ਭਾਰਤ-ਫਰਾਂਸ ਮਗਰੋਂ ਸੜਕਾਂ ''ਤੇ ਉਤਰੇ ਇਸ ਦੇਸ਼ ਦੇ ਵਿਦਿਆਰਥੀ ! PMO ਤੇ ਬੈਂਕਾਂ ''ਚ ਲਾ''ਤੀ ਅੱਗ
Saturday, Oct 17, 2026 - 10:01 AM (IST)
ਇੰਟਰਨੈਸ਼ਨਲ ਡੈਸਕ- ਅਲਬਾਨੀਆ ਦੀ ਰਾਜਧਾਨੀ ਤਿਰਾਨਾ 'ਚ ਮਹਿੰਗੀ ਸਿੱਖਿਆ ਅਤੇ ਖ਼ਰਾਬ ਸਹੂਲਤਾਂ ਖ਼ਿਲਾਫ਼ ਹੁਣ ਵਿਦਿਆਰਥੀ ਸੜਕਾਂ ’ਤੇ ਉੱਤਰ ਆਏ ਹਨ। ਵਿਦਿਆਰਥੀ ਪ੍ਰਧਾਨ ਮੰਤਰੀ ਏਦੀ ਰਾਮਾ ਦੇ ਅਸਤੀਫ਼ੇ ਦੀ ਮੰਗ ਕਰ ਰਹੇ ਹਨ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਪ੍ਰਧਾਨ ਮੰਤਰੀ ਦਫ਼ਤਰ, ਸਰਕਾਰੀ ਇਮਾਰਤਾਂ ਅਤੇ ਕਈ ਬੈਂਕਾਂ ’ਚ ਅੱਗ ਲਾ ਦਿੱਤੀ।
ਭੀੜ ਨੂੰ ਹਟਾਉਣ ਲਈ ਪੁਲਸ ਨੇ ਅੱਥਰੂ ਗੈਸ ਅਤੇ ਪਾਣੀ ਦੀ ਵਰਤੋਂ ਕੀਤੀ। ਇਸ ਦੌਰਾਨ ਦਰਜਨਾਂ ਪੁਲਸ ਕਰਮਚਾਰੀ ਅਤੇ ਪ੍ਰਦਰਸ਼ਨਕਾਰੀ ਜ਼ਖ਼ਮੀ ਹੋ ਗਏ। ਅਲਬਾਨੀਆ ਵਿਚ ਜਾਰੀ ਇਹ ਵਿਰੋਧ ਅਜਿਹੇ ਸਮੇਂ ਹੋ ਰਿਹਾ ਹੈ, ਜਦੋਂ ਭਾਰਤ, ਫਰਾਂਸ, ਜਰਮਨੀ ਸਮੇਤ ਦੁਨੀਆ ਦੇ ਕੁਲ 11 ਦੇਸ਼ਾਂ ਵਿਚ ਵਿਦਿਆਰਥੀ ਆਪਣੀਆਂ ਮੰਗਾਂ ਨੂੰ ਲੈ ਕੇ ਅੰਦੋਲਨ ਕਰ ਰਹੇ ਹਨ।

ਹਾਲਾਂਕਿ ਅਲਬਾਨੀਆ 'ਚ ਵਿਦਿਆਰਥੀਆਂ ਦੀ ਨਾਰਾਜ਼ਗੀ ਅਚਾਨਕ ਨਹੀਂ ਵਧੀ ਹੈ। ਉਹ ਕਈ ਮਹੀਨਿਆਂ ਤੋਂ ਪੜ੍ਹਾਈ ਦੇ ਵਧਦੇ ਖ਼ਰਚੇ ਅਤੇ ਡਿਗਰੀ ਲੈਣ ਤੋਂ ਬਾਅਦ ਨੌਕਰੀ ਮਿਲਣ ਦੀਆਂ ਘੱਟ ਸੰਭਾਵਨਾਵਾਂ ਨੂੰ ਲੈ ਕੇ ਆਵਾਜ਼ ਉਠਾ ਰਹੇ ਹਨ। ਵਿਦਿਆਰਥੀਆਂ ਦਾ ਕਹਿਣਾ ਹੈ ਕਿ ਸਿੱਖਿਆ ਮਹਿੰਗੀ ਹੁੰਦੀ ਜਾ ਰਹੀ ਹੈ, ਜਦਕਿ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਵੀ ਰੋਜ਼ਗਾਰ ਦੇ ਪੂਰੇ ਮੌਕੇ ਨਹੀਂ ਮਿਲ ਰਹੇ ਹਨ।

