ਸਮੁੰਦਰ ’ਚ ਵਧੇਗੀ ਭਾਰਤ ਦੀ ਤਾਕਤ, ਮੁੰਬਈ ’ਚ ਲਾਂਚ ਹੋਈ INS ‘ਵਗਸ਼ੀਰ’ ਪਣਡੁੱਬੀ
Thursday, Apr 21, 2022 - 11:03 AM (IST)
ਮੁੰਬਈ– ਮੁੰਬਈ ਵਿਚ ਮਝਗਾਓਂ ਡਾਕ ਸ਼ਿਪਬਿਲਡਰਸ ਨੇ ਬੁੱਧਵਾਰ ਨੂੰ ਆਈ. ਐੱਨ. ਐੱਸ. ‘ਵਗਸ਼ੀਰ’ ਨੂੰ ਲਾਂਚ ਕੀਤਾ। ਇਹ ‘ਪ੍ਰਾਜੈਕਟ 75’ ਤਹਿਤ ਛੇਵੀਂ ਅਤੇ ਆਖਰੀ ਪਣਡੁੱਬੀ ਹੈ। ਰੱਖਿਆ ਸਕੱਤਰ ਅਜੇ ਕੁਮਾਰ ਨੇ ਇਸ ਪਣਡੁੱਬੀ ਦੀ ਲੈਂਡਿੰਗ ਕੀਤੀ। ਲਗਭਗ ਇਕ ਸਾਲ ਤੱਕ ਪਣਡੁੱਬੀ ਦੇ ਵਿਆਪਕ ਸਖਤ ਪ੍ਰੀਖਣ ਹੋਣਗੇ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਇਹ ਯੁੱਧ ਲਈ ਪੂਰੀ ਤਰ੍ਹਾਂ ਨਾਲ ਸਮਰੱਥ ਹੋਵੇ।
ਹਿੰਦ ਮਹਾਸਾਗਰ ਵਿਚ ਡੂੰਘੇ ਪਾਣੀ ਦੀ ਸਮੁੰਦਰੀ ਸ਼ਿਕਾਰੀ ਕਹਾਉਣ ਵਾਲੀ ਸੈਂਡਫਿਸ਼ ਦੇ ਨਾਂ ’ਤੇ ਇਸ ਦਾ ਨਾਂ ‘ਵਗਸ਼ੀਰ’ ਰੱਖਿਆ ਗਿਆ ਹੈ। ‘ਪ੍ਰਾਜੈਕਟ 75’ ਤਹਿਤ ਪਹਿਲੀ ‘ਵਗਸ਼ੀਰ’ ਪਣਡੁੱਬੀ ਦੀ ਦਸੰਬਰ 1974 ਵਿਚ ਲੈਂਡਿੰਗ ਕੀਤੀ ਗਈ ਸੀ ਅਤੇ 1997 ਵਿਚ ਇਸ ਨੂੰ ਸੇਵਾ ਤੋਂ ਹਟਾ ਦਿੱਤਾ ਗਿਆ ਸੀ। ਨਵੀਂ ਪਣਡੁੱਬੀ ਇਸ ਦੇ ਪੁਰਾਣੇ ਮਾਡਲ ਦਾ ਨਵਾਂ ਰੂਪ ਹੈ। ਜਹਾਜ਼/ਪਣਡੁੱਬੀ ਦੇ ਸੇਵਾਮੁਕਤ ਹੋਣ ਤੋਂ ਬਾਅਦ ਨਵੇਂ ਜਹਾਜ਼/ਪਣਡੁੱਬੀ ਨੂੰ ਪੁਰਾਣੇ ਵਾਲੇ ਨਾਂ ਤੋਂ ਹੀ ਸੇਵਾ ਵਿਚ ਸ਼ਾਮਲ ਕੀਤਾ ਜਾਂਦਾ ਹੈ।