ਭਾਰਤ ਦੀ ਹੋਰ ਤਾਕਤ ਵਧਾਉਣ ਲਈ ਜਲ ਸੈਨਾ ''ਚ ਸ਼ਾਮਲ ਹੋਇਆ ''INS ਕਵਰੱਤੀ''
Thursday, Oct 22, 2020 - 04:38 PM (IST)
ਵਿਸ਼ਾਖ਼ਾਪਟਨਮ (ਭਾਸ਼ਾ)— ਥਲ ਸੈਨਾ ਮੁਖੀ ਜਨਰਲ ਐੱਮ. ਐੱਮ. ਨਰਵਾਣੇ ਨੇ ਵੀਰਵਾਰ ਨੂੰ ਇੱਥੇ ਜਲ ਸੈਨਾ ਡਾਕਯਾਰਡ 'ਚ ਲੜਾਕੂ ਜਹਾਜ਼ ਆਈ. ਐੱਨ. ਐੱਸ. ਕਵਰੱਤੀ ਨੂੰ ਭਾਰਤੀ ਜਲ ਸੈਨਾ ਵਿਚ ਸ਼ਾਮਲ ਕੀਤਾ। ਆਈ. ਐੱਨ. ਐੱਸ. ਕਵਰੱਤੀ ਪ੍ਰਾਜੈਕਟ-28 ਤਹਿਤ ਦੇਸ਼ੀ ਚਾਰ ਜਹਾਜ਼ਾਂ ਵਿਚੋਂ ਆਖ਼ਰੀ ਜਹਾਜ਼ ਹੈ ਅਤੇ ਇਸ ਦਾ ਡਿਜ਼ਾਈਨ ਜਲ ਸੈਨਾ ਦੀ ਸ਼ਾਖਾ ਨੇਵਲ ਡਿਜ਼ਾਈਨ ਡਾਇਰੈਕਟੋਰੇਟ ਵਲੋਂ ਡਿਜ਼ਾਈਨ ਕੀਤਾ ਗਿਆ ਹੈ।
ਆਈ. ਐੱਨ. ਐੱਸ. ਕਵਰੱਤੀ ਅਤਿਆਧੁਨਿਕ ਹਥਿਆਰਾਂ ਨਾਲ ਲੈੱਸ ਹੈ ਅਤੇ ਇਹ ਸੈਂਸਰ ਜ਼ਰੀਏ ਪਣਡੁੱਬੀਆਂ ਦਾ ਪਤਾ ਲਾਉਣ ਵਿਚ ਸਮਰੱਥ ਹੈ। ਐਂਟੀ-ਪਣਡੁੱਬੀ ਯੁੱਧ ਨਾਲ ਲੈੱਸ ਹੋਣ ਕਾਰਨ ਨਾਲ ਇਸ ਜਹਾਜ਼ ਨੂੰ ਲੰਬੀ ਤਾਇਨਾਤੀ 'ਤੇ ਭੇਜਿਆ ਜਾ ਸਕਦਾ ਹੈ। ਇਸ ਵਿਚ ਅਜਿਹੀ ਤਕਨੀਕ ਦਾ ਇਸਤੇਮਾਲ ਕੀਤਾ ਗਿਆ ਹੈ ਕਿ ਇਹ ਦੁਸ਼ਮਣਾਂ ਦੀ ਨਜ਼ਰ ਤੋਂ ਬਚ ਕੇ ਨਿਕਲ ਸਕਦਾ ਹੈ।
ਜਲ ਸੈਨਾ ਮੁਤਾਬਕ ਜਹਾਜ਼ ਵਿਚ 90 ਫ਼ੀਸਦੀ ਤੱਕ ਦੇਸੀ ਸਾਮਾਨ ਦਾ ਇਸਤੇਮਾਲ ਹੋਇਆ ਹੈ ਅਤੇ ਇਸ 'ਚ ਢਾਂਚਾ ਦੇ ਨਿਰਮਾਣ ਵਿਚ ਕਾਰਬਨ ਕੰਪੋਜ਼ਿਟ ਇਸਤੇਮਾਲ ਕੀਤਾ ਗਿਆ। ਕਵਰੱਤੀ ਨੂੰ ਸ਼ਾਮਲ ਕਰਨ ਨਾਲ ਭਾਰਤੀ ਜਲ ਸੈਨਾ ਦੀ ਸਮਰੱਥਾ ਵਿਚ ਇਜ਼ਾਫਾ ਹੋਵੇਗਾ। ਜਲ ਸੈਨਾ ਨੇ ਕਿਹਾ ਹੈ ਕਿ ਗਾਰਡਨ ਰਿਚ ਸ਼ਿੱਪਬਿਲਡਰਸ ਅਤੇ ਇੰਜੀਨੀਅਰਜ਼, ਕੋਲਕਾਤਾ ਨੇ ਇਹ ਜੰਗੀ ਜਹਾਜ਼ ਤਿਆਰ ਕੀਤਾ ਹੈ। ਪੂਰਬੀ ਜਲ ਸੈਨਾ ਕਮਾਨ ਦੇ ਫਲੈਗ ਅਫ਼ਸਰ ਕਮਾਂਡਿੰਗ-ਇਨ-ਚੀਫ਼ ਵਾਇਰਸ ਐਡਮਿਰਲ ਅਤੁਲ ਕੁਮਾਰ ਜੈਨ, ਜੀ. ਆਰ. ਐੱਸ. ਈ. ਦੇ ਪ੍ਰਧਾਨ ਅਤੇ ਮੈਨੇਜਿੰਗ ਡਾਇਰੈਕਟਰ ਅਤੇ ਹੋਰ ਅਧਿਕਾਰੀ ਪ੍ਰੋਗਰਾਮ ਵਿਚ ਮੌਜੂਦ ਸਨ।