ਟਰੰਪ ਦੇ ਜਵਾਈ ਦੇ ਲਗਜ਼ਰੀ ਰਿਜ਼ਾਰਟ ਬਣਾਉਣ ਦਾ ਵੀ ਵਿਰੋਧ
ਏਦੀ ਰਾਮਾ 2013 ਤੋਂ ਅਲਬਾਨੀਆ ਦੇ ਪ੍ਰਧਾਨ ਮੰਤਰੀ ਹਨ। ਪਿਛਲੇ ਸਾਲ ਮਈ ਵਿਚ ਉਹ ਚੌਥੀ ਵਾਰ ਇਸ ਅਹੁਦੇ ’ਤੇ ਚੁਣੇ ਗਏ ਸਨ। ਹਾਲਾਂਕਿ, ਇਸ ਤੋਂ ਬਾਅਦ ਉਨ੍ਹਾਂ ਦੀ ਸਰਕਾਰ ਦੇ ਸੀਨੀਅਰ ਅਧਿਕਾਰੀਆਂ ’ਤੇ ਲੱਗੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਨੂੰ ਲੈ ਕੇ ਲੋਕਾਂ ਵਿਚ ਨਾਰਾਜ਼ਗੀ ਵਧੀ ਹੈ। ਸਰਕਾਰ ਖ਼ਿਲਾਫ਼ ਵਿਰੋਧ ਕੁਝ ਮਹੀਨੇ ਪਹਿਲਾਂ ਹੀ ਸ਼ੁਰੂ ਹੋ ਗਿਆ ਸੀ। ਇਸ ਦੀ ਇਕ ਵਜ੍ਹਾ ਦੇਸ਼ ਦੇ ਦੱਖਣੀ ਤੱਟ ’ਤੇ ਲਗਜ਼ਰੀ ਰਿਜ਼ਾਰਟ ਬਣਾਉਣ ਦੀ ਯੋਜਨਾ ਵੀ ਹੈ। ਇਸ ਪ੍ਰਾਜੈਕਟ ਨਾਲ ਅਮਰੀਕੀ ਰਾਸ਼ਟਰਪਤੀ ਟਰੰਪ ਦੇ ਜਵਾਈ ਜੈਰੇਡ ਕੁਸ਼ਨਰ ਜੁੜੇ ਹੋਏ ਹਨ। ਪ੍ਰਧਾਨ ਮੰਤਰੀ ਰਾਮਾ ਨੇ ਅਸਤੀਫ਼ੇ ਦੀ ਮੰਗ ਰੱਦ ਕਰ ਦਿੱਤੀ। ਉਨ੍ਹਾਂ ਕਿਹਾ ਕਿ ਸਰਕਾਰਾਂ ਲੋਕਤੰਤਰੀ ਚੋਣਾਂ ਨਾਲ ਬਦਲਦੀਆਂ ਹਨ। ਪਿਛਲੇ ਸਾਲ ਦੇਸ਼ ਵਿਚ ਚੋਣਾਂ ਹੋਈਆਂ ਸਨ, ਕ੍ਰਾਂਤੀ ਨਹੀਂ।
ਇਹ ਵੀ ਪੜ੍ਹੋ- ਭਾਰਤ 'ਤੇ ਟੈਰਿਫ਼ ਲਗਾਉਣ ਵਾਲੇ ਕਾਨੂੰਨ 'ਤੇ ਲੱਗੀ ਰੋਕ ! ਰਾਸ਼ਟਰਪਤੀ ਟਰੰਪ ਨੇ ਕੀਤਾ ਐਲਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
