ਬੰਗਲਾਦੇਸ਼ ਸਰਹੱਦ ਰਾਹੀਂ ਭਾਰਤ ’ਚ ਲਿਆਂਦੇ ਜਾ ਰਹੇ ਸਨ ਨਕਲੀ ਨੋਟ, ਔਰਤ ਸਮੇਤ 2 ਗ੍ਰਿਫਤਾਰ
Friday, Dec 09, 2022 - 12:32 PM (IST)
ਨਵੀਂ ਦਿੱਲੀ– ਨਕਲੀ ਨੋਟਾਂ ਦੇ ਸਿੰਡੀਕੇਟ ’ਚ ਸ਼ਾਮਲ ਔਰਤ ਸਮੇਤ 2 ਲੋਕਾਂ ਨੂੰ ਦਿੱਲੀ ਪੁਲਸ ਦੇ ਸਪੈਸ਼ਲ ਸੈੱਲ ਨੇ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਦੀ ਪਛਾਣ ਮਾਬੀਆ ਖਾਤੂਨ ਅਤੇ ਮੁਨੀਸ਼ ਅਹਿਮਦ ਵਜੋਂ ਹੋਈ ਹੈ। ਪੁਲਸ ਨੇ ਇਨ੍ਹਾਂ ਕੋਲੋਂ 1,97,500 ਰੁਪਏ ਦੇ ਨਕਲੀ ਨੋਟ ਬਰਾਮਦ ਕੀਤੇ ਹਨ। ਸਾਰੇ ਨੋਟ 500 ਰੁਪਏ ਦੇ ਹਨ। ਦੋਸ਼ੀਆਂ ਨੇ ਪਿਛਲੇ 2 ਸਾਲਾਂ ’ਚ 40 ਲੱਖ ਤੋਂ ਵੱਧ ਦੇ ਨਕਲੀ ਨੋਟ ਦਿੱਲੀ ਪਹੁੰਚਾ ਦਿੱਤੇ ਹਨ।
ਸੀਨੀਅਰ ਅਧਿਕਾਰੀਆਂ ਮੁਤਾਬਕ 7 ਦਸੰਬਰ ਨੂੰ ਇਸ ਰੈਕੇਟ ’ਚ ਸ਼ਾਮਲ ਲੋਕਾਂ ਬਾਰੇ ਇਨਪੁਟ ਮਿਲਿਆ ਸੀ, ਜਿਸ ਤੋਂ ਬਾਅਦ ਪੁਲਸ ਨੇ ਦੋਵਾਂ ਦੋਸ਼ੀਆਂ ਨੂੰ ਆਨੰਦ ਵਿਹਾਰ ਰੇਲਵੇ ਸਟੇਸ਼ਨ ਤੋਂ ਗ੍ਰਿਫਤਾਰ ਕਰ ਲਿਆ। ਬਰਾਮਦ ਕੀਤੇ ਗਏ ਨਕਲੀ ਨੋਟ ਬਹੁਤ ਵਧੀਆ ਕੁਆਲਿਟੀ ਦੇ ਹਨ। ਉਨ੍ਹਾਂ ’ਚ ਅਸਲੀ ਅਤੇ ਨਕਲੀ ਦਾ ਫਰਕ ਕਰਨਾ ਮੁਸ਼ਕਲ ਹੈ। ਜਾਂਚ ’ਚ ਸਾਹਮਣੇ ਆਇਆ ਹੈ ਕਿ ਰੈਕੇਟ ਨੋਟਾਂ ਦੀ ਸਿਪਲਾਈ ਦੇ ਕਾਰੋਬਾਰਾਂ ’ਚ ਪਿਛਲੇ 5 ਸਾਲਾਂ ਤੋਂ ਸ਼ਾਮਲ ਹੈ। ਇਸ ’ਤੇ 4 ਅਪਰਾਧਿਕ ਮਾਮਲੇ ਦਰਜ ਹਨ, ਜਿਨ੍ਹਾਂ ’ਚੋਂ 3 ਨਕਲੀ ਨੋਟਾਂ ਦੀ ਸਮੱਗਲਿੰਗ ਨਾਲ ਜੁੜੇ ਹਨ। ਸਾਲ 2015 ’ਚ ਉਹ ਆਪਣੇ 2 ਸਾਥੀਆਂ ਸਮੇਤ ਰੋਹਿਣੀ ’ਚ ਗ੍ਰਿਫ਼ਤਾਰ ਹੋਇਆ ਸੀ ਤਾਂ ਉਸ ਕੋਲੋਂ 52 ਹਜ਼ਾਰ ਰੁਪਏ ਬਰਾਮਦ ਕੀਤੇ ਗਏ ਸਨ। ਫਿਰ ਸਾਲ 2018 ’ਚ ਉਸ ਨੂੰ ਕ੍ਰਾਈਮ ਬ੍ਰਾਂਚ ਨੇ ਗ੍ਰਿਫਤਾਰ ਕੀਤਾ ਸੀ, ਉਸ ਸਮੇਂ ਇਸ ਕੋਲੋਂ 1,60,000 ਦੇ ਨਕਲੀ ਨੋਟ ਬਰਾਮਦ ਕੀਤੇ ਗਏ ਸਨ। ਇਸ ਤੋਂ ਬਾਅਦ ਸਾਲ 2020 ’ਚ ਕੋਟਲਾ ਮੁਬਾਰਕਪੁਰ ’ਚ ਮੁਨੀਸ਼ ਅਤੇ ਉਸ ਦੇ 2 ਸਾਥੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ।
ਇਸ ਕੋਲੋਂ 62000 ਦੇ ਨਕਲੀ ਨੋਟ ਬਰਾਮਦ ਕੀਤੇ ਗਏ ਸਨ। ਇਸ ਤੋਂ ਇਲਾਵਾ ਮੁਨੀਸ਼ ’ਤੇ ਜਬਰੀ ਵਸੂਲੀ ਦਾ ਮਾਮਲਾ ਵੀ ਦਰਜ ਹੈ। ਮਾਬੀਆ ਖਾਤੂਨ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਸ ਨੂੰ ਨਕਲੀ ਨੋਟਾਂ ਦੀ ਖੇਪ ਬੰਗਾਲ ਮਾਲਦਾ ’ਚ ਇਕ ਵਿਅਕਤੀ ਤੋਂ ਮਿਲੀ ਸੀ, ਇਸ ਨੂੰ ਉਹ ਡਿਲਵਰੀ ਕਰਨ ਲਈ ਮੁਨੀਸ਼ ਅਹਿਮਦ ਕੋਲ ਆਈ ਸੀ। ਪਿਛਲੇ 2 ਸਾਲਾਂ ’ਚ ਉਹ 40 ਲੱਖ ਨਕਲੀ ਨੋਟਾਂ ਦੀਆਂ 10 ਖੇਪਾਂ ਮੁਨੀਸ਼ ਅਹਿਮਦ ਨੂੰ ਸਪਲਾਈ ਕਰ ਚੁੱਕੀ ਹੈ। ਉਹ ਰੇਲ ਰਾਹੀਂ ਬੰਗਾਲ ਤੋਂ ਦਿੱਲੀ ਜਾਂਦੀ ਹੈ।