ਕੌਮਾਂਤਰੀ ਉਡਾਣਾਂ ਦੇ ਸ਼ੁਰੂ ਹੋਣ ਲਈ ਅਜੇ ਕਰਨਾ ਪਏਗਾ ਹੋਰ ਇੰਤਜ਼ਾਰ, 15 ਜੁਲਾਈ ਤੱਕ ਜਾਰੀ ਰਹੇਗੀ ਪਾਬੰਦੀ
Saturday, Jun 27, 2020 - 09:46 AM (IST)
ਨਵੀਂ ਦਿੱਲੀ : ਕੋਰੋਨਾ ਦੇ ਚਲਦੇ ਕੌਮਾਂਤਰੀ ਉਡਾਣਾਂ ਨੂੰ ਲੈ ਕੇ ਵੀ ਸਰਕਾਰ ਦਾ ਫੈਸਲਾ ਆ ਗਿਆ ਹੈ। ਸਰਕਾਰ ਦੇ ਫੈਸਲੇ ਮੁਤਾਬਕ 15 ਜੁਲਾਈ ਤੱਕ ਭਾਰਤ ਤੋਂ ਅਤੇ ਭਾਰਤ ਲਈ ਕੌਮਾਂਤਰੀ ਵਪਾਰਕ ਉਡਾਣ ਸੇਵਾ 'ਤੇ ਪਾਬੰਦੀ ਲੱਗੀ ਰਹੇਗੀ। ਹਾਲਾਂਕਿ ਇਹ ਪਾਬੰਦੀ ਕਾਰਗੋ ਆਪਰੇਸ਼ਨ (ਮਾਲ ਢੁਲਾਈ) ਅਤੇ ਡੀ.ਜੀ.ਸੀ.ਏ. (ਸ਼ਹਿਰੀ ਹਵਾਬਾਜ਼ੀ ਦੇ ਡਾਇਰੈਕਟਰ ਜਨਰਲ) ਵਲੋਂ ਇਜਾਜ਼ਤ ਪ੍ਰਾਪਤ ਉਡਾਣਾਂ 'ਤੇ ਲਾਗੂ ਨਹੀਂ ਹੋਵੇਗੀ।
The scheduled International commercial passenger services to/from India shall remain suspended till 15th July: Government of India #COVID19 pic.twitter.com/zhvrlDBTdz
— ANI (@ANI) June 26, 2020
ਸ਼ਹਿਰੀ ਹਵਾਬਾਜ਼ੀ ਦੇ ਡਾਇਰੈਕਟਰ ਜਨਰਲ (ਡੀ.ਜੀ.ਸੀ.ਏ.) ਦੇ ਸਰਕੂਲਰ ਅਨੁਸਾਰ, ਅਥਾਰਟੀ ਨੇ ਫ਼ੈਸਲਾ ਕੀਤਾ ਹੈ ਕਿ ਭਾਰਤ ਤੋਂ ਕੌਮਾਂਤਰੀ ਵਪਾਰਕ ਯਾਤਰੀ ਸੇਵਾਵਾਂ 15 ਜੁਲਾਈ, 2020 ਨੂੰ ਰਾਤ 11.59 ਵਜੇ ਤੱਕ ਮੁਅੱਤਲ ਰਹਿਣਗੀਆਂ। ਇਸ ਵਿਚ ਕਿਹਾ ਗਿਆ ਹੈ, ਹਾਲਾਂਕਿ ਅਥਾਰਟੀ ਕੇਸ ਦੇ ਆਧਾਰ 'ਤੇ ਚੁਣੇ ਰੂਟਾਂ 'ਤੇ ਕੌਮਾਂਤਰੀ ਯਾਤਰੀ ਉਡਾਣਾਂ ਨੂੰ ਉਡਾਣ ਭਰਨ ਦੀ ਇਜਾਜ਼ਤ ਦੇ ਸਕਦੀ ਹੈ। ਏਅਰ ਇੰਡੀਆ ਅਤੇ ਹੋਰ ਨਿੱਜੀ ਘਰੇਲੂ ਏਅਰਲਾਈਨਜ਼ ਵੰਦੇ ਭਾਰਤ ਮਿਸ਼ਨ ਦੇ ਤਹਿਤ ਕੌਮਾਂਤਰੀ ਉਡਾਣਾਂ ਦਾ ਸੰਚਾਲਨ ਕਰ ਰਹੀਆਂ ਹਨ।
ਦੱਸ ਦੇਈਏ ਕਿ ਕੇਂਦਰ ਸਰਕਾਰ ਨੇ ਵਿਦੇਸ਼ਾਂ ਵਿਚ ਫਸੇ ਹੋਏ ਭਾਰਤੀਆਂ ਨੂੰ ਲਿਆਉਣ ਅਤੇ ਇੱਥੇ ਰੁਕੇ ਵਿਦੇਸ਼ੀਆਂ ਨੂੰ ਉਨ੍ਹਾਂ ਦੇ ਦੇਸ਼ ਪਹੁੰਚਾਣ ਲਈ 6 ਮਈ ਨੂੰ ਮਿਸ਼ਨ ਦੀ ਸ਼ੁਰੂਆਤ ਕੀਤੀ ਸੀ। ਸ਼ਹਿਰੀ ਹਵਾਬਾਜ਼ੀ ਮੰਤਰਾਲਾ ਨੇ 25 ਮਈ ਤੋਂ ਘਰੇਲੂ ਯਾਤਰੀ ਉਡਾਣ ਸੇਵਾਵਾਂ ਨੂੰ ਬਹਾਲ ਕੀਤਾ ਸੀ। ਜ਼ਿਕਰਯੋਗ ਹੈ ਕਿ ਦੇਸ਼ ਵਿਚ ਕੋਰੋਨਾ ਮਹਾਮਾਰੀ ਨੂੰ ਰੋਕਣ ਲਈ 25 ਮਾਰਚ ਨੂੰ ਰਾਸ਼ਟਰਵਿਆਪੀ ਤਾਲਾਬੰਦੀ ਲਗਾਈ ਗਈ ਸੀ। ਇਸ ਦੌਰਾਨ ਰੇਲ ਅਤੇ ਜਹਾਜ਼ ਸਮੇਤ ਹਰ ਪ੍ਰਕਾਰ ਦੇ ਟ੍ਰਾਂਸਪੋਰਟ 'ਤੇ ਪਾਬੰਦੀ ਲਗਾ ਦਿੱਤੀ ਗਈ ਸੀ। ਹਾਲਾਂਕਿ 31 ਮਈ ਦੇ ਬਾਅਦ ਸਰਕਾਰ ਨੇ ਤਾਲਾਬੰਦੀ ਵਿਚ ਚਰਣਬੱਧ ਤਰੀਕੇ ਨਾਲ ਢਿੱਲ ਦੇਣੀ ਸ਼ੁਰੂ ਕੀਤੀ ਹੈ, ਜਿਸ ਦੇ ਤਹਿਤ ਘਰੇਲੂ ਉਡਾਣਾਂ ਨੂੰ ਉਡਾਣ ਭਰਨ ਦੀ ਇਜਾਜ਼ਤ ਦੇ ਦਿੱਤੀ ਗਈ ਹੈ।