸੋਸ਼ਲ ਮੀਡੀਆ ’ਤੇ ਵਾਇਰਲ ਕਰ ਦਿੱਤੀ ਸੀ। ਵਾਇਰਲ ਵੀਡੀਓ ’ਚ ਮੁਲਜ਼ਮ ਨੇ ਕਿਹਾ ਸੀ ਕਿ ਹਿੰਦੂਆਂ ਨੂੰ ਮਾਰ ਦਿਓ। ਦੂਜੇ ਪਾਸੇ ਸੰਭਲ ’ਚ ਅਗਲੇ 48 ਘੰਟਿਆਂ ਲਈ ਇੰਟਰਨੈੱਟ ਸੇਵਾ ਬੰਦ ਕਰ ਦਿੱਤੀ ਗਈ ਹੈ।
ਮੁਲਜ਼ਮਾਂ ਨੂੰ ਫੜਨ ਲਈ ਪੁਲਸ ਦੀਆਂ 30 ਟੀਮਾਂ ਬਣਾਈਆਂ ਗਈਆਂ ਹਨ। ਸੀ. ਸੀ. ਟੀ. ਵੀ. ਫੁਟੇਜ ਦੀ ਮਦਦ ਨਾਲ ਮੁਲਜ਼ਮਾਂ ਦੀ ਪਛਾਣ ਕੀਤੀ ਜਾ ਰਹੀ ਹੈ। ਦੂਜੇ ਪਾਸੇ ਬਦਮਾਸ਼ਾਂ ਦੀਆਂ 100 ਤੋਂ ਜ਼ਿਆਦਾ ਤਸਵੀਰਾਂ ਜਾਰੀ ਕੀਤੀਆਂ ਗਈਆਂ ਹਨ। ਹਿੰਸਾ ’ਚ ਸ਼ਾਮਲ ਅਤੇ ਐੱਸ. ਪੀ. ਬਿਸ਼ਨੋਈ ’ਤੇ ਗੋਲੀ ਚਲਾਉਣ ਵਾਲੇ 2 ਮੁਲਜ਼ਮਾਂ ਦੀ ਪਛਾਣ ਕਰ ਲਈ ਗਈ ਹੈ। ਹਿੰਸਾ ਤੋਂ ਬਾਅਦ ਸਥਿਤੀ ਆਮ ਵਾਂਗ ਹੋ ਗਈ ਹੈ ਅਤੇ ਬਾਜ਼ਾਰ ਵੀ ਖੁੱਲ੍ਹ ਗਏ ਹਨ ਪਰ ਮਸਜਿਦ ਦੇ ਨੇੜੇ ਦੀਆਂ ਦੁਕਾਨਾਂ ਅਜੇ ਵੀ ਬੰਦ ਹਨ।
ਨਮਾਜ਼ ਲਈ ਸੁਰੱਖਿਆ ਦੇ ਸਖਤ ਪ੍ਰਬੰਧ
ਉੱਤਰ ਪ੍ਰਦੇਸ਼ ਦੇ ਸੰਭਲ ਜ਼ਿਲੇ ਵਿਚ ਬੀਤੇ ਐਤਵਾਰ ਨੂੰ ਸ਼ਾਹੀ ਜਾਮਾ ਮਸਜਿਦ ਵਿਚ ਸਰਵੇਖਣ ਦੌਰਾਨ ਹੋਈ ਹਿੰਸਾ ਤੋਂ ਬਾਅਦ ਪੁਲਸ ਨੇ ਸ਼ੁੱਕਰਵਾਰ ਦੀ ਨਮਾਜ਼ ਤੋਂ ਇਕ ਦਿਨ ਪਹਿਲਾਂ ਵੀਰਵਾਰ ਨੂੰ ਮਸਜਿਦ ਦੇ ਨੇੜੇ ਦੇ ਖੇਤਰਾਂ ਵਿਚ ਫਲੈਗ ਮਾਰਚ ਕੀਤਾ। ਵਧੀਕ ਪੁਲਸ ਸੁਪਰਡੈਂਟ (ਏ. ਐੱਸ. ਪੀ.) ਸ਼੍ਰੀਸ਼ ਚੰਦਰ ਦੀ ਅਗਵਾਈ ਵਾਲੀ ਪੁਲਸ ਟੀਮ ਨੇ ਭੀੜ-ਭੜੱਕੇ ਵਾਲੇ ਬਾਜ਼ਾਰਾਂ ਵਿਚ ਗਸ਼ਤ ਕੀਤੀ